HoshairpurLife Style

ਸਾਂਸ ਪ੍ਰੋਗਰਾਮ ਤਹਿਤ ਟੀਕਾਕਰਨ ਜਾਗਰੂਕਤਾ ਪੋਸਟਰ ਰਿਲੀਜ਼

ਹੁਸ਼ਿਆਰਪੁਰ 23 ਦਸੰਬਰ 2025 ( ਹਰਪਾਲ ਲਾਡਾ ): ਬਦਲਦੇ ਮੌਸਮ ਵਿੱਚ ਛੋਟੇ ਬੱਚਿਆਂ ਨੂੰ ਨਮੂਨੀਆ ਤੋਂ ਬਚਾਉਣ ਲਈ ਸਾਂਸ ਪ੍ਰੋਗਰਾਮ ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਵੱਲੋਂ ਜ਼ਿਲਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਸਹਾਇਕ ਸਿਵਲ ਸਰਜਨ ਡਾ. ਅਜੈ ਬਸਰਾ, ਜ਼ਿਲਾ ਪ੍ਰੋਗਰਾਮ ਅਫ਼ਸਰ ਮੁਹੰਮਦ ਆਸਿਫ਼, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਜੱਸਲ ਅਤੇ ਬੀਈਈ ਰੋਹਿਤ ਸ਼ਰਮਾ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਹਮੇਸ਼ਾ ਹੀ ਲੋਕਾਂ ਦੀ ਨਰੋਈ ਸਿਹਤ ਲਈ ਵਚਨਬੱਧ ਹੈ, ਇਸ ਲਈ ਸਰਦੀ ਦੇ ਮੌਸਮ ਵਿੱਚ ਛੋਟੇ ਬੱਚਿਆਂ ਨੂੰ ਨਮੂਨੀਆ ਤੋਂ ਬਚਾਉਣ ਲਈ ਨਮੂਨੀਆ ਲੱਛਣ, ਸਾਵਧਾਨੀਆਂ ਅਤੇ ਇਲਾਜ ਸਬੰਧੀ ਜਾਣਕਾਰੀ ਭਰਪੂਰ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਤਾਂ ਜੋ ਸਮੇਂ ਤੇ ਰਹਿੰਦਿਆਂ ਛੋਟੇ ਬੱਚੇ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

ਉਨਾਂ ਦੱਸਿਆ ਕਿ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਟੀਕਾਕਰਨ ਬਹੁਤ ਮਹੱਤਵਪੂਰਨ ਹੈ। ਜੋ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ ।ਵੈਕਸੀਨ ਬੱਚਿਆਂ ਨੂੰ ਖਸਰਾ, ਕੰਨ ਪੇੜੇ, ਰੂਬੈਲਾ, ਪੋਲੀਓ, ਡਿਪਥੀਰੀਆ, ਟੈਟਨਸ, ਕਾਲੀ ਖੰਘ, ਹੈਪੇਟਾਈਟਸ ਬੀ ਅਤੇ ਚਿਕਨਪੌਕਸ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਉਂਦੀਆਂ ਹਨ। ਇਹ ਬਿਮਾਰੀਆਂ ਗੰਭੀਰ ਪੇਚੀਦਗੀਆਂ ਜਾਂ ਮੌਤ ਦਾ ਕਾਰਨ ਬਣ ਸਕਦੀਆਂ ਹਨ। ਟੀਕੇ ਨਾ ਸਿਰਫ਼ ਤੁਹਾਡੇ ਬੱਚੇ ਦੀ ਰੱਖਿਆ ਕਰਦੇ ਹਨ, ਸਗੋਂ ਉਨ੍ਹਾਂ ਦੇ ਆਲੇ-ਦੁਆਲੇ ਦੀ ਵੀ ਜਿਨ੍ਹਾਂ ਨੂੰ ਟੀਕਾ ਨਹੀਂ ਲਗਾਇਆ ਜਾ ਸਕਦਾ ਹੈ, ਜਿਵੇਂ ਕਿ ਬੱਚੇ ਜਾਂ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ। ਇਸ ਨੂੰ ਹਰਡ ਇਮਿਊਨਿਟੀ ਕਿਹਾ ਜਾਂਦਾ ਹੈ।

ਜ਼ਿਲਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਕਿਹਾ ਕਿ ਟੀਕਾਕਰਨ ਬਚਪਨ ‘ਚ ਹੋਣ ਵਾਲੀਆਂ ਕਈ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਦਾ ਸੁਰੱਖਿਅਤ ਤੇ ਅਸਰਦਾਰ ਤਰੀਕਾ ਹੈ। ਯੂਨੀਵਰਸਲ ਟੀਕਾਕਰਨ ਪ੍ਰੋਗਰਾਮ (ਯੂਆਈਪੀ) ਦੇ ਜ਼ਰੀਏ ਕਈ ਮਾਰੂ ਬਿਮਾਰੀਆਂ ਤੋਂ ਬਚਾਅ ‘ਚ ਮਹੱਤਵਪੂਰਨ ਉਪਲੱਬਧੀਆਂ ਪ੍ਰਾਪਤ ਹੋਈਆਂ ਹਨ। ਟੀਕਾਕਰਨ ਪ੍ਰੋਗਰਾਮ ਨੂੰ ਉੱਚ ਪਹਿਲ ਦਿੰਦਿਆਂ ਲਗਾਤਾਰ ਚਾਲੂ ਰੱਖਣਾ ਜ਼ਰੂਰੀ ਹੈ।

ਟੀਕਾਕਰਨ ਅਜਿਹੀ ਪ੍ਰਕਿਰਿਆ ਹੈ, ਜਿਸ ਤਹਿਤ ਕਿਸੇ ਇਕ ਵਿਅਕਤੀ ਨੂੰ ਖ਼ਾਸ ਤੌਰ ‘ਤੇ ਟੀਕਾਕਰਨ ਦੁਆਰਾ ਸੰਕ੍ਰਮਿਤ ਬਿਮਾਰੀਆਂ ਤੋਂ ਬਚਾਉਣ ਲਈ ਉਸ ਦੀ ਪ੍ਰਤੀਰੱਖਿਆ ਕੀਤੀ ਜਾਂਦੀ ਹੈ। ਟੀਕਾਕਰਨ ਜਾਨਲੇਵਾ ਬਿਮਾਰੀਆਂ ਤੋਂ ਬੱਚੇ ਨੂੰ ਬਚਾਉਣ ‘ਚ ਉਸ ਦੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਹੋਰਨਾਂ ਲੋਕਾਂ ‘ਚ ਬਿਮਾਰੀ ਦੇ ਪ੍ਰਸਾਰ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ। ਟੀਕਾਕਰਨ ਸੰਕ੍ਰਮਣ ਜਾਂ ਬਿਮਾਰੀ ਖ਼ਿਲਾਫ਼ ਵਿਅਕਤੀ ਦੇ ਰੱਖਿਆ ਲਈ ਉਸ ਦੀ ਸਰੀਰਕ ਪ੍ਰਤੀਰੱਖਿਆ ਪ੍ਰਣਾਲੀ ਨੂੰ ਉਭਾਰਨ ‘ਚ ਮਦਦ ਕਰਦਾ ਹੈ।

ਉਨ੍ਹਾਂ ਕਿਹਾ ਕਿ ਨਿਊਮੋਕੋਕਲ ਨਿਊਮੋਨੀਆ ਦੀ ਬਿਮਾਰੀ ਤੋਂ ਬਚਾਉਣ ਲਈ ਕੌਮੀ ਟੀਕਾਕਰਨ ਪ੍ਰੋਗਰਾਮ ਵਿੱਚ ਨਿਊਮੋਕੋਕਲ ਕੰਜੂਗੇਟ ਵੈਕਸੀਨ ਨੂੰ ਸ਼ਾਮਿਲ ਕੀਤਾ ਗਿਆ ਹੈ। ਬੱਚਿਆਂ ਨੂੰ ਇੱਕ ਸਾਲ ਦੇ ਅੰਦਰ ਨਿਊਮੋਕੋਕਲ ਕੰਜੂਗੇਟ (ਪੀ. ਸੀ. ਵੀ). ਵੈਕਸੀਨ ਤਿੰਨ ਵਾਰ ਲਗਾਈ ਜਾਂਦੀ ਹੈ ਤਾਂ ਜੋ ਨਿਊਮੋਕੋਕਲ ਨਿਊਮੋਨੀਆ ਜਿਹੀ ਜਾਨਲੇਵਾ ਬਿਮਾਰੀ ਤੋਂ ਬਚਾਇਆ ਜਾ ਸਕੇ। ਉਹਨਾਂ ਅਪੀਲ ਕੀਤੀ ਕਿ ਬੱਚਿਆਂ ਦੇ ਮਾਪਿਆਂ ਵੱਲੋਂ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਇਸ ਟੀਕੇ ਦੀ ਪਹਿਲੀ ਖੁਰਾਕ 06 ਹਫਤੇ (ਡੇਢ ਮਹੀਨੇ) ਤੇ ਦੂਜੀ ਖੁਰਾਕ 14 ਹਫਤੇ ਮਹੀਨੇ (ਸਾਢੇ ਤਿੰਨ ਮਹੀਨੇ) ਤੇ ਅਤੇ 09 ਮਹੀਨੇ ਤੇ ਤੀਜੀ ਖੁਰਾਕ ਬੂਸਟਰ ਡੋਜ਼ ਵਜੋਂ ਦਿੱਤੀ ਜਾਂਦੀ ਹੈ। ਜੇਕਰ ਇਸ ਸਮੇਂ ਸਾਰਣੀ ਮੁਤਾਬਿਕ ਕਿਸੇ ਦਾ ਪੀ. ਸੀ. ਵੀ. ਦਾ ਟੀਕਾ ਕਿਸੇ ਕਾਰਣ ਕਰਕੇ ਰਹਿ ਗਿਆ ਹੋਵੇ ਤਾਂ ਬੱਚੇ ਦੇ ਜਨਮ ਦੇ ਇੱਕ ਸਾਲ ਦੇ ਅੰਦਰ ਅੰਦਰ ਸ਼ੁਰੂ ਕਰਕੇ ਟੀਕਾਕਰਨ ਪੂਰਾ ਕਰਵਾ ਸਕਦੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਨਮ ਦੇ ਸਮੇਂ- ਟੀਕੇ ਜੋ ਦਿੱਤੇ ਜਾਣੇ ਚਾਹੀਦੇ ਹਨ, ਉਨ੍ਹਾਂ ਵਿਚ ਬੀਸੀਜੀ ਬਹੁਤ ਮਹਤਵਪੂਰਨ ਹੈ, ਜੇਕਰ ਕਿਸੇ ਬੱਚੇ ਦੇ ਜਨਮ ਦੇ ਸਮੇਂ ਇਹ ਟੀਕਾ ਨਾ ਲਗਾ ਹੋਵੇ, ਤਾਂ ਮਾਪੇ ਇਕ ਸਾਲ ਦੇ ਅੰਦਰ ਅੰਦਰ ਇਹ ਟੀਕਾ ਵੀ ਸਰਕਾਰੀ ਡਿਸਪੈਂਸਰੀਆਂ ਤੋਂ ਮੁਫ਼ਤ ਲਗਵਾ ਸਕਦੇ ਹਨ। ਇਸੇ ਤਰਾਂ ਐਮ.ਆਰ ਦਾ ਟੀਕਾਕਰਨ ਬੱਚਾ 5 ਸਾਲ ਦਾ ਹੋਣ ਤੱਕ ਅਤੇ ਟੀਪੀਟੀ ਦਾ ਟੀਕਾਕਰਨ ਬੱਚਾ 7 ਸਾਲ ਦਾ ਹੋਣ ਤੱਕ ਪੂਰਾ ਕਰਵਾਇਆ ਜਾ ਸਕਦਾ ਹੈ। ਉਹਨਾਂ ਇਹ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਵਿਟਾਮਿਨ-ਏ ਦੀਆਂ ਵੀ 9 ਖੁਰਾਕਾਂ ਵੀ ਸਮੇਂ ਸਿਰ ਦੇਣੀਆਂ ਮਹੱਤਵਪੂਰਨ ਹਨ ਜੋ ਕਿ 9ਵੇਂ ਮਹੀਨੇ, ਡੇਢ ਸਾਲ ਅਤੇ ਹਰ ਛੇ ਮਹੀਨੇ ਦੇ ਅੰਤਰਾਲ ਤੇ ਬੱਚਾ 5 ਸਾਲ ਹੋਣ ਤੱਕ ਦਿੱਤੀਆਂ ਜਾਂਦੀਆ ਹਨ।

Related Articles

Leave a Reply

Your email address will not be published. Required fields are marked *

Back to top button

You cannot copy content of this page