ਪੰਜਾਬ

ਹੈਪਾਟਾਈਟਸ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਜ਼ਰੂਰੀ : ਡਾ. ਸੰਗੀਤਾ ਜੈਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜੁਲਾਈ ( ਹਰਪਾਲ ਲਾਡਾ ): ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਸੋਜਿ਼ਸ਼ ਦੀ ਬੀਮਾਰੀ ਹੈ ਜੋ ਵਾਇਰਸ ਰਾਹੀਂ ਫੈਲਦੀ ਹੈ। ਜੇ ਇਸ ਬੀਮਾਰੀ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਸ ਦੇ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਇਸ ਦਾ ਇਲਾਜ ਸੰਭਵ ਹੈ। ਇਸ ਸਾਲ ਦਾ ਵਿਸ਼ਾ-ਵਸਤੂ ਹੈ, ਆਉ! ਇਸ ਦੇ ਅੜਿੱਕਿਆਂ ਨੂੰ ਦੂਰ ਕਰੀਏ।

ਸਿਹਤ ਅਧਿਕਾਰੀਆਂ ਨੇ ਦਸਿਆ ਕਿ ਹੈਪੇਟਾਈਟਸ ਪੰਜ ਤਰ੍ਹਾਂ ਦਾ ਹੁੰਦਾ ਹੈ, ਜਿਸ ਵਿੱਚ ਹੈਪੇਟਾਈਟਸ ਏ,ਬੀ ,ਸੀ, ਡੀ ਤੇ ਈ ਹਨ। ਹੈਪੇਟਾਈਟਸ ਦੀ ਏ ਅਤੇ ਈ ਕਿਸਮ ਦੂਸ਼ਿਤ ਪਾਣੀ ਪੀਣ, ਗਲੇ-ਸੜੇ ਫਲ ਖਾਣ ਨਾਲ ਤੇ ਮੱਖੀਆਂ ਦੁਆਰਾ ਗੰਦੇ ਕੀਤੇ ਭੋਜਨ ਖਾਣ ਅਤੇ ਬਿਨਾਂ ਹੱਥ ਧੋਤੇ ਭੋਜਨ ਖਾਣ ਨਾਲ ਹੁੰਦਾ ਹੈ। ਹੈਪਾਟਾਈਟਸ ਸੀ ਅਤੇ ਬੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਦੂਸ਼ਿਤ ਖੂਨ ਚੜ੍ਹਾਉਣ ਨਾਲ ਫੈਲਦੀ ਹੈ।

ਇਸ ਲਈ ਹੈਪਾਟਾਈਟਸ ਸੀ ਅਤੇ ਬੀ ਦਾ ਟੈਸਟ ਕਰਵਾਉਣਾ ਜ਼ਰੂਰੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਸਰਜਰੀ ਕਰਵਾਉਣ ਤੋਂ ਪਹਿਲਾਂ, ਖੂਨ ਦਾਨ ਕਰਨ ਮੌਕੋ, ਗਰਭਵਤੀ ਔਰਤ ਨੂੰ, ਟੈਟੂ ਖੁਦਵਾਉਣ ਤੋਂ ਪਹਿਲਾਂ ਅਤੇ ਸਿਹਤ ਕਾਮੇ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਦਾ ਛੇਤੀ ਪਤਾ ਲੱਗ ਸਕੇ।

ਉਨ੍ਹਾਂ ਕਿਹਾ ਕਿ ਚਿੰਤਾ ਦੀ ਗੱਲ ਹੈ ਕਿ ਇਸ ਰੋਗ ਨਾਲ ਮਰਨ ਵਾਲਿਆਂ ਦੀ ਗਿਣਤੀ ਐਚ.ਆਈ.ਵੀ., ਟੀ.ਬੀ., ਮਲੇਰੀਆ ਜਿਹੀਆਂ ਬੀਮਾਰੀਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਤੋਂ ਵੀ ਜਿ਼ਆਦਾ ਹੈ।ਹੈਪੇਟਾਈਟਸ ਸੀ ਅਤੇ ਬੀ ਦਾ ਇਲਾਜ, ਬੇਸਲਾਈਨ ਟੈਸਟ ਅਤੇ ਵਾਇਰਲ ਲੋਡ ਟੈਸਟ ਰਾਜ ਦੇ ਜ਼ਿਲ੍ਹਾ ਹਸਪਤਾਲਾਂ ਵਿਚ ਕੀਤਾ ਜਾਂਦਾ ਹੈ। ਇਨ੍ਹਾਂ ਸੰਸਥਾਵਾਂ ਵਿੱਚ ਮਰੀਜ਼ ਆਪਣਾ ਮੁਫ਼ਤ ਇਲਾਜ ਕਰਵਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਬੀ ਅਤੇ ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਇਸ ਦੀ ਲਪੇਟ ਵਿੱਚ ਜਦੋਂ ਕੋਈ ਆਉਂਦਾ ਹੈ ਤਾਂ ਉਸ ਅੰਦਰ ਹਲਕਾ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਕਮਜ਼ੋਰੀ, ਉਲਟੀਆਂ ਆਉਣਾ ਅਤੇ ਭੁੱਖ ਨਹੀਂ ਲਗਣਾ ਆਦਿ ਲੱਛਣ ਨਜ਼ਰ ਆਉਂਦੇ ਹਨ ਜਿਸ ਨਾਲ ਜਿਗਰ ਦੀ ਸੋਜਿਸ਼ ਅਤੇ ਜਿਗਰ ਦਾ ਕੈਂਸਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਤੋਂ ਬਚਾਅ ਲਈ ਬੱਚਿਆਂ ਦਾ ਹੈਪੇਟਾਈਟਸ ਬੀ ਦਾ ਟੀਕਾਕਰਨ ਹੋਣਾ ਜ਼ਰੂਰੀ ਹੈ ਜੋ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਟੀਕਾਕਰਨ ਸੂਚੀ ਵਿੱਚ ਸ਼ਾਮਲ ਹੈ ਤੇ ਮੁਫ਼ਤ ਲਗਾਇਆ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਮੈਡੀਕਲ ਹੈਲਪਲਾਈਨ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button

You cannot copy content of this page