ਗਰਭਅਵਸਥਾ ਅਤੇ ਫੈਮਲੀ ਪਲਾਨਿੰਗ ਸੇਵਾਵਾਂ ਸੰਬਧੀ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨੂੰ ਦਿੱਤੀ ਗਈ ਟ੍ਰੇਨਿੰਗ

ਹੁਸ਼ਿਆਰਪੁਰ 15 ਜੂਨ 2025 ( ਹਰਪਾਲ ਲਾਡਾ ): ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਦੇ ਯੋਗ ਮਾਰਗਦਰਸ਼ਨ ਵਿੱਚ ਆਮ ਆਦਮੀ ਕਲੀਨਿਕ ਵਿੱਚ ਗਰਭ ਅਵਸਥਾ ਦੇਖਭਾਲ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਨੂੰ ਲਾਗੂ ਕਰਨ ਲਈ ਇੱਕ ਜ਼ਿਲ੍ਹਾ ਪੱਧਰੀ ਸਿਖਲਾਈ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰਾਂ ਨੂੰ ਦਿੱਤੀ ਗਈ।
ਇਸ ਟ੍ਰੇਨਿੰਗ ਵਿੱਚ ਮਾਣਯੋਗ ਏ ਡੀ ਸੀ (ਡੀ) ਨਿਕਾਸ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਜਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ, ਜਿਲਾ ਪਰਿਵਾਰ ਭਲਾਈ ਅਫ਼ਸਰ ਡਾ ਰਣਜੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਅਤੇ ਸੀਨੀਅਰ ਗਾਇਨੀਕਾਲੋਜਿਸਟ ਡਾ ਸਵਿਤਾ ਰਾਣਾ, ਗਾਇਨੀਕਾਲੋਜਿਸਟ ਡਾ ਮਨਦੀਪ ਕੌਰ, ਐਪੀਡੀਮੋਲੋਜਿਸਟ ਡਾ ਸ਼ੈਲੇਸ਼ ਕੁਮਾਰ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਜਿਲਾ ਪ੍ਰੋਗਰਾਮ ਅਫਸਰ ਮੁਹੰਮਦ ਆਸਿਫ, ਜਿਲਾ ਕੋਲਡ ਚੇਨ ਅਫਸਰ ਪ੍ਰਦੀਪ ਕੁਮਾਰ ਬੀ ਈ ਈ ਅਮਨਦੀਪ ਸਿੰਘ ਤੋਂ ਇਲਾਵਾ ਜਿਲੇ ਭਰ ਦੇ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫ਼ਸਰਾਂ ਦੀ ਸ਼ਤ ਪ੍ਰਤੀਸ਼ਤ ਹਾਜ਼ਰੀ ਸੀ।


ਟ੍ਰੇਨਿੰਗ ਦੀ ਸ਼ੁਰੂਆਤ ਵਿੱਚ ਸਾਰੇ ਪ੍ਰਤੀਭਾਗੀਆਂ ਦਾ ਆਨ ਲਾਈਨ ਪ੍ਰੀ ਟ੍ਰੇਨਿੰਗ ਟੈਸਟ ਲਿਆ ਗਿਆ। ਇਸ ਮੌਕੇ ਤੇ ਮਾਣਯੋਗ ਸਿਹਤ ਮੰਤਰੀ ਡਾ ਬਲਬੀਰ ਸਿੰਘ ਜੀ ਦੁਆਰਾ ਭੇਜਿਆ ਗਿਆ ਵਿਸ਼ੇਸ਼ ਸੁਨੇਹਾ ਸਭ ਨਾਲ ਸਾਂਝਾ ਕੀਤਾ ਗਿਆ। ਮਾਣਯੋਗ ਏ ਡੀ ਸੀ(ਡੀ) ਨਿਕਾਸ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਿਖਲਾਈ ਦਾ ਉਦੇਸ਼ ਮੂਲ ਪੱਧਰ ‘ਤੇ ਉੱਚ ਪੱਧਰੀ ਜੱਚਾ ਅਤੇ ਬੱਚਾ ਸਿਹਤ ਦੇਖਭਾਲ ਸੇਵਾਵਾਂ ਦੀ ਪਹੁੰਚ ਨੂੰ ਵਧਾਉਣਾ ਹੈ ਤਾਂ ਜੋ ਕੋਈ ਵੀ ਗੰਭੀਰ ਮਰੀਜ਼ ਮਾਂ ਬੱਚਾ ਸਿਹਤ ਸੇਵਾਵਾਂ ਅਤੇ ਦੇਖਭਾਲ ਤੋਂ ਵਾਂਝਾ ਨਾ ਰਹੇ। ਗਰਭ ਅਵਸਥਾ ਦੇਖਭਾਲ ਦੀ ਸ਼ੁਰੂਆਤ ਦਾ ਉਦੇਸ਼ ਪੰਜਾਬ ਦੀ ਜਣੇਪਾ ਮੌਤ ਦਰ ਅਤੇ ਬਾਲ ਮੌਤ ਦਰ ਨੂੰ ਘਟਾਉਣਾ ਹੈ।

ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਨੇ ਕਿਹਾ ਕਿ ਇਹ ਟ੍ਰੇਨਿੰਗ ਸਾਰੇ ਮੈਡੀਕਲ ਅਫ਼ਸਰਾਂ ਲਈ ਬਹੁਤ ਲਾਹੇਵੰਦ ਹੋਵੇਗੀ ਕਿਉਂਕਿ ਪੰਜਾਬ ਸਰਕਾਰ ਵਲੋਂ 23 ਜੂਨ 2025 ਤੋਂ ਇਹ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਇਕ ਹਫ਼ਤੇ ਦੇ ਵਿਚ ਵਿਚ ਸਭ ਲੌਜਿਸਟਿਕ ਆਮ ਆਦਮੀ ਕਲੀਨਿਕਾਂ ਵਿਚ ਪਹੁੰਚ ਜਾਣਗੇ।ਇਸ ਨਾਲ ਆਮ ਲੋਕਾਂ ਤੱਕ ਇਹਨਾਂ ਸੇਵਾਵਾਂ ਦੀ ਪਹੁੰਚ ਹੋਰ ਵੀ ਆਸਾਨ ਹੋ ਜਾਵੇਗੀ।
ਡਾ ਸੀਮਾ ਗਰਗ ਨੇ ਦੱਸਿਆ ਕਿ ਇਸ ਪ੍ਰੋਗਰਾਮ ਰਾਹੀਂ ਗਰਭਵਤੀਆਂ ਦੀ ਅਰਲੀ ਰਜਿਸਟਰੇਸ਼ਨ ਹੋਰ ਵੀ ਆਸਾਨ ਹੋ ਜਾਵੇਗੀ ਅਤੇ ਉੱਚ ਜ਼ੋਖਿਮ ਵਾਲੀਆਂ ਮਾਵਾਂ ਦਾ ਛੇਤੀ ਪਤਾ ਲਗਾ ਕੇ ਉਹਨਾਂ ਨੂੰ ਸਮੇਂ ਸਿਰ ਉੱਚ ਸੰਸਥਾਵਾਂ ਵਿੱਚ ਇਲਾਜ ਲਈ ਭੇਜਿਆ ਜਾ ਸਕੇਗਾ।
ਜਿਲਾ ਪਰਿਵਾਰ ਭਲਾਈ ਅਫ਼ਸਰ ਡਾ ਰਣਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ ਆਉਣ ਵਾਲੀਆਂ ਗਰਭਵਤੀ ਔਰਤਾਂ ਅਤੇ ਪਰਿਵਾਰ ਨੂੰ ਸੀਮਿਤ ਰੱਖਣ ਵਾਲੀਆਂ ਔਰਤਾਂ ਦੀ ਕਾਊਂਸਲਿੰਗ ਕਰਕੇ ਉਹਨਾਂ ਨੂੰ ਪਰਿਵਾਰ ਨਿਯੋਜਨ ਦੇ ਪੱਕੇ ਅਤੇ ਕੱਚੇ ਤਰੀਕਿਆਂ ਬਾਰੇ ਦੱਸਿਆ ਜਾਵੇਗਾ।
ਡਾ ਸਵਿਤਾ ਰਾਣਾ ਨੇ ਦੱਸਿਆ ਕਿ ਕਲੀਨਿਕ ਵਿੱਚ ਆਉਣ ਵਾਲੀ ਹਰ ਔਰਤ ਨੂੰ ਗਰਭਧਾਰਨ, ਗਰਭਪਾਤ ਅਤੇ ਗਰਭ ਨਿਰੋਧਕ ਬਾਰੇ ਨਾ ਸਿਰਫ ਸਹੀ ਸਲਾਹ ਦਿੱਤੀ ਜਾਵੇਗੀ ਬਲਕਿ ਉਸ ਨੂੰ ਆਸ਼ਾ ਵਰਕਰ ਦੁਆਰਾ ਉੱਚ ਸੰਸਥਾ ਵਿੱਚ ਵੀ ਭੇਜਿਆ ਜਾਵੇਗਾ। ਡਾ ਮਨਦੀਪ ਕੌਰ ਨੇ ਐਂਟੀ ਨੇਟਲ ਕੇਅਰ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਅਤੇ ਐਮ ਓਜ਼ ਵੱਲੋਂ ਰੋਲ ਪਲੇਅ ਕਰਕੇ ਕੇਸ ਸਟੱਡੀਜ਼ ਵੀ ਡਿਸਕਸ ਕੀਤੀਆਂ ਗਈਆਂ। ਟ੍ਰੇਨਿੰਗ ਦੇ ਅੰਤ ਵਿੱਚ ਆਨ ਲਾਈਨ ਪੋਸਟ ਟ੍ਰੇਨਿੰਗ ਟੈਸਟ ਵੀ ਲਿਆ ਗਿਆ ਅਤੇ ਸਾਰੇ ਪ੍ਰਤੀਭਾਗੀਆਂ ਕੋਲੋਂ ਫੀਡ ਬੈਕ ਵੀ ਲਈ ਗਈ ਜਿਸ ਵਿੱਚ ਉਹਨਾਂ ਨੇ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਇਸ ਪ੍ਰੋਗਰਾਮ ਨੂੰ ਸਲਾਹਿਆ ਅਤੇ ਬਹੁਤ ਉਤਸ਼ਾਹ ਵੀ ਦਿਖਾਇਆ।ਇਸ ਮੌਕੇ ਸਾਰੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।