ਵੈਕਟਰ ਬੌਰਨ ਅਤੇ ਵਾਟਰ ਬੌਰਨ ਬੀਮਾਰੀਆਂ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਜਰੂਰੀ: ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ
ਹੁਸ਼ਿਆਰਪੁਰ 19 ਜੁਲਾਈ 2024 : ਵੈਕਟਰ ਬੌਰਨ ਅਤੇ ਵਾਟਰ ਬੌਰਨ ਬੀਮਾਰੀਆਂ ਦੀ ਰੋਕਥਾਮ ਲਈ ਇੱਕ ਵਿਸ਼ੇਸ਼ ਮੀਟਿੰਗ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਜਿਲਾ ਐਪੀਡਿਮੋਲੇਜਿਸਟ ਡਾ.ਜਗਦੀਪ ਸਿੰਘ, ਐਪੀਡਿਮੋਲੇਜਿਸਟ ਆਈ.ਡੀ.ਐਸ.ਪੀ ਡਾ. ਸੈਲੇਸ਼ ਕੁਮਾਰ, ਜਿਲੇ ਦੇ ਸੀਨੀਅਰ ਮੈਡੀਕਲ ਅਫਸਰ, ਜਿਲਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਅਤੇ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਸ਼ਾਮਿਲ ਹੋਏ ਅਤੇ ਇਹਨਾਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਵੈਕਟਰ ਬੌਰਨ ਅਤੇ ਵਾਟਰ ਬੌਰਨ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਚਿਕਨਗੂਣੀਆ ਅਤੇ ਡਾਇਰੀਆ ਆਦਿ ਬਾਰੇ ਆਮ ਆਦਮੀ ਕਲੀਨਿਕ ਦੇ ਡਾਕਟਰਾਂ, ਹੈਲਥ ਐਂਡ ਵੈਲਨੈੱਸ ਸੈਂਟਰ ਦੇ ਸੀਐਚਓ, ਏਐਨਐਮ, ਮੇਲ ਹੈਲਥ ਵਰਕਰਾਂ ਅਤੇ ਆਸ਼ਾ ਵਰਕਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇਹਨਾਂ ਬੀਮਾਰੀਆ ਦੀ ਰੋਕਥਾਮ ਲਈ ਉਪਰਾਲਿਆਂ ਬਾਰੇ ਸੈਂਸਟਾਈਜ ਕੀਤਾ ਜਾਵੇ। ਪਿੰਡਾਂ ਦੇ ਮੁਹਤਬਾਰ ਵਿਅਕਤੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣ ਅਤੇ ਉਹਨਾਂ ਨੂੰ ਦੱਸਿਆ ਜਾਵੇ ਕਿ ਉਹਨਾਂ ਵੱਲੋਂ ਕੀ ਜਰੂਰ ਕਦਮ ਚੁੱਕੇ ਜਾਣ।
ਇਹਨਾਂ ਬੀਮਾਰੀਆ ਦੇ ਲੱਛਣਾਂ ਖਾਸ ਕਰ ਡੇੰਗੂ ਦੇ ਗੰਭੀਰ ਲੱਛਣਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜੇਕਰ ਤੇਜ਼ ਬੁਖਾਰ, ਮਾਸਪੇਸ਼ੀਆਂ ਅਤੇ ਜੋੜਾਂ ਅਤੇ ਹੱਡੀਆਂ ਵਿਚ ਦਰਦ, ਅੱਖਾਂ ਦੇ ਪਿੱਛੇ ਖਿੱਚ ਤੇ ਦਰਦ ਅਤੇ ਉਲਟੀਆਂ ਆਉਣ ਤਾਂ ਅਜਿਹੀ ਸੂਰਤ ਵਿਚ ਜਲਦੀ ਤੋਂ ਜਲਦੀ ਨਜ਼ਦੀਕੀ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ। ਜਿੱਥੇ ਡੇਂਗੂ ਦੇ ਸਾਰੇ ਟੈਸਟ ਅਤੇ ਇਲਾਜ਼ ਫ੍ਰੀ ਕੀਤਾ ਜਾਂਦਾ ਹੈ। ਕਿਉਂਕਿ ਜੇਕਰ ਲੋਕ ਇਹਨਾਂ ਗੰਭੀਰ ਬੀਮਾਰੀਆਂ ਬਾਰੇ ਜਾਗਰੂਕ ਹੋਣਗੇ ਤਾਂ ਹੀ ਇਹਨਾਂ ਕਾਰਣਾਂ ਦੀ ਰੋਕਥਾਮ ਜਾਂ ਖਤਮ ਕਰਨ ਵਿੱਚ ਵਿਭਾਗ ਦਾ ਸਹਿਯੋਗ ਕਰਨਗੇ।
ਡਾ ਜਗਦੀਪ ਸਿੰਘ ਨੇ ਕਿਹਾ ਕਿ ਕਿਸੇ ਵੀ ਬੀਮਾਰੀ ਦੀ ਆਊਟਬ੍ਰੇਕ ਨੂੰ ਤੁਰੰਤ ਰਿਪੋਰਟ ਕੀਤਾ ਜਾਵੇ। ਸਮੂਹ ਸਿਹਤ ਸੰਸਥਾਵਾਂ ਤੇ ਜਿੰਕ, ਓ.ਆਰ.ਐਸ ਅਤੇ ਕਲੋਰੀਨ ਉਚਿਤ ਮਾਤਰਾ ਵਿੱਚ ਉਪਲੱਬਧ ਹੋਣਾ ਯਕੀਨੀ ਬਣਾਇਆ ਜਾਵੇ। ਬਰੀਡਿੰਗ ਚੈਕਿੰਗ ਦੀ ਰੋਜਾਨਾ ਰਿਪੋਰਟ ਸਮੇਂ ਸਿਰ ਭੇਜਣੀ ਯਕੀਨੀ ਬਣਾਈ ਜਾਵੇ।
ਡਾ ਸੈਲੇਸ਼ ਕੁਮਾਰ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਜਿਨਾਂ ਖੇਤਰਾਂ ਵਿੱਚ ਆਊਟਬ੍ਰੇਕ ਹੋਈ ਸੀ ਉਹਨਾਂ ਖੇਤਰਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਜਿਨਾਂ ਖੇਤਰਾਂ ਵਿੱਚ ਪਿਛਲੇ 5 ਸਾਲਾਂ ਦੇ ਦੌਰਾਨ ਗੰਦੇ ਪਾਣੀ ਦੀ ਸ਼ਿਕਾਇਤ ਰਹੀ ਹੋਵੇ ਅਤੇ ਨੀਵੇਂ ਜ਼ਮੀਨੀ ਖੇਤਰ ਹੋਣ ਉਹਨਾਂ ਇਲਾਕਿਆਂ ਦਾ ਵਾਟਰ ਸੈਂਪਲ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਜੇਕਰ ਕਿਤੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਮਿਕਸ ਹੋ ਰਹੇ ਹੋਣ ਤਾਂ ਉਸਦੀ ਵੀਡੀਓ ਬਣਾ ਕੇ ਸੰਬੰਧਿਤ ਉੱਚ ਅਧਿਕਾਰੀਆਂ ਨੂੰ ਭੇਜੀਆਂ ਜਾਣ ਤਾਂ ਜੋ ਵਾਟਰ ਬੌਰਨ ਬੀਮਾਰੀਆਂ ਹੋਣ ਤੋਂ ਰੋਕਿਆ ਜਾ ਸਕੇ।