Hoshairpur

ਜਿਲਾ ਸਿਹਤ ਅਫ਼ਸਰ ਅਤੇ ਫੂਡ ਸੇਫਟੀ ਟੀਮ ਵਲੋਂ ਚੈਕਿੰਗ ਦੌਰਾਨ ਵੱਖ-ਵੱਖ ਖਾਧ ਪਦਾਰਥਾਂ ਦੇ ਭਰੇ ਗਏ 9 ਸੈੰਪਲ

ਹੁਸ਼ਿਆਰਪੁਰ 28 ਜੂਨ 2025 ( ਹਰਪਾਲ ਲਾਡਾ ): ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ੍ਰੀ ਦਿਲਰਾਜ ਸਿੰਘ ਆਈਏਐਸ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਹੁਕਮਾਂ ਅਤੇ ਜ਼ਿਲਾ ਸਿਹਤ ਅਫ਼ਸਰ ਡਾ ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਫੂਡ ਸੇਫਟੀ ਅਫਸਰ ਸ੍ਰੀ ਵਿਵੇਕ ਕੁਮਾਰ ਤੇ ਉਹਨਾਂ ਦੀ ਟੀਮ ਵੱਲੋਂ ਸ਼ਹਿਰ ਹੁਸ਼ਿਆਰਪੁਰ ਵਿੱਚ ਨਮਕੀਨ/ਭੁਜੀਆ ਬਣਾਉਣ ਵਾਲੀ ਫੈਕਟਰੀ, ਕਰਿਆਨੇ ਦੀਆਂ ਦੁਕਾਨਾਂ, ਡੇਅਰੀ ਅਤੇ ਫਾਸਟ ਫੂਡ ਦੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕੁੱਲ 9 ਸੈੰਪਲ ਭਰੇ ਗਏ। ਭਰੇ ਗਏ ਸੈਂਪਲਾਂ ਨੂੰ ਫੂਡ ਲੈਬ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।

ਡੀਐਚਓ ਡਾ ਜਤਿੰਦਰ ਭਾਟੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਵੇਰੇ ਨਮਕੀਨ/ਭੁਜੀਆ ਬਣਾਉਣ ਵਾਲੀ ਇੱਕ ਫੈਕਟਰੀ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਫੈਕਟਰੀ ਦੇ ਕਰਿੰਦਿਆਂ ਨੂੰ ਖਾਣ ਪੀਣ ਦਾ ਸਾਮਾਨ ਬਣਾਉਣ ਵੇਲੇ ਕੈਪ, ਮਾਸਕ ਅਤੇ ਦਸਤਾਨੇ ਪਹਿਨਣ ਲਈ ਨਿਰਦੇਸ਼ ਦਿੱਤੇ ਗਏ ਅਤੇ ਉਹਨਾਂ ਨੂੰ ਸਾਫ਼ ਸਫ਼ਾਈ ਦਾ ਧਿਆਨ ਰੱਖਣ ਦੀ ਸਖ਼ਤ ਹਿਦਾਇਤ ਕੀਤੀ ਗਈ। ਐਫਐਸਓ ਵਿਵੇਕ ਕੁਮਾਰ ਅਤੇ ਟੀਮ ਵੱਲੋਂ ਡੇਅਰੀ, ਫਾਸਟ ਫੂਡ ਦੀਆਂ ਰੇਹੜੀਆਂ ਅਤੇ ਕਰਿਆਨਾ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਵਰਤੇ ਗਏ ਕੁਕਿੰਗ ਤੇਲ, ਫੋਰਟੀਫਾਈਡ ਰਿਫਾਇੰਡ ਤੇਲ ਅਤੇ ਦੁੱਧ ਦੇ ਸੈੰਪਲ ਭਰੇ ਗਏ।

ਡੀਐਚਓ ਨੇ ਦੱਸਿਆ ਕਿ ਚੈਕਿੰਗ ਦੌਰਾਨ ਖਾਧ ਪਦਾਰਥਾਂ ਨੂੰ ਤਲਣ ਲਈ ਵਰਤੇ ਜਾਣ ਵਾਲੇ ਕੁਕਿੰਗ ਤੇਲ ਨੂੰ ਬਾਰ-ਬਾਰ ਨਾ ਇਸਤੇਮਾਲ ਕਰਨ ਦੀ ਸਖ਼ਤ ਹਿਦਾਇਤ ਕੀਤੀ ਗਈ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਹਨਾਂ ਕਿਹਾ ਕਿ ਖਾਣਾ ਪਕਾਉਣ ਵਾਲੇ ਤੇਲ ਨੂੰ ਦੁਬਾਰਾ ਗਰਮ ਕਰਨ ਨਾਲ ਇਸ ਵਿੱਚ ਜ਼ਹਿਰੀਲੇ ਤੱਤ ਸ਼ਾਮਲ ਹੋ ਜਾਂਦੇ ਹਨ ਅਤੇ ਟ੍ਰਾਂਸ ਫੈਟੀ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ। ਟ੍ਰਾਂਸ ਫੈਟ ਗੈਰ-ਸਿਹਤਮੰਦ ਚਰਬੀ ਹੁੰਦੀ ਹੈ ਜੋ ਕਾਰਡੀਓਵੈਸਕੁਲਰ ਬਿਮਾਰੀਆਂ ਦੇ ਜੋਖਮ ਨੂੰ ਵਧਾਉਂਦੀ ਹੈ।

ਉਹਨਾਂ ਕਿਹਾ ਕਿ ਸਾਰੇ ਖਾਧ ਪਦਾਰਥ ਵਿਕਰੇਤਾਵਾਂ ਲਈ ਐਫਐਸਐਸਏਆਈ ਦੇ ਨਿਯਮਾਂ ਦਾ ਪਾਲਣ ਕਰਨਾ ਜਰੂਰੀ ਹੈ ਤਾਂ ਜੋ ਲੋਕਾਂ ਨੂੰ ਸਾਫ਼ ਸਵੱਛ ਭੋਜਨ ਪ੍ਰਾਪਤ ਹੋ ਸਕੇ। ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button

You cannot copy content of this page