ਮਹਿਲਾਵਾਂ ਦੀ ਸਿਹਤ ਅਤੇ ਸਸ਼ਕਤੀਕਰਨ ਨਾਲ ਹੀ ਸਮਾਜ ਦੀ ਤਰੱਕੀ ਸੰਭਵ: ਡਾ. ਮਨਦੀਪ ਕਮਲ


ਹੁਸ਼ਿਆਰਪੁਰ 8 ਮਾਰਚ 2026 ( ਹਰਪਾਲ ਲਾਡਾ ): ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਜ਼ਿਲ੍ਹਾ ਵਾਸੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਮਹਿਲਾਵਾਂ ਸਮਾਜ ਦੀ ਮਜ਼ਬੂਤ ਨੀਂਹ ਹਨ ਅਤੇ ਹਰ ਖੇਤਰ ਵਿੱਚ ਆਪਣੀ ਯੋਗਤਾ, ਮਿਹਨਤ ਅਤੇ ਸਮਰਪਣ ਨਾਲ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਹਿਲਾਵਾਂ ਸਿੱਖਿਆ, ਸਿਹਤ, ਵਿਗਿਆਨ, ਪ੍ਰਸ਼ਾਸਨ, ਖੇਡਾਂ ਅਤੇ ਸਮਾਜ ਸੇਵਾ ਸਮੇਤ ਹਰ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜੋ ਸਮਾਜ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ।
ਡਾ. ਮਨਦੀਪ ਕਮਲ ਨੇ ਕਿਹਾ ਕਿ ਅੰਤਰ-ਰਾਸ਼ਟਰੀ ਮਹਿਲਾ ਦਿਵਸ ਸਾਨੂੰ ਇਹ ਮੌਕਾ ਦਿੰਦਾ ਹੈ ਕਿ ਅਸੀਂ ਮਹਿਲਾਵਾਂ ਦੇ ਅਧਿਕਾਰਾਂ, ਸਨਮਾਨ ਅਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਈਏ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਮਹਿਲਾਵਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਕਈ ਮਹੱਤਵਪੂਰਨ ਯੋਜਨਾਵਾਂ ਅਤੇ ਸਿਹਤ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿਵੇਂ ਕਿ ਮਾਤਾ ਅਤੇ ਬੱਚਾ ਸਿਹਤ ਸੇਵਾਵਾਂ, ਗਰਭਵਤੀ ਮਹਿਲਾਵਾਂ ਦੀ ਨਿਯਮਿਤ ਜਾਂਚ, ਟੀਕਾਕਰਨ, ਪੋਸ਼ਣ ਸੰਬੰਧੀ ਸਲਾਹ ਅਤੇ ਕੈਂਸਰ ਦੀ ਸਕ੍ਰੀਨਿੰਗ ਆਦਿ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਜਨਾਵਾਂ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਸਿਹਤਮੰਦ ਜੀਵਨ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ।

ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਸਮੇਂ-ਸਮੇਂ ’ਤੇ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਖਾਸ ਕਰਕੇ ਗਰਭਵਤੀ ਮਹਿਲਾਵਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਡਾਕਟਰੀ ਸਲਾਹ ਮੁਤਾਬਕ ਜਾਂਚਾਂ ਅਤੇ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ।
ਡਾ. ਮਨਦੀਪ ਕਮਲ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਮਹਿਲਾਵਾਂ ਦੇ ਸਨਮਾਨ, ਸੁਰੱਖਿਆ ਅਤੇ ਸਮਾਨ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਹਿਲਾਵਾਂ ਸਿਹਤਮੰਦ, ਸਿੱਖਿਆਯੁਕਤ ਅਤੇ ਸਸ਼ਕਤ ਹੋਣਗੀਆਂ ਤਾਂ ਹੀ ਸਮਾਜ ਅਤੇ ਦੇਸ਼ ਦੀ ਤਰੱਕੀ ਸੰਭਵ ਹੈ।

ਉਨ੍ਹਾਂ ਨੇ ਅਖੀਰ ਵਿੱਚ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਮਹਿਲਾਵਾਂ ਦੀ ਸਿਹਤ ਅਤੇ ਭਲਾਈ ਲਈ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਸਮਾਨ ਮੌਕੇ ਅਤੇ ਸਨਮਾਨ ਦੇਣ ਲਈ ਸਹਿਯੋਗ ਦਿੱਤਾ ਜਾਵੇ।




