ਅੰਮ੍ਰਿਤਸਰ, 14 ਅਗਸਤ: ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ , ਹਿੰਦ–ਪਾਕਿ ਦੋਸਤੀ ਮੰਚ, ਸਾਫ਼ਮਾ, ਪਾਕਿਸਤਾਨ ਇੰਡੀਆ ਪੀਪਲਜ਼ ਫ਼ਾਰ ਪੀਸ ਐਂਡ ਡੈੇਮੋਕੇ੍ਰਸੀ, ਖ਼ਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਅੱਜ 29 ਵਾਂ ਹਿੰਦ–ਦੋਸਤੀ ਸੰਮੇਲਨ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ‘ਭਾਰਤ ਪਾਕਿਸਤਾਨ ਸਬੰਧ’ ‘ਅਮਨ ਲਈ ਇਕ ਮੌਕਾ ਦਿਓ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਤੋਂ ਪਹਿਲਾਂ ਖ਼ਾਲਸਾ ਕਾਲਜ ਅਮ੍ਰਿਤਸਰ ਦੇ ਪ੍ਰਿੰ. ਡਾ. ਮਹਿਲ ਸਿੰਘ ਨੇ ਸਭ ਦਾ ਨਿੱਘਾ ਸਵਾਗਤ ਕੀਤਾ। ਡਾ. ਮਹਿਲ ਸਿੰਘ ਨੇ ਕਿਹਾ ਕਿ ਕਿਰਤੀ ਕਿਸਾਨਾਂ, ਮਜ਼ਦੂਰਾਂ ਦਾ ਭਲਾ ਦੋਹਾਂ ਦੇਸ਼ਾਂ ਦੇ ਵਿੱਚ ਚੰਗੇ ਸਬੰਧਾਂ ਨਾਲ ਹੀ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬ ਨੇ ਮਾਨਸ ਕੀ ਜਾਤਿ, ਏਕੋ ਪਹਿਚਾਨਬੋ ਦਾ ਹੋਕਾ ਦਿੱਤਾ। ਵੰਡ ਦਾ ਦੁਖਾਂਤ ਆਮ ਲੋਕਾਂ ਨੇ ਭੋਗਿਆ। ਵੰਡ–ਸਮੇਂ ਉਜੜ ਕੇ ਆਏ ਲੋਕਾਂ ਲਈ ਟੈਂਟ, ਲੰਗਰ ਦਾ ਪ੍ਰਬੰਧ ਖਾਲਸਾ ਕਾਲਜ ਨੇ ਕੀਤਾ ਸੀ। ਉਥਲ ਪੁਥਲ ਕਰਕੇ ਫ਼ੀਸਾਂ ਨਹੀਂ ਆਈਆ ਸਨ, ਪਰ ਫ਼ਿਰ ਵੀ ਲੱਖਾਂ ਰੁਪਏ ਸ਼ਰਨਾਰਥੀਆਂ ਤੇ ਖਰਚ ਕੀਤੇ। ਇਮਤਿਹਾਨ ਨਾ ਹੋ ਸਕੇ ਪਰ ਵਿਦਿਆਰਥੀਆਂ ਨੂੰ ਸੇਵਾ ਦੀਆਂ ਡਿਗਰੀਆਂ ਦੇ ਦਿੱਤੀਆ।
ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਦੋਹਾਂ ਦੇਸ਼ਾਂ ’ਚ ਨਫ਼ਰਤ ਪੈਦਾ ਕਰਨ ਵਾਲੇ ਬਹੁਤ ਲੋਕ ਹਨ ਪਰ ਵੱਡੀ ਗਿਣਤੀ ਅਮਨ ਚਾਹੁੰਦੀ ਹੈ। 1995 ’ਚ ਅਕਾਦਮੀ ਨੇ ਜੱਥਬੰਦੀ ਕਾਇਮ ਕਰਕੇ ਅਮਨ ਸ਼ਾਂਤੀ ਲਈ ਯਤਨ ਸ਼ੁਰੂ ਕਰ ਦਿੱਤੇ। ਇਮਤਿਆਜ਼ ਆਲਮ, ਵਿਨੋਦ ਸ਼ਰਮਾ, ਕੁਲਦੀਪ ਨਈਅਰ, ਰਮੇਸ਼ ਯਾਦਵ ਤੇ ਮੈਂ ਸ਼ੁਰੂ ਤੋਂ ਹੁਣ ਤੱਕ ਦੋਹਾਂ ਦੇਸ਼ਾਂ, ਸਾਰਕ ਦੇਸ਼ਾਂ ਵਿਚਕਾਰ ਅਮਨ–ਸ਼ਾਂਤੀ ਲਈ ਕੰਮ ਕਰਨਾ ਸ਼ੁਰੂ ਕੀਤਾ। ਕਈ ਹਮ ਖਿਆਲੀ ਜੱਥੇਬੰਦੀਆਂ, ਕਲਾਕਾਰਾਂ ਨੇ ਸਾਥ ਦਿੱਤਾ। ਨਵੀਂ ਸਰਕਾਰ ਦੇ ਬਣਦਿਆਂ ਹੀ ਜੰਮੂ ਕਸ਼ਮੀਰ ’ਚ ਹਿੰਸਾ ਸ਼ੁਰੂ ਹੋ ਗਈ।
ਪਾਕਿ ’ਚ ਨਵੀਂ ਸਰਕਾਰ ਬਣਨ ’ਤੇ ਆਸ ਸੀ ਕਿ ਹੁਣ ਅਮਨ ਲਈ ਕੰਮ ਸ਼ੁਰੂ ਹੋਵੇਗਾ ਪਰ ਇੰਝ ਨਹੀਂ ਹੋਇਆ। ਓਲਪਿੰਕ ਰਵੱਈਏ ਨਾਲ ਸ਼ੋਸ਼ਲ ਮੀਡੀਆ ਤੇ ਦੁਵਲੇ ਮਧੁਰ ਸਬੰਧਾਂ ਦਾ ਹੜ੍ਹ ਆ ਗਿਆ। ਹਮੇਸ਼ਾ ਇਹ ਯਤਨ ਤੇ ਸਿਲਸਿਲਾ ਸਦਾ ਜਾਰੀ ਰਹੇਗਾ। ਅੱਤਵਾਦ ਵੱਖ ਵਾਦ ਦਾ ਖ਼ਾਤਮਾ ਹੋਵੇ। ਦੋੋਹਾਂ ਦੇਸ਼ਾਂ ਦੀਆਂ ਘੱਟ ਗਿਣਤੀਆਂ ਸੁਰੱਖਿਅਤ ਹੋਣ। ਘੱਟ ਗਿਣਤੀਆਂ ਸੁਰਖਿੱਅਤ ਹੋਣ। ਅਕਾਦਮੀ ਵੱਲੋਂ ਹਰ ਸਾਲ ਦੀ ਤਰ੍ਹਾਂ ਵਰ੍ਹੇ ਵਾਰ ‘ਪੰਜ਼–ਪਾਣੀ’ ਮੈਗਜ਼ੀਨ ਰੀਲੀਜ਼ ਕੀਤਾ ਗਿਆ।
ਸੀਨੀਅਰ ਪੱਤਰਕਾਰ ਵਿਨੋਦ ਸ਼ਰਮਾ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਲੋਕ ਇੱਕਠੇ ਹੋਣਾ ਚਾਹੁੰਦੇ ਹਨ ਪਰ ਸਰਕਾਰਾਂ ’ਤੇ ਕੁਝ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਦੋਹਾਂ ਦੇਸ਼ਾਂ ਦੇ ਲੋਕ ਇੱਕਠੇ ਹੋਣ। ਜਿਹੜੇ ਲੋਕ ਕੋਸ਼ਿਸ਼ ਕਰਦੇ ਸਨ ਕੀ ਸ਼ਾਂਤੀ ਨਾ ਹੋਵੇ ਉਹ ਹਾਵੀ ਹੋ ਗਏ ਤੇ ਜਿਹੜੇ ਚਾਹੁੰਦੇ ਸਨ ਕਿ ਸ਼ਾਂਤੀ ਹੋਵੇ ਉਹ ਥੱਲੇ ਲੱਗ ਗਏ। ਪਿਛਲੇ ਕੁਝ ਸਾਲਾਂ ਤੋਂ ਚੋਣਾਂ ਜਿੱਤਣ ਲਈ ਪਾਕਿਸਤਾਨ ਨੂੰ ਮੁੱਦਾ ਬਣਾ ਲਿਆ ਜਾਂਦਾ ਹੈ। ਸਕੂਲਾਂ, ਕਾਲਜਾਂ, ਖੇੇਡਾਂ ਅਤੇ ਹਰ ਥਾਂ ਅਮਨ ਕਾਇਮ ਕਰਨ ਲਈ ਇਸ ਪੱਧਰ ’ਤੇ ਕੰਮ ਕਰਨਾ ਪਵੇਗਾ–ਆਮ ਰਾਏ ਬਣਾਉਣੀ ਪਵੇਗੀ। ਨਵੀਂ ਪੀੜ੍ਹੀ ਨੂੰ ਪੰਘੂੜੇ ’ਚ ਹੀ ਅਮਨ ਸ਼ਾਂਤੀ ਲਈ ਸਿੱਖਿਆ ਆਰੰਭ ਕਰਨੀ ਪਵੇਗੀ। ਉਨ੍ਹਾਂ ਨੂੰ ਸ਼ਾਂਤੀ ਲਈ ਤਿਆਰ ਕਰਨਾ ਪਵੇਗਾ।
ਹਿੰਦੀ ਸਤਯਾ ਚੈਨਲ ਦੇ ਪੱਤਰਕਾਰ ਆਸ਼ੂਤੋਸ਼ ਨੇ ਕਿਹਾ ਕਿ ਮੈਂ ਕਦੀ ਪਾਕਿਸਤਾਨ ਨਹੀਂ ਪਰ ਪਿਛਲੇ 10 ਸਾਲਾਂ ’ਚ ਮੈਨੂੰ 10 ਹਜ਼ਾਰ ਵਾਰ ਪਾਕਿਸਤਾਨੀ ਸਮਰਥਕ ਕਿਹਾ ਗਿਆ। ਵੰਡਣ ਦੀਆਂ ਗੱਲਾਂ ਕਰੋਗੇ ਤਾਂ ਸ਼ਾਂਤੀ ਕਿਵੇਂ ਹੋਵੇਗੀ। ਦੇਸ਼ ਬਹੁਤ ਵੱਡੇ ਖ਼ਤਰੇ ’ਚ ਹੈ। ਹਿੰਦੂ–ਮੁਸਲਿਮ ਕਰੋਗੇ ਤਾਂ ਦੇਸ਼ ਖ਼ਤਰੇ ’ਚ ਹੀ ਰਹੇਗਾ। ਦੋ ਅਲਗ ਅਲਗ ਕੌਮਾਂ ਦਾ ਢਿੰਡੋਰਾ, ਨਫ਼ਰਤ ਦਾ ਪ੍ਰਗਟਾਵਾ, ਨਫ਼ਰਤ ਦੀ ਫੈਕਟਰੀ ਬੰਦ ਹੋਵੇਗੀ–ਐਮਰਜੈਂਸੀ ਦੀ ਗੱਲ ਕਰਦੇ ਹਨ ਪਰ ਉਸ ਵੇਲੇ ਇਹੋ ਲੋਕ ਇੰਦਰਾ ਗਾਂਧੀ ਨੂੰ ਸਪੋਰਟ ਕਰਨ ਦੀ ਪੇਸ਼ਕਸ਼ ਕਰਦੇ ਸਨ। ਅੰਗ੍ਰੇਜ਼ ਸਰਕਾਰ ਕੋਲੋ ਵੀ ਮਾਫ਼ੀ ਮਗਣ ਵਾਲੇ ਅੱਜ ਦੇਸ਼ ਭਗਤੀ ਦੀਆਂ ਗੱਲਾਂ ਕਰਦੇ ਹਨ। ਨਫ਼ਰਤ ਫ਼ੈਲਾਉਣ ਵਾਲਿਆਂ ਦਾ ਮੁਕਾਬਲਾ ਤਕੜੇ ਹੋ ਕੇ ਕਰਨਾ ਪਵੇਗਾ। ਵੰਡ–ਪਾਊ ਸੋਚ ਨੂੰ ਕਰੜੀ ਟੱਕਰ ਦੇਣੀ ਪਵੇਗੀ। ਉਨ੍ਹਾਂ ਦੀ ਖ਼ਤਰਨਾਕ ਕੱਟੜ ਸੋਚ ਨੂੰ ਟੱਕਰ ਦੇਣੀ ਪਵੇਗੀ।
ਇੰਡੀਆ ਟੂਡੇ ਦੇ ਪੱਤਰਕਾਰ ਜਾਵੇਦ ਅਨਸਾਰੀ ਨੇ ਕਿਹਾ ਕਿ ਸਾਨੂੰ ਕਿਹਾ ਜਾਂਦਾ ਹੈ ਕਿ ਜੇਕਰ 1947 ਵਿੱਚ ਨਹੀਂ ਗਏ ਤਾਂ ਅੱਜ ਟਰੇਨ ’ਚ ਬੈਠ ਕੇ ਚੱਲੇ ਜਾਓ ਜੇੇ ਤੁਹਾਡੇ ਕੋਲ ਕਿਰਾਇਆ ਨਹੀਂ ਤਾਂ ਅਸੀਂ ਦੇ ਦੇਂਦੇ ਹਾਂ। ਦੋਹਾਂ ਦੇਸ਼ਾਂ ਦੇ ਲੋਕ ਆਪਸ ’ਚ ਮਿਲਣਗੇ ਤਾਂ ਹੀ ਆਪਸੀ ਗ਼ਲਤ ਫ਼ਹਿਮੀਆਂ ਦੂਰ ਹੋਣਗੀਆਂ। ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਵੇ–ਮੇਲ ਮਿਲਾਪ ਹੋਵੇ–ਤਾਂ ਹੀ ਇਸ ਖਿੱਤੇ ’ਚ ਸ਼ਾਂਤੀ ਹੋਵੇਗੀ। ਅੱਜ ਹੋਣ ਵਾਲੇ ਸੈਮੀਨਾਰਾਂ ਦੀ ਬਹੁਤ ਅਹਿਮੀਅਤ ਹੈ।
ਹਰਸ਼ ਮੰਦਰ ਨੇ ਕਿਹਾ ਕਿ ਪਾਕਿਸਤਾਨ ’ਚ ਆਪਣੇ ਘਰ ਗਏ ਤਾਂ ਉਨ੍ਹਾਂ ਨੂੰ ਬਹੁਤ ਭਰਪੂਰ ਪਿਆਰ ਤੇ ਸਤਿਕਾਰ ਮਿਲਿਆ। ਮੈਂ ਬੜੇ ਦੇਸ਼ ਘੁੰਮਿਆ ਹਾਂ ਪਰ ਜਿਨ੍ਹਾਂ ਪਿਆਰ ਪਾਕਿਸਤਾਨ ’ਚੋਂ ਮਿਲਿਆ ਹੈ ਹੋਰ ਕਿਸੇ ਦੇਸ਼ ’ਚੋਂ ਨਹੀਂ ਮਿਲਿਆ। ਉਲਪਿੰਕ ਖੇਡਾਂ ’ਚ ਜੇਤੂ ਨੀਰਜ ਚੋਪੜਾ ਤੇ ਅਰਸ਼ਦ ਨਦੀਮ ਨੇ ਆਪਣੇ ਆਪਣੇ ਮੌਢੇ ਤੇ ਆਪਣਾ ਝੰਡਾ ਰੱਖ ਕੇ ਪਿਆਰ ਨਾਲ ਹੱਥ ਮਿਲਾਏ। ਦੋਹਾਂ ਦੇਸ਼ਾਂ ਨੂੰ ਪਿਆਰ, ਸਾਂਝ ਤੇ ਅਮਨ ਦਾ ਸੰਦੇਸ਼ ਦਿੱਤਾ। ਸ਼ਾਹੀਨ ਬਾਗ ’ਚ ਅੰਦੋਲਨ ਕਰ ਰਹੀਆਂ ਮੁਸਲਮਾਨ ਔਰਤਾਂ ਲਈ ਸਿੱਖਾਂ ਦਾ ਲੰਗਰ ਪਹੁੰਚਾਉਣਾ ਸਦਭਾਵਨਾ ਦੀ ਬੜੀ ਵਧੀਆ ਉਦਾਹਰਣ ਹੈ। ਅਜ਼ਾਦੀ ਦੇ ਨਾਲ ਨਾਲ ਮੁਹੱਬਤ ਵੀ ਮੁਬਾਰਕ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਵੰਡ ਦੇ ਦਰਦ ਨੂੰ ਸਿੱਖ, ਹਿੰਦੂ, ਮੁਸਲਮਾਨ ਅੱਜ ਵੀ ਨਹੀਂ ਭੁੱਲੇ। ਜਦੋਂ ਦੋਹਾਂ ਦੇਸ਼ਾਂ ਦੇ ਲੋਕ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਪਹਿਲਾਂ ਤੋਂ ਬਣੀਆਂ ਹੋਈਆਂ ਧਾਰਨਾਵਾਂ ਫੁੱਟਦੀਆਂ ਹਨ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਵੀਜ਼ੇ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ, ਆਉਣ ਜਾਣ ਦੀ ਖੁੱਲ ਹੋਵੇ ਤਾਂ ਕਿ ਆਪਸ ਦੀਆਂ ਗਲਤ ਫ਼ਹਿਮੀਆਂ ਦੂਰ ਹੋਣ ਤੇ ਆਪਸੀ ਮੇਲ ਮਿਲਾਪ ਵਧੇ। ਦੋਹਾਂ ਦੇਸ਼ਾਂ ’ਚ ਸੁੱਖ ਸ਼ਾਂਤੀ ਹੋਵੇ, ਵਪਾਰ ਦੀ ਖੁੱਲ ਹੋਵੇ।
ਸੋਸ਼ਲਿਸਟ ਪਾਰਟੀ ਇੰਡੀਆ ਦੇ ਆਗੂ ਸੰਦੀਪ ਪਾਂਡੇ ਨੇ ਕਿਹਾ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੋਹੇਂ ਆਪਣੇ ਪਰਮਾਣੂ ਬੰਬ ਜਾਇਆ ਕਰਨ। ਮਾਰੂ ਹਥਿਆਰਾਂ ਦੀ ਦੌੜ ’ਚ ਅਮਨ ਭੰਗ ਹੁੰਦਾ ਹੈ ਤੇ ਜੰਗ ਦਾ ਮਾਹੌਲ ਬਣਦਾ ਹੈ। ਉਨ੍ਹਾਂ ਨੇ ਆਪਣੀ ਪਦ ਯਾਦਰਾ ਦੇ ਅਨੁਭਵ ਲੋਕਾਂ ਵੱਲੋਂ ਮਿਲੇ ਹੁੰਗਾਰੇ ਦਾ ਵਰਣਨ ਕੀਤਾ। ਬਾਰਡਰ ਖੁੱਲਣਾ ਚਾਹੀਦਾ ਹੈ। ਲੋਕਾਂ ਨੂੰ ਆਪਸ ’ਚ ਮਿਲਣ ਦੇਣਾ ਚਾਹੀਦਾ ਹੈ ਤਾਂ ਹੀ ਸ਼ਾਂਤੀ ਬਹਾਲ ਹੋਵੇਗੀ।
ਆਗਾਜ਼–ਏ–ਦੋਸਤੀ ਦੇ ਆਗੂ ਰਾਮ ਮੋਹਨ ਰਾਏ ਨੇ ਕਿਹਾ ਕਿ ਅਸੀਂ 12 ਪ੍ਰਦੇਸ਼ਾਂ ਤੋਂ ਹੁੰਦੇ ਹੋਏ ਆਗਾਜ਼–ਏ–ਦੋਸਤੀ ਦਾ ਕਾਫ਼ਲਾ ਲੈ ਕੇ ਚੱਲ ਰਹੇ ਹਾਂ। ਹਰ ਪ੍ਰਦੇਸ਼ ਵਿੱਚ ਲੋਕਾਂ ਨੇ ਭਰਪੂਰ ਸਵਾਗਤ ਕੀਤਾ ਹੈ। ਰਾਹ ਵਿੱਚ 7 ਕਾਲਜਾਂ ਦੇ ਖੱਚਾ ਖੱਚ ਭਰੇ ਹਾਲਾਂ ਵਿੱਚ ਅਸੀਂ ਅਮਨ ਤੇ ਦੋਸਤੀ ਦਾ ਸੰਦੇਸ਼ ਦਿੱਤਾ ਹੈ।
ਦੋਹਾਂ ਪਾਸਿਆਂ ਤੋਂ ਲੋਕ ਮੇਲ–ਮਿਲਾਪ ਚਾਹੁੰਦੇ ਹਨ। ਗਾਂਧੀ ਜੀ ਦੀਆਂ ਕੋਸ਼ਿਸ਼ਾਂ ਸਦਕਾ ਪਾਣੀਪਤ ਦੇ ਮੁਸਲਮਾਨ ਪਾਕਿਸਤਾਨ ਜਾਣ ਤੋਂ ਰੁਕ ਗਏ ਪਰ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਲੋੋਕਾਂ ਦਾ ਹੌਂਸਲਾ ਟੁੱਟ ਗਿਆ ਤਾਂ ਉਹ ਪਾਕਿਸਤਾਨ ਚੱਲੇ ਗਏ। ਜੇਕਰ ਜਰਮਨੀ ਦੀ ਦੀਵਾਰ ਟੁੱਟ ਕੇ ਉਹ ਇਕ ਹੋ ਸਕਦੇ ਹਨ ਤਾਂ ਭਾਰਤ–ਪਾਕਿ ਦੀ ਦੀਵਾਰ ਟੁੱਟ ਕੇ ਉਹ ਇੱਕ ਹੋ ਸਕਦੇ ਹਨ ਤਾਂ ਭਾਰਤ–ਪਾਕਿ ਦੇ ਲੋਕ ਵੀ ਇਕ ਹੋ ਸਕਦੇ ਹਨ–ਯਤਨ ਜਾਰੀ ਰਹਿਣੇ ਚਾਹੀਦੇ ਹਨ।
ਕਿਸਾਨ ਅੰਦੋਲਨ ਦੇ ਧਾਕੜ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੈਂ ਪੰਜ ਸਾਲ ਦਾ ਸੀ ਜਦੋਂ ਦੇਸ਼ ਅਜ਼ਾਦ ਹੋਇਆ। ਸਾਡਾ ਪਿੰਡ ਵੱਡਾ ਸੀ, ਲੁੱਟਣ ਵਾਲੇ ਸਿਰਫ਼ ਦੋ ਬੰਦੇ ਸਨ–ਸਾਡੇ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਬਾਇਕਾਟ ਕਰਕੇ ਪਿੰਡੋਂ ਕੱਢ ਦਿੱਤਾ ਸੀ। 2017 ਤੋਂ ਸਾਨੂੰ ਭਿਣਕ ਪੈ ਗਈ ਸੀ ਕਿ ਸਰਕਾਰ ਕਾਰਪੋਰੇਟ ਕਲਚਰ ਵੱਲ ਵਧ ਰਹੀਂ ਹੈ। ਅਸੀਂ ਉਦੋਂ ਤੋਂ ਹੀ ਅੰਦੋਲਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਸਾਡੇ ਖਿਤੇ ਦੇ ਲੋਕ ਹਰ ਆਦਤ, ਹਰ ਹਮਲਾਵਰ, ਹਰ ਜ਼ਾਲਮ ਸ਼ਾਸ਼ਕ ਦਾ ਵਿਰੋਧ ਕਰਦੇ ਆਏ ਹਨ। ਦੋਹਾਂ ਦੇਸ਼ਾਂ ਦੇ ਲੋਕ ਮਿਲਕੇ ਯਤਨ ਕਰਨ ਤਾਂ ਬਰਲਿਨ ਦੀ ਦੀਵਾਰ ਟੁੱਟ ਜਾਵੇਗੀ। ਸੈਮੀਨਾਰਾਂ ਦੇ ਨਾਲ–ਨਾਲ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖੀਆਂ ਜਾਣ ਤਾਂ ਸਫ਼ਲਤਾ ਮਿਲੇਗੀ ਹੀ ਮਿਲੇਗੀ।
ਅਸੀਂ ਕਿਸਾਨ ਅੰਦੋਲਨ ’ਚ ਜਿਤ ਕੇ ਆਏ ਹਾਂ। ਸਰਕਾਰ ਨੇ ਚਾਲ ਚੱਲ ਕੇ 26 ਜਨਵਰੀ ਨੂੰ ਸਾਡੀ ਮੁਹਿੰਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। 23 ਜਨਵਰੀ ਦੀ ਮੀਟਿੰਗ ’ਚ ਖੇਤੀ ਮੰਤਰੀ ਨੇ ਕਿਹਾ ਸੀ ‘‘ਠੀਕ ਹੈ ਰਾਜੇਵਾਲ ਜੀ ਫਿਰ 26 ਜਨਵਰੀ ਕੋ ਹਮ ਅਪਨੀ 26 ਜਨਵਰੀ ਮਨਾਏਂਗੇ ਆਪ ਅਪਨੀ 26 ਜਨਵਰੀ ਮਨਾਨਾ’’। ਦੇਸ਼ ’ਚ 81 ਪ੍ਰਤੀਸ਼ਤ ਲੋਕ ਨੇ ਜਿਹੜੇ ਆਪਣੀ ਰੋਟੀ ਕਮਾਉਣ ਜੋਗੇ ਨਹੀਂ। ਬਾਕੀ 20 ਪ੍ਰਤੀਸ਼ਤ ਅਮੀਰ ਹੋਰ ਅਮੀਰ ਹੋ ਰਹੀਂ ਹੈ ਤੇ ਸਰਕਾਰ ਉਨ੍ਹਾਂ ਦੀ ਮਦਦ ਕਰ ਰਹੀਂ ਹੈ। ਅੰਬਾਨੀਆਂ, ਅਡਾਨੀਆਂ ਨੇ ਹਰ ਚੀਜ਼ ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਦੇ ਹਰ ਸਾਲ 3–4 ਕਰੋੜ ਕਰਜੇ ਮਾਫ਼ ਹੁੰਦੇ ਹਨ। ਹੋਰ ਕਿਸੇ ਦੇਸ਼ ਵਿੱਚ ਕਿਸਾਨ ਖ਼ੁਦਕੁਸ਼ੀ ਨਹੀਂ ਕਰਦੇ। ਪਰ ਭਾਰਤ ਵਿੱਚ 3–4 ਲੱਖ ਕਰ ਚੁੱਕੇ ਹਨ। ਇਹ ਸਭ ਸਰਕਾਰ ਦੀਆਂ ਕਾਰਪੋਰੇਟਾਂ ਲਈ ਬਣਾਇਆ ਨੀਤੀਆਂ ਹਨ।
ਅੰਤ ਸਮਾਗਮ ਵਿੱਚ ਪਹੁੰਚੇ ਸਮੂਹ ਜੱਥੇਬੰਦੀਆਂ ਦਾ ਧੰਨਵਾਦ ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕੀਤਾ ਅਤੇ ਅਕਾਦਮੀ ਦੇ ਹਰ ਸਾਲ ਕਰਵਾਏ ਗਏ ਸਮਾਗਮਾਂ ਦੀ ਜਾਣਕਾਰੀ ਸਭ ਨਾਲ ਸਾਂਝੀ ਕੀਤੀ। ਸਮਾਗਮ ਦਾ ਐਲਾਨਨਾਮਾ ਫ਼ੋਕਲੋਰ ਰਿਸਰਚ ਅਕਾਦਮੀ ਦੀ ਸਕੱਤਰ ਕਮਲ ਗਿੱਲ ਨੇ ਪੜ੍ਹ ਕੇ ਸੁਣਾਇਆ। ਮੰਚ–ਸੰਚਾਲਕ ਦੀ ਭੂਮਿਕਾ ਸ਼ਾਇਰ ਸੁਰਜੀਤ ਜੱਜ ਨੇ ਬਾਖੂਬੀ ਨਿਭਾਈ। ਸੈਮੀਨਾਰ ਤੋਂ ਬਾਅਦ ਪੰਜਾਬ ਨਾਟਸ਼ਾਲਾ ਵਿਖੇ ਸੰਸਾਰ ਪ੍ਰਸਿੱਧ ਸ਼ਾਇਰ ਪਦਮ ਸ੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਅਤੇ ਹਿੰਦ–ਪਾਕਿ ਦੋਸਤੀ ਦਾ ਪੈਗਾਮ ਦੇਣ ਲਈ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਯਾਕੂਬ ਗਿੱਲ ਅਤੇ ਮਨਰਾਜ ਪਾਤਰ ਨੇ ਆਪਣੇ ਆਪਣੇ ਗੀਤ ਪੇਸ਼ ਕੀਤੇ।
ਇਸ ਮੌਕੇ ਦਿਲਬਾਗ ਸਿੰਘ ਸਰਕਾਰੀਆ, ਕਰਮਜੀਤ ਕੌਰ ਜੱਸਲ, ਜਸਵੰਤ ਰੰਧਾਵਾ, ਹਰਜੀਤ ਸਿੰਘ ਸਰਕਾਰੀਆ, ਹਰੀਸ਼ ਸਾਬਰੀ, ਧਰਵਿੰਦਰ ਔਲਖ, ਭੂਪਿੰਦਰ ਸਿੰਘ ਸੰਧੂ, ਐਸ ਪ੍ਰਸ਼ੋਤਮ, ਪੀ. ਐਲ. ਉਨਆਲ, ਅਸ਼ੋਕ ਜੋਸ਼ੀ, ਓਂਕਾਰ ਸਿੰਘ ਰਾਜਾਤਾਲ, ਜਗਰੂਪ ਸਿੰਘ ਐਮਾ, ਗੁਰਜਿੰਦਰ ਬਘਿਆੜੀ, ਗੋਬਿੰਦ ਕੁਮਾਰ, ਡਾ. ਹੀਰਾ ਸਿੰਘ, ਮਨਜੀਤ ਸਿੰਘ ਧਾਲੀਵਾਲ, ਦਸਵਿੰਦਰ ਕੌਰ, ਅਮਰਜੀਤ ਸਿੰਘ ਆਸਲ, ਕਿਰਤੀ ਕਿਸਾਨ ਯੂਨੀਅਨ ਰਮਿੰਦਰ ਸਿੰਘ ਪਟਿਆਲਾ ਅਤੇ ਜਤਿੰਦਰ ਸਿੰਘ ਛੀਨਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਧਨਵੰਤ ਸਿੰਘ ਖ਼ਤਰਾਏ ਕਲਾ, ਜਮਹੂਰੀ ਕਿਸਾਨ ਸਭਾ ਸਤਨਾਮ ਸਿੰਘ ਅਜਨਾਲਾ, ਪੰਜਾਬ ਕਿਸਾਨ ਯੂਨੀਅਨ ਬਲਬੀਰ ਮੂਧਲ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਉਮਰਾਜ ਸਿੰਘ ਧਰਦਿਊ ਆਦਿ ਵੱਡੀ ਗਿਣਤੀ ਵਿੱਚ ਅਮਨ ਪਸੰਦ ਲੋਕਾਂ ਨੇ ਸ਼ਿਰਕਤ ਕੀਤੀ।