ਪੰਜਾਬ

ਮਾਂ ਤੇ ਬੱਚੇ ਦੀ ਸੁਰੱਖਿਆ ਲਈ ਮਨਾਇਆ ਗਿਆ ਮਮਤਾ ਦਿਵਸ, ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਗਿਆ ਜਾਗਰੂਕ

ਫਾਜ਼ਿਲਕਾ, 16 ਜੁਲਾਈ 2025 ( ਹਰਪਾਲ ਲਾਡਾ ): ਫਾਜ਼ਿਲਕਾ ਜ਼ਿਲ੍ਹੇ ਵਿੱਚ ਮਮਤਾ ਦਿਵਸ ਮੌਕੇ ਸਿਵਲ ਸਰਜਨ ਡਾ. ਰਾਜ ਕੁਮਾਰ ਦੀ ਅਗਵਾਈ ਅਤੇ ਡਾ. ਕਵਿਤਾ ਸਿੰਘ (ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ), ਡਾ. ਏਡਿਸਨ ਏਰਿਕ (ਸੀਨੀਅਰ ਮੈਡੀਕਲ ਅਫ਼ਸਰ) ਅਤੇ ਡਾ. ਅਰਪਿਤ ਗੁਪਤਾ (ਜ਼ਿਲ੍ਹਾ ਟੀਕਾਕਰਨ ਅਫ਼ਸਰ) ਦੇ ਨਿਗਰਾਨੀ ਹੇਠ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਜੱਚਾ-ਬੱਚਾ ਟੀਕਾਕਰਨ ਕੈਂਪ ਲਗਾਏ ਗਏ।

ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਮਮਤਾ ਦਿਵਸ ਦੌਰਾਨ ਗਰਭਵਤੀ ਮਹਿਲਾਵਾਂ ਨੂੰ ਟੈਟਨਸ ਦੇ ਟੀਕੇ ਲਗਾਏ ਗਏ, ਉਨ੍ਹਾਂ ਦੀ ਵਜਨ, ਬਲੱਡ ਪ੍ਰੈਸ਼ਰ, ਖੂਨ ਅਤੇ ਪਿਸ਼ਾਬ ਦੀ ਜਾਂਚ ਵੀ ਕੀਤੀ ਗਈ ਤਾਂ ਜੋ ਮਾਂ ਦੀ ਸਿਹਤ ਚੰਗੀ ਰਹੇ ਅਤੇ ਉਹ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇ ਸਕੇ। ਉਨ੍ਹਾਂ ਕਿਹਾ ਕਿ ਗਰਭ ਅਵਸਥਾ ਦੌਰਾਨ ਘੱਟੋ-ਘੱਟ ਚਾਰ ਵਾਰੀ ਚੈੱਕਅੱਪ ਜ਼ਰੂਰੀ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਪਹਿਲੇ ਛੇ ਮਹੀਨੇ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਦਿੱਤਾ ਜਾਵੇ ਅਤੇ ਬੋਤਲ ਰਾਹੀਂ ਦੁੱਧ ਨਾ ਪਿਲਾਇਆ ਜਾਵੇ, ਤਾਂ ਜੋ ਨਿਮੋਨੀਆ, ਡਾਇਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ। ਜਣੇਪਾ ਸਰਕਾਰੀ ਹਸਪਤਾਲ ਵਿਚ ਹੀ ਕਰਾਉਣਾ ਚਾਹੀਦਾ ਹੈ, ਤਾਂ ਜੋ ਮਾਂ ਤੇ ਬੱਚੇ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ।

ਇਸ ਮੌਕੇ ਤੇ ਮਨਬੀਰ ਸਿੰਘ (ਡਿਪਟੀ ਮਾਸ ਮੀਡੀਆ ਅਫਸਰ), ਏਐਨਐਮ ਸ਼ਾਲੂ ਰਾਣੀ, ਆਸ਼ਾ ਵਰਕਰ ਆਦਿ ਹਾਜ਼ਰ ਸਨ।

ਦੂਜੇ ਪਾਸੇ ਡੇਂਗੂ ਤੋਂ ਬਚਾਅ ਲਈ ਚੂਹੜੀਵਾਲਾ, ਸ਼ਤੀਰਵਾਲਾ ਅਤੇ ਡੰਗਰਖੇੜਾ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ। ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਡਾ. ਅਰਪਿਤ ਗੁਪਤਾ, ਡਾ. ਸੁਨੀਤਾ (ਜ਼ਿਲ੍ਹਾ ਮਹਾਂਮਾਰੀ ਵਿਗਿਆਨੀ) ਅਤੇ ਡਾ. ਰੋਹਿਤ ਗੋਇਲ (ਸੀਨੀਅਰ ਮੈਡੀਕਲ ਅਫ਼ਸਰ, ਸੀਐਚਸੀ ਖੂਈਖੇੜਾ) ਦੀ ਅਗਵਾਈ ਹੇਠ ਸਿਹਤ ਕਰਮਚਾਰੀਆਂ ਨੇ ਲੋਕਾਂ ਨੂੰ ਡੇਂਗੂ ਬਾਰੇ ਜਾਣੂ ਕਰਵਾਇਆ।

ਸਿਹਤ ਕਰਮਚਾਰੀਆਂ ਨੇ ਲੋਕਾਂ ਨੂੰ ਕਿਹਾ ਕਿ ਡੇਂਗੂ ਮੱਛਰ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਦੇ ਸਮੇਂ ਕੱਟਦਾ ਹੈ। ਖਾਲੀ ਭਾਂਡਿਆਂ, ਗਮਲਿਆਂ, ਫਰਿੱਜ ਦੀਆਂ ਟਰੇਆਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿਉ। ਬਲਾਕ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਡਰਾਈ ਡੇ ਮਨਾਇਆ ਜਾਂਦਾ ਹੈ, ਜਿਸ ਦਿਨ ਲੋਕ ਆਪਣੇ ਘਰਾਂ ਵਿੱਚ ਰੱਖੇ ਪਾਣੀ ਵਾਲੇ ਭਾਂਡਿਆਂ ਨੂੰ ਸਾਫ਼ ਕਰਦੇ ਹਨ।

ਇਸ ਮੌਕੇ ਸਿਹਤ ਸੁਪਰਵਾਈਜ਼ਰ ਲਖਵਿੰਦਰ ਸਿੰਘ, ਗੰਗਾ ਰਾਮ, ਰਾਜਿੰਦਰ ਕੁਮਾਰ, ਅਮਿਤ ਕੁਮਾਰ, ਏਐਨਐਮ ਰਾਜਦੀਪ ਕੌਰ, ਰੇਖਾ ਰਾਣੀ, ਨਿਰਮਲਾ ਆਸ਼ਾ ਵਰਕਰ, ਰਾਜ ਕੌਰ ਆਸ਼ਾ ਵਰਕਰ, ਸਕੂਲ ਅਧਿਆਪਕਾ, ਆਂਗਣਵਾੜੀ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ।

ਬੱਚਿਆਂ ਨੂੰ ਲਗਾਈ ਜਾਂਦੀ ਹੈ ਇਹ ਵੈਕਸੀਨ

ਬੱਚਿਆਂ ਦੇ ਮਾਹਿਰ ਡਾਕਟਰ ਰਿੰਕੂ ਚਾਵਲਾ ਨੇ ਦੱਸਿਆ ਕਿ ਨਵ ਜਨਮੇਂ ਬੱਚੇ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਨੂੰ ਤਪਦਿਕ, ਪੋਲੀਓ, ਗਲ਼-ਘੋਟੂ, ਕਾਲ਼ੀ ਖਾਂਸੀ, ਟੈਟਨਸ, ਦਿਮਾਗੀ ਬੁਖਾਰ, ਪੀਲ਼ੀਆ, ਦਸਤ, ਖਸਰਾ, ਰੁਬੇਲਾ ਤੇ ਨਿਮੋਨੀਆ ਆਦਿ ਦੀ ਬਿਮਾਰੀ ਤੋਂ ਬਚਾਅ ਲਈ ਬੂੰਦਾਂ ਅਤੇ ਟੀਕੇ ਲਗਾਏ ਜਾਂਦੇ ਹਨ। ਇਹ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਹੁੰਦਾ ਹੈ ਅਤੇ ਜਰੂਰ ਕਰਵਾਉਣਾ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button

You cannot copy content of this page