ਸਿਵਲ ਸਰਜਨ ਵੱਲੋਂ ਹੜ੍ਹਾਂ ਦੇ ਮੱਦੇਨਜ਼ਰ ਅਤੇ ਜ਼ਿਲ੍ਹੇ ਅੰਦਰ ਚੱਲ ਰਹੇ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਲਈ ਵਿਸ਼ੇਸ਼ ਮੀਟਿੰਗ ਆਯੋਜਿਤ


ਹੁਸ਼ਿਆਰਪੁਰ, 12 ਸਤੰਬਰ 2025 ( ਹਰਪਾਲ ਲਾਡਾ ): ਸਿਵਲ ਸਰਜਨ ਡਾ. ਸੀਮਾ ਗਰਗ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਵਿਖੇ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਹੜ੍ਹਾਂ ਦੇ ਮੱਦੇਨਜ਼ਰ ਸਿਹਤ ਸੇਵਾਵਾਂ ਦੀ ਉਪਲਬਧਤਾ ਅਤੇ ਪ੍ਰਬੰਧਾਂ ਨਾਲ-ਨਾਲ ਜ਼ਿਲ੍ਹੇ ਅੰਦਰ ਚੱਲ ਰਹੇ ਸਾਰੇ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ।
ਇਸ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪ ਲਗਾਉਣ, ਲੋਕਾਂ ਨੂੰ ਤੁਰੰਤ ਸਿਹਤ ਸੇਵਾਵਾਂ ਉਪਲਬਧ ਕਰਵਾਉਣ, ਦਵਾਈਆਂ ਦੀ ਸਪਲਾਈ ਅਤੇ ਸਟਾਫ ਦੀ ਡਿਊਟੀ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਕੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ।

ਸਿਵਲ ਸਰਜਨ ਨੇ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਕਿ ਸਟੇਟ ਹੈਡਕੁਆਰਟਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪ ਲਗਾਏ ਜਾਣ। ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕਰਦਿਆਂ ਉਹਨਾਂ ਕਿਹਾ ਕਿ ਜਿਨ੍ਹਾਂ ਬਲਾਕਾਂ ਜਾਂ ਸਿਹਤ ਸੰਸਥਾਵਾਂ ਤੋਂ ਐਮਆਰ (ਖਸਰਾ-ਰੂਬੇਲਾ) ਜਾਂ ਏਐਫਪੀ (ਐਕਿਊਟ ਫਲੈਸਿਡ ਪੈਰਾਲਿਸਿਸ) ਦੇ ਕੇਸ ਰਿਪੋਰਟ ਨਹੀਂ ਕੀਤੇ ਗਏ, ਉੱਥੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਸਬੰਧੀ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਣ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਮੂਹ ਡਲਿਵਰੀ ਪੁਆਇੰਟਾਂ ਉੱਤੇ ਹੋਣ ਵਾਲੀਆਂ ਸਾਰੀਆਂ ਡਲਿਵਰੀਆਂ ਦੀ ਜਾਣਕਾਰੀ ਸੌ ਫ਼ੀਸਦੀ ਯੂ-ਵਿਨ ਪੋਰਟਲ ਉੱਤੇ ਅਪਲੋਡ ਕੀਤੀ ਜਾਵੇ ਤਾਂ ਜੋ ਅੰਕੜੇ ਸਹੀ ਅਤੇ ਪੂਰੇ ਹੋਣ।

ਮੀਟਿੰਗ ਦੌਰਾਨ ਇਹ ਵੀ ਸਮੀਖਿਆ ਕੀਤੀ ਗਈ ਕਿ ਆਯੂਸ਼ਮਾਨ ਆਰੋਗਿਆ ਕੇਂਦਰਾਂ/ਆਮ ਆਦਮੀ ਕਲੀਨਿਕਾਂ ਵਿੱਚ ਆਉਣ ਵਾਲੇ ਹਰੇਕ ਮਰੀਜ਼ ਦੀ ਬੀ.ਪੀ. ਅਤੇ ਸ਼ੂਗਰ ਦੀ ਜਾਂਚ ਦੇ ਨਾਲ ਨਾਲ ਓਰਲ ਕੈਂਸਰ, ਬ੍ਰੈਸਟ ਕੈਂਸਰ ਅਤੇ ਸਰਵਾਈਕਲ ਕੈਂਸਰ ਦੀ ਸਕ੍ਰੀਨਿੰਗ ਕਰਨਾ ਲਾਜ਼ਮੀ ਬਣਾਇਆ ਜਾਵੇ। ਇਸਦੇ ਨਾਲ ਹੀ ਇਹ ਸਾਰੀਆਂ ਰਿਪੋਰਟਾਂ ਸੀਐਚਓ ਵੱਲੋਂ ਪੋਰਟਲ ਉੱਤੇ ਸਮੇਂ ਸਿਰ ਅਪਲੋਡ ਕਰਨ ਦੀ ਜ਼ਿੰਮੇਵਾਰੀ ਨਿਭਾਈ ਜਾਵੇ।

ਸਿਵਲ ਸਰਜਨ ਨੇ ਹੜ੍ਹਾਂ ਤੋਂ ਬਾਅਦ ਪਰਿਵਾਰ ਨਿਯੋਜਨ ਲਈ ਵਿਸ਼ੇਸ਼ ਕੈਂਪ ਲਗਾਉਣ ਬਾਰੇ ਕਿਹਾ ਕਿ ਇਸ ਲਈ ਯੋਗ ਜੋੜਿਆਂ ਨੂੰ ਪ੍ਰੇਰਿਤ ਕੀਤਾ ਜਾਵੇ। ਉਹਨਾਂ ਸੱਪ ਦੇ ਕੱਟਣ ਦੇ ਕੇਸਾਂ ਦੀ ਰਿਪੋਰਟ ਵੀ ਨਿਰਧਾਰਤ ਪ੍ਰੋਟੋਕਾਲ ਅਨੁਸਾਰ ਤਿਆਰ ਕਰਕੇ ਸਮੇਂ ਸਿਰ ਭੇਜਣ ਦੇ ਆਦੇਸ਼ ਦਿੱਤੇ।
ਇਸ ਮੌਕੇ ਡਾ. ਸੀਮਾ ਗਰਗ ਨੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਸਾਫ਼ ਪਾਣੀ, ਸਫਾਈ ਅਤੇ ਬਿਮਾਰੀਆਂ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾਵੇ। ਇਸ ਸੰਬੰਧ ਵਿੱਚ ਸਕੂਲਾਂ, ਅੰਗਨਵਾੜੀ ਕੇਂਦਰਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਰਾਹੀਂ ਲੋਕਾਂ ਤੱਕ ਸੰਦੇਸ਼ ਪਹੁੰਚਾਇਆ ਜਾਵੇ। ਮੀਟਿੰਗ ਦੇ ਅੰਤ ਵਿੱਚ ਸਿਵਲ ਸਰਜਨ ਨੇ ਸਪੱਸ਼ਟ ਕੀਤਾ ਕਿ ਹੜ੍ਹ ਦੇ ਮੱਦੇਨਜ਼ਰ ਸਿਹਤ ਸੇਵਾਵਾਂ ਵਿੱਚ ਕੋਈ ਵੀ ਕਮੀ ਨਾ ਰਹੇ ਅਤੇ ਹਰ ਪੱਧਰ ਉੱਤੇ ਲੋਕਾਂ ਨੂੰ ਸਮੇਂ ਸਿਰ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣਾ ਯਕੀਨੀ ਬਣਾਇਆ ਜਾਵੇ।



