ਦਰਬਾਰ ਸਾਹਿਬ ਨੂੰ ਜਾਂਦਾ ਮੁੱਖ ਰਸਤਾ ਡਿਪਟੀ ਕਮਿਸ਼ਨਰ ਨੇ ਕੀਤਾ ਅਡਾਪਟ


ਅੰਮ੍ਰਿਤਸਰ , 5 ਜੁਲਾਈ 2025 ( ਹਰਪਾਲ ਲਾਡਾ ): ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ਉੱਤੇ ਆਉਂਦੀਆਂ ਸਮੱਸਿਆਵਾਂ ਨੂੰ ਦੂਰ ਕਰਨ, ਉਹਨਾਂ ਨੂੰ ਸੁਰੱਖਿਅਤ ਅਤੇ ਸੋਹਣਾ ਬਣਾਉਣ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗਈ ਅਗਵਾਈ ਤਹਿਤ ਪਹਿਲਕਦਮੀ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਤੈਨਾਤ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ, ਵਧੀਕ ਡਿਪਟੀ ਕਮਿਸ਼ਨਰਾਂ , ਐਸਡੀਐਮਜ਼, ਤਹਿਸੀਲਦਾਰ ਨੂੰ ਜ਼ਿਲ੍ਹੇ ਦੇ ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ਅਡਾਪਟ ਕਰਵਾ ਦਿੱਤੀਆਂ ਹਨ। ਜਾਰੀ ਕੀਤੇ ਹੁਕਮਾਂ ਵਿੱਚ ਉਨਾਂ ਨੇ ਹਦਾਇਤ ਕੀਤੀ ਕਿ ਉਕਤ ਅਧਿਕਾਰੀ ਰੋਜ਼ਾਨਾ ਇਨਾਂ ਮੁੱਖ ਸੜ੍ਹਕਾਂ ਦਾ ਨਿਰੀਖਣ ਕਰਨਗੇ ਅਤੇ ਇਸ ਸੜਕ ਦੀ ਟੁੱਟ ਭੱਜ, ਪਲਾਂਟੇਸ਼ਨ, ਰੈਡ ਲਾਈਟਾਂ, ਚੌਂਕਾਂ, ਸੂਚਨਾ ਬੋਰਡ, ਰਿਫਲੈਕਟਰਾਂ, ਸਟਰੀਟ ਲਾਈਟਾਂ ਆਦਿ ਦੀ ਰਿਪੋਰਟ ਦੇਣਗੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੇ ਖੁਦ ਟਾਊਨ ਹਾਲ ਤੋਂ ਦਰਬਾਰ ਸਾਹਿਬ ਦੇ ਰਸਤੇ ਦੀ ਜਿੰਮੇਵਾਰੀ ਲਈ ਹੈ ਜਦਕਿ ਕਮਿਸ਼ਨਰ ਕਾਰਪੋਰੇਸ਼ਨ ਨੇ ਹਾਲਗੇਟ ਤੋਂ ਟਾਊਨ ਹਾਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਕ੍ਰਿਸਟਲ ਚੌਂਕ ਤੋਂ ਟ੍ਰੀਲੀਅਮ ਮਾਲ, ਏਡੀਸੀ ਯੂ.ਡੀ. ਨੇ ਕੋਰਟ ਰੋਡ, ਏਡੀਸੀ ਪੇਂਡੂ ਵਿਕਾਸ ਨੇ ਸੈਲੀਬਰੇਸ਼ਨ ਚੋਂਕ ਤੋਂ ਕਿਚਲੂ ਚੌਂਕ, ਵਧੀਕ ਕਮਿਸ਼ਨਰ ਨਗਰ ਨਿਗਮ ਨੇ ਭੰਡਾਰੀ ਪੁੱਲ ਤੋਂ ਗੋਬਿੰਦਗੜ੍ਹ ਕਿਲਾ ਲੋਹਗੜ੍ਹ ਚੌਂਕ, ਸੰਯੁਕਤ ਕਮਿਸ਼ਨਰ ਨਗਰ ਨਿਗਮ ਨੇ ਭੰਡਾਰੀ ਪੁੱਲ ਤੋਂ ਇੰਡੀਆ ਗੇਟ ਦੀ ਜਿੰਮੇਵਾਰੀ ਲਈ ਹੈ।

ਇਸਦੇ ਨਾਲ ਹੀ ਵਧੀਕ ਮੁੱਖ ਪ੍ਰਸ਼ਾਸ਼ਕ ਪੁੱਡਾ ਨੂੰ ਬੱਸ ਸਟੈਂਡ ਤੋਂ ਸ੍ਰੀ ਹਰਿਮੰਦਰ ਸਾਹਿਬ, ਐਸ.ਡੀ.ਐਮ.-1 ਫਤਿਹਗੜ੍ਹ ਚੂੜੀਆਂ ਰੋਡ ਤੋਂ ਗੁਰੂ ਗੋਬਿੰਦ ਸਿੰਘ ਚੌਂਕ, ਐਸ.ਡੀ.ਐਮ. -2 ਨੂੰ ਕਪੂਰ ਰੋਡ ਤੋਂ ਕਿਚਲੂ ਚੌਂਕ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਨਾਂ ਹੁਕਮਾਂ ਵਿੱਚ ਸਹਾਇਕ ਕਮਿਸ਼ਨਰ ਟੈਕਸਾਂ, ਈ.ਓ. ਪੁੱਡਾ, ਤਹਿਸੀਲਦਾਰਾਂ, ਡੀ.ਐਫ.ਐਸ.ਸੀ., ਜਿਲ੍ਹਾ ਮੰਡੀ ਅਫ਼ਸਰ, ਐਕਸੀਐਨ, ਡੀ.ਈ.ਓ., ਜੀ.ਐਮ. ਰੋਡਵੇਜ਼, ਰੀਜ਼ਨਲ ਟਰਾਂਸਪੋਰਟ ਅਥਾਰਿਟੀ,ਡੀਡੀਪੀਓ. , ਜਿਲ੍ਹਾ ਮਾਲ ਅਫ਼ਸਰ, ਨਗਰ ਕੌਂਸਲਾਂ ਦੇ ਈ.ਓ., ਬੀ.ਡੀ.ਪੀ.ਓ. ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਿਲ੍ਹੇ ਵਿੱਚ ਪੈਂਦੀਆਂ ਸੜ੍ਹਕਾਂ ਦੀ ਵੰਢ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਅਧਿਕਾਰੀ ਆਪਣੇ ਆਪਣੇ 10 ਕਿਲੋਮੀਟਰ ਦੇ ਹਿੱਸੇ ਵਿੱਚ ਸੜਕ ਦੀ ਟੁੱਟ ਭੱਜ, ਪਲਾਂਟੇਸ਼ਨ, ਰੈਡ ਲਾਈਟਾਂ, ਚੌਂਕਾਂ, ਸੂਚਨਾ ਬੋਰਡ, ਰਿਫਲੈਕਟਰਾਂ, ਸਟਰੀਟ ਲਾਈਟਾਂ ਆਦਿ ਲਈ ਜਿੰਮੇਵਾਰ ਹੋਣਗੇ। ਉਹ ਇਸ ਇਲਾਕੇ ਵਿੱਚ ਜੋ ਵੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਮਹਿਸੂਸ ਕਰਨਗੇ ਉਹ ਸੰਬੰਧਿਤ ਵਿਭਾਗ ਕੋਲੋਂ ਕਰਵਾਉਣਗੇ।

ਇਸ ਦੇ ਨਾਲ ਹੀ ਉਹ ਅਜਿਹੇ ਸਥਾਨ ਜਿੱਥੇ ਸੜਕ ਦੁਰਘਟਨਾਵਾਂ ਵੱਧ ਹੁੰਦੀਆਂ ਹਨ ਦੀ ਸ਼ਨਾਖਤ ਕਰਕੇ ਉੱਥੇ ਕੀਤੀ ਜਾਣ ਵਾਲੀ ਤਬਦੀਲੀ ਟਰੈਫਿਕ ਪੁਲਿਸ ਨਾਲ ਸਲਾਹ ਕਰਕੇ ਕਰਵਾਉਣਗੇ ਤਾਂ ਜੋ ਲੋਕਾਂ ਦਾ ਸਫਰ ਸੁਰੱਖਿਤ ਹੋ ਸਕੇ। ਉਨਾਂ ਦੱਸਿਆ ਕਿ ਫਿਲਹਾਲ ਅਸੀਂ ਜ਼ਿਲ੍ਹੇ ਵਿੱਚ ਪਹਿਲੇ ਪੜਾਅ ਅਧੀਨ 41 ਸੜਕਾਂ ਅਡਾਪਟ ਕਰਵਾਈਆਂ ਹਨ ਅਤੇ ਭਵਿੱਖ ਵਿੱਚ ਹੋਰ ਵਾਧਾ ਕੀਤਾ ਜਾਵੇਗਾ।




