ਪੰਜਾਬ

ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਮਿਆਰੀ ਬੀਜ ਉਪਲਬੱਧ ਕਰਵਾਉਣ ਲਈ ਬੀਜ ਵਿਕਰੇਤਾਵਾਂ ਨਾਲ ਕੀਤੀ ਮੀਟਿੰਗ

ਨਵਾਂਸ਼ਹਿਰ, 18 ਅਪ੍ਰੈਲ ( ਹਰਪਾਲ ਲਾਡਾ ): ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ ਅਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅੰਕੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਡਾ. ਰਜਿੰਦਰ ਕੁਮਾਰ ਕੰਬੋਜ ਵੱਲੋਂ ਜ਼ਿਲ੍ਹੇ ਦੇ ਖਾਦ-ਬੀਜ-ਦਵਾਈ ਵਿਕਰੇਤਾਵਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਾ. ਰਜਿੰਦਰ ਕੁਮਾਰ ਕੰਬੋਜ ਨੇ ਖਾਦ-ਬੀਜ-ਦਵਾਈ ਵਿਕਰੇਤਾਵਾਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਇਸ ਵਾਰ ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮਿਆਰੀ ਕਿਸਮ ਦੇ ਬੀਜ ਮੁਹੱਈਆ ਕਰਵਾਏ ਜਾਣ ਅਤੇ ਕਿਸਾਨਾਂ ਨੂੰ ਉਨ੍ਹਾਂ ਦੁਆਰਾ ਖ਼ਰੀਦ ਕੀਤੇ ਗਏ ਬੀਜ ਦੇ ਪੱਕੇ ਬਿੱਲ ਜ਼ਰੂਰ ਦਿੱਤੇ ਜਾਣ।

ਇਸ ਦੇ ਨਾਲ ਹੀ ਉਨ੍ਹਾਂ ਹਦਾਇਤ ਕੀਤੀ ਕਿ ਸਾਉਣੀ ਦੀ ਮੁੱਖ ਫ਼ਸਲ ਝੋਨੇ ਦਾ ਬੀਜ ਕਿਸਾਨਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਫ਼ਾਰਿਸ਼ ਕਿਸਮਾਂ ਦਾ ਬੀਜ ਹੀ ਵੇਚਿਆ ਜਾਵੇ ਅਤੇ ਬੀਜ ਵਿਕਰੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਇਸ ਦੌਰਾਨ ਕਿਸੇ ਵੀ ਬੀਜ ਵਿਕਰੇਤਾ ਕੋਲੋਂ ਪੰਜਾਬ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਫ਼ਾਰਿਸ਼ ਕਿਸਮਾਂ ਦੇ ਬੀਜ ਤੋਂ ਇਲਾਵਾ ਕੋਈ ਹੋਰ ਬੀਜ, ਜਿਵੇਂ ਕਿ ਪੂਸਾ 44 ਅਤੇ ਗੈਰ-ਸਿਫਾਰਿਸ਼ ਹਾਈਬ੍ਰਿਡ ਝੋਨੇ ਦਾ ਬੀਜ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬੀਜ ਐਕਟ 1966 ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।

ਇਸ ਮੌਕੇ ਡਾਕਟਰ ਜਸਵਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ (ਬੀਜ), ਡਾਕਟਰ ਵਿਜੇ ਕੁਮਾਰ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ), ਮਹਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਪੈਸਟੀਸਾਈਡ ਯੂਨੀਅਨ, ਉੱਤਮ ਸਿੰਘ ਅਤੇ ਜ਼ਿਲ੍ਹੇ ਦੇ ਹੋਰ ਖਾਦ ਬੀਜ ਦਵਾਈ ਵਿਕਰੇਤਾ ਹਾਜ਼ਰ ਸਨ|

Related Articles

Leave a Reply

Your email address will not be published. Required fields are marked *

Back to top button

You cannot copy content of this page