ਕੌਮੀ ਲੋਕ ਅਦਾਲਤ ’ਚ ਵੱਧ ਤੋਂ ਵੱਧ ਕੇਸ ਲਗਾਉਣ ਨੂੰ ਬਣਾਇਆ ਜਾਵੇ ਯਕੀਨੀ : ਰਾਜ ਪਾਲ ਰਾਵਲ
ਹੁਸ਼ਿਆਰਪੁਰ, 27 ਮਈ : ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਵਿਚ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਵਲੋਂ ਜ਼ਿਲ੍ਹਾ ਪੱਧਰ ਅਤੇ ਸਬ ਡਵੀਜਨ ਪੱਧਰ ’ਤੇ ਸਾਲ 2024 ਦੀ ਤੀਸਰੀ ਕੌਮੀ ਲੋਕ ਅਦਾਲਤ ਦਾ ਆਯੋਜਨ 14 ਸਤੰਬਰ 2024 ਨੂੰ ਕੀਤਾ ਜਾ ਰਿਹਾ ਹੈ।
ਜਿਸ ਦੇ ਸਬੰਧ ਵਿਚ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਬੈਂਕ ਮੈਨੇਜਰਾਂ ਨਾਲ ਨਵੇਂ ਜ਼ਿਲ੍ਹਾ ਅਤੇ ਸੈਸ਼ਨਜ਼ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸਾਰੇ ਸ਼ਾਮਿਲ ਅਧਿਕਾਰੀਆਂ ਨਾਲ ਕੌਮੀ ਲੋਕ ਅਦਾਲਤ ਦੌਰਾਨ ਰੱਖੇ ਜਾਣ ਵਾਲੇ ਕੇਸਾਂ ਸਬੰਧੀ ਚਰਚਾ ਕੀਤੀ ਗਈ।
ਇਸ ਮੀਟਿੰਗ ਦੌਰਾਨ ਸਾਰੇ ਬੀ.ਡੀ.ਪੀ.ਓਜ਼ ਨੂੰ 14 ਸਬੰਤਰ ਨੂੰ ਲਗਾਈ ਜਾਣ ਵਾਲੀ ਕੌਮੀ ਲੋਕ ਅਦਾਲਤ ਸਬੰਧੀ ਮੀਟਿੰਗ ਦੌਰਾਨ ਪਿੰਡਾਂ ਵਿਚ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਨਿਰਦੇਸ਼ ਦਿੱਤੇ ਗਏ। ਇਸ ਦੇ ਨਾਲ ਹੀ ਬੈਂਕ ਮੈਨੇਜਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਇਸ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸ ਲਗਾਏ ਜਾਣ ਅਤੇ ਟ੍ਰੈਫਿਕ ਇੰਚਾਰਜ ਨੂੰ ਇਸ ਲੋਕ ਅਦਾਲਤ ਰਾਹੀਂ ਪੈਡਿੰਗ ਚਲਾਨਾਂ ਨੂੰ ਭੁਗਤਾਉਣ ਲਈ ਕੋਰਟਾਂ ਵਿਚ ਦੇਣ ਦੇ ਨਿਰਦੇਸ਼ ਦਿੱਤੇ ਗਏ। ਬਿਜਲੀ ਵਿਭਾਗ ਦੇ ਐਕਸੀਅਨ-1 ਅਤੇ 2 ਨਾਲ ਕੇਸਾਂ ਬਾਰੇ ਚਰਚਾ ਕੀਤੀ ਗਈ।
ਜ਼ਿਲ੍ਹਾ ਕੰਜ਼ਿਊਮਰ ਡਿਸਪਿਊਟ ਰੈਡਰੈਸਲ ਕਮਿਸ਼ਨ ਹੁਸ਼ਿਆਰਪੁਰ ਦੇ ਮੈਂਬਰ ਪ੍ਰੇਮ ਸਿੰਘ ਸਲਾਰੀਆ ਅਤੇ ਬੀ.ਐਸ.ਐਨ.ਐਲ. ਦੇ ਪ੍ਰੀ-ਲਿਟੀਗੇਟਿਵ ਕੇਸਾਂ ਬਾਰੇ ਜੂਨੀਅਰ ਅਸਿਸਟੈਂਟ ਅਫਸਰ ਪਰਮਵੀਰ ਸਿੰਘ ਅਤੇ ਐਮ.ਏ.ਸੀ.ਟੀ ਪੈਡਿੰਗ ਕੇਸਾਂ ਬਾਰੇ ਇੰਸ਼ੋਰੈਂਸ ਕੰਪਨੀਆਂ ਦੇ ਅਸਿਸਟੈਂਟ ਅਫਸਰ ਨੂੰ ਮੀਟਿੰਗ ਦੌਰਾਨ ਕਿਹਾ ਕਿ 14 ਸਤੰਬਰ ਨੂੰ ਲਗਾਈ ਜਾਣ ਵਾਲੀ ਕੌਮੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਲੋਕ ਅਦਾਲਤ ਦਾ ਲਾਭ ਮਿਲ ਸਕੇ।