ਹੁਸ਼ਿਆਰਪੁਰ ਹਲਕੇ ਦੇ ਵੋਟਰਾਂ ‘ਤੇ ਨਹੀਂ ਚੱਲਿਆ ਮੋਦੀ ਦਾ ਜਾਦੂ * ਭਗਵਾਨ ਰਾਮ ਜੀ ਨੂੰ ਛੱਡ ਕੇ ਗੁਰੂ ਰਵਿਦਾਸ ਜੀ ਦੀ ਮਹਿਮਾ ਗਾਉਣੀ ਵੀ ਰਾਸ ਨਾ ਆਈ
ਹੁਸ਼ਿਆਰਪੁਰ 10 ਜੂਨ ( ਤਰਸੇਮ ਦੀਵਾਨਾ ): ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਲੋਕਾਂ ਵੱਲੋਂ ਦਿੱਤੇ ਫਤਵੇ ਤੋਂ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਗਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖੁਦ ਦਾ ਅਤੇ ਉਨ੍ਹਾਂ ਵੱਲੋਂ ਪੂਰੇ ਦੇਸ਼ ਵਿੱਚ ਅਲਾਪੇ ਰਾਮ ਮੰਦਰ ਦਾ ਜਾਦੂ ਇਸ ਵਾਰ ਹਲਕੇ ਦੇ ਵੋਟਰਾਂ ‘ਤੇ ਨਹੀਂ ਚੱਲ ਸਕਿਆ । ਹੋਰ ਤਾਂ ਹੋਰ ਦੇਸ਼ ਭਰ ਵਿੱਚ ਭਗਵਾਨ ਸ਼੍ਰੀ ਰਾਮ ਦਾ ਆਪਣੇ ਭਾਸ਼ਣ ਵਿੱਚ ਵਿਸ਼ੇਸ਼ ਜ਼ਿਕਰ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਨੂੰ ਹੁਸ਼ਿਆਰਪੁਰ ਆ ਕੇ ਭਗਵਾਨ ਸ਼੍ਰੀ ਰਾਮ ਜੀ ਨੂੰ ਭੁੱਲ ਗਏ ਅਤੇ ਗੁਰੂ ਰਵਿਦਾਸ ਜੀ ਯਾਦ ਆ ਗਏ ਉਨ੍ਹਾਂ ਵੱਲੋਂ ਹੁਸ਼ਿਆਰਪੁਰ ਆਮਦ ਸਮੇਂ ਦਿੱਤਾ ਗਿਆ ਭਾਸ਼ਨ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ‘ਤੇ ਹੀ ਅਧਾਰਿਤ ਰਿਹਾ |
ਵੈਸੇ ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਵੱਲੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਪਾਰਟੀ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿਚ ਕੀਤੀ ਰੈਲੀ ਦੀ ਭਰਪੂਰ ਚਰਚਾ ਹੋਈ ਅਤੇ ਲੋਕਾਂ ਵਿੱਚ ਇਹ ਪ੍ਰਭਾਵ ਵੀ ਗਿਆ ਕਿ ਸ਼ਾਇਦ ਹੁਣ ਪ੍ਰਧਾਨ ਮੰਤਰੀ ਦੀ ਇਸ ਕੋਸ਼ਿਸ਼ ਨਾਲ ਭਾਜਪਾ ਜਿੱਤ ਦੇ ਨੇੜੇ ਪਹੁੰਚ ਗਈ ਹੈ। ਜਿਸ ਤਰ੍ਹਾਂ ਭਾਜਪਾ ਦੇ ਇਸ ਸਟਾਰ ਪ੍ਰਚਾਰਕ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ਚ ਗੁਰੂ ਰਵਿਦਾਸ ਜੀ ਦਾ ਵਾਰ-ਵਾਰ ਜ਼ਿਕਰ ਕੀਤਾ ਅਤੇ ਉਨ੍ਹਾਂ ਦੇ ਨਾਂਅ ‘ਤੇ ਆਦਮਪੁਰ ਏਅਰਪੋਰਟ ਦਾ ਨਾਂਅ ਰੱਖਣ ਦੀ ਇੱਛਾ ਪ੍ਰਗਟਾਈ, ਪਾਰਟੀ ਨੂੰ ਉਮੀਦ ਸੀ ਕਿ ਹਿੰਦੂ ਬਹੁਗਿਣਤੀ ਵੋਟਰਾਂ ਦੇ ਨਾਲ-ਨਾਲ ਆਦਿਧਰਮੀ ਬਹੁਗਿਣਤੀ ਨੂੰ ਭਰਮਾ ਕੇ ਉਨ੍ਹਾਂ ਦੇ ਵੋਟ ਬੈੰਕ ਵਿੱਚ ਵੱਡੀ ਸੰਨ੍ਹ ਲਾ ਲਈ ਜਾਵੇਗੀ ਪਰ ਉਨ੍ਹਾਂ ਦੀ ਇਸ ਸੋਚ ਨੂੰ ਬੂਰ ਨਾ ਪੈ ਸਕਿਆ। ਸ਼ਹਿਰੀ ਹਲਕਿਆਂ ‘ਚ ਭਾਵੇਂ ਭਾਜਪਾ ਨੂੰ ਚੰਗੀ ਵੋਟ ਪਈ ਪਰ ਪਿੰਡਾਂ ਤੇ ਕਸਬਿਆਂ ਵਿੱਚ ਬਹੁਤ ਬੁਰੀ ਮਾਰ ਪਈ।
ਚੋਣਾਂ ਤੋਂ ਪਹਿਲਾਂ ਇਹੋ ਵੀ ਵਿਸ਼ਵਾਸ਼ ਕੀਤਾ ਜਾਂਦਾ ਸੀ ਕਿ ਜੇਕਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸਾਂਝ ਭਿਆਲੀ ਪਾ ਲੈਂਦੇ ਅਤੇ ਮਿਲ ਕੇ ਚੋਣ ਲੜਦੇ ਤਾਂ ਸ਼ਾਇਦ ਨਤੀਜੇ ਗਠਜੋੜ ਦੇ ਹੱਕ ਵਿਚ ਹੁੰਦੇ ਪਰ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਅਤੇ ਉਨ੍ਹਾਂ ਦੋਹਾਂ ਦੀਆਂ ਵੋਟਾਂ ਮਿਲਾ ਕੇ ਵੀ ਗੱਲ ਨਾ ਬਣੀ
ਭਾਜਪਾ ਉਮੀਦਵਾਰ ਤੇ ਅਕਾਲੀ ਦਲ ਉਮੀਦਵਾਰ ਦੀ ਵੋਟ ਮਿਲਾ ਕੇ ਵੀ ਜੇਤੂ ਉਮੀਦਵਾਰ ਤੋਂ ਘੱਟ ਰਹੀ। ਇਸ ਵਾਰ ਜਿੱਤ ਹਾਰ ਦਾ ਫ਼ਰਕ ਲਗਭਗ 2019 ਦੀਆਂ ਚੋਣਾਂ ਦੇ ਬਰਾਬਰ ਰਿਹਾ। ਪਿਛਲੀਆਂ ਚੋਣਾਂ ‘ਚ ਭਾਜਪਾ 48,530 ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ। ਇਸ ਵਾਰ ਇਹ ਫ਼ਰਕ 44111 ਰਿਹਾ। ਬਹੁਜਨ ਸਮਾਜ ਪਾਰਟੀ ਨੂੰ ਉਮੀਦ ਤੋਂ ਕਾਫ਼ੀ ਘੱਟ ਵੋਟਾਂ ਪਈਆਂ। ਪਿਛਲੀ ਵਾਰ ਪਾਰਟੀ ਨੂੰ 1.28 ਲੱਖ ਵੋਟਾਂ ਪਈਆਂ ਸਨ। ਇਸ ਵਾਰ ਮਹਿਜ਼ 47975 ਵੋਟਾਂ ਹੀ ਪਈਆਂ। ਪਿਛਲੀ ਵਾਰ ਭਾਜਪਾ ਨੂੰ 42.49 ਫ਼ੀਸਦੀ, ਕਾਂਗਰਸ ਨੂੰ 37.59 ਫ਼ੀਸਦੀ ਅਤੇ ‘ਆਪ’ ਨੂੰ 4.49 ਫ਼ੀਸਦੀ ਵੋਟਾਂ ਮਿਲੀਆਂ ਸਨ। ਇਸ ਵਾਰ ‘ਆਪ’ ਨੇ ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਆਪਣੇ ਨਾਲ ਰਲਾ ਕੇ ਚੋਣ ਲੜੀ ਉਨ੍ਹਾਂ ਨੂੰ ਜੋ ਵੋਟ ਹਾਸਿਲ ਹੋਈ ਹੈ, ਉਹ ਪਾਰਟੀ ਨੂੰ ਘੱਟ ਅਤੇ ਉਨ੍ਹਾਂ ਦੇ ਆਪਣੇ ਰਸੂਖ ਅਤੇ ਮਿਲਵਰਤਨ ਨੂੰ ਜ਼ਿਆਦਾ ਮਿਲੀ ਹੈ।
ਇਸ ਵਿਚ ਕੋਈ ਦੋ ਰਾਏ ਨਹੀਂ ਕਿ ‘ਆਪ’ ਕੋਲ ਇਕ ਵੀ ਯੋਗ ਨੇਤਾ ਨਹੀਂ ਸੀ ਜੋ ਉਸ ਦੀ ਬੇੜੀ ਨੂੰ ਪਾਰ ਲੰਘਾ ਸਕਦਾ। ‘ਆਪ’ ਦੀ ਜਿੱਤ ਵਿਚ ਦੂਜੀਆਂ ਸਿਆਸੀ ਪਾਰਟੀਆਂ ਦੇ ਕਈ ਨੇਤਾਵਾਂ ਨੇ ਵੀ ਪੂਰਾ ਯੋਗਦਾਨ ਪਾਇਆ। ਭਾਜਪਾ ਉਮੀਦਵਾਰ ਨੂੰ ਵਿਰੋਧੀ ਲਹਿਰ ਦਾ ਵੀ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਪਤੀ ਅਤੇ ਮੌਜੂਦਾ ਸੰਸਦ ਮੈਂਬਰ ਸੋਮ ਪ੍ਰਕਾਸ਼ ਦੇ 5 ਸਾਲ ਦੇ ਕਾਰਜਕਾਲ ਤੋਂ ਨਿਰਾਸ਼ ਲੋਕਾਂ ਦੀ ਨਰਾਜ਼ਗੀ ਦੇ ਚਲਦਿਆਂ ਲੋਕਾਂ ਨੇ ਉਨ੍ਹਾਂ ਨੂੰ ਜਿਆਦਾ ਵੋਟਾਂ ਨਹੀਂ ਪਾਈਆਂ। ਪਾਰਟੀ ਦੀ ਅੰਦਰੂਨੀ ਖਹਿਬਾਜ਼ੀ ਵੀ ਫਿੱਕੀ ਕਾਰਗੁਜ਼ਾਰੀ ਦਾ ਇਕ ਕਾਰਨ ਰਹੀ।
ਦੂਜੇ ਪਾਸੇ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਭਾਵੇਂ ਜ਼ਿਆਦਾ ਜਾਣਿਆ ਪਛਾਣਿਆਂ ਚਿਹਰਾ ਨਹੀਂ ਸੀ ਫਿਰ ਵੀ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਪੰਜਾਬ ਦੀ ‘ਆਪ’ ਸਰਕਾਰ ਤੋਂ ਨਿਰਾਸ਼ ਵੋਟਰ ਕਾਂਗਰਸ ਦੇ ਹੱਕ ਵਿਚ ਭੁਗਤੇ।
ਇਸ ਵਾਰ ਵੋਟਰਾਂ ਨੇ ਤਾਮਿਲਨਾਡੂ ਤੋਂ ਆਏ ਤਮਿਲ ਸਿੱਖ ਉਮੀਦਵਾਰ ਦੇ ਨਾਲ ਨਾਲ ਡਾ. ਭੀਮ ਰਾਓ ਅੰਬੇਡਕਰ ਦੇ ਮਹਾਂਰਾਸ਼ਟਰ ਤੋਂ ਆਏ ਪੋਤਰੇ ਨੂੰ ਵੀ ਨਕਾਰ ਦਿੱਤਾ। 2024 ਦੀਆਂ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਪੁਰਾਣੀਆਂ ਅਤੇ ਕਹਿੰਦੀਆਂ ਕਹਾਉਂਦੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ ਰਹੀ। ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਹਨ। ਸਿਮਰਨਜੀਤ ਸਿੰਘ ਮਾਨ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੀ ਇਸ ਵਾਰ ਦਾਲ ਨਾ ਗਲ਼ ਸਕੀ |