ਮੈਟਰਨਲ ਡੈਥ ਰੋਕਣ ਲਈ ਹਾਈਰਿਸਕ ਗਰਭਵਤੀਆਂ ਤੇ ਖਾਸ ਫੋਕਸ ਰੱਖਿਆ ਜਾਵੇ: ਡਾ ਅਨੀਤਾ ਕਟਾਰੀਆ

ਹੁਸ਼ਿਆਰਪੁਰ 22 ਮਈ 2024: ਜੱਚਾ-ਬੱਚਾ ਸਿਹਤ ਸੇਵਾਵਾਂ ਅਧੀਨ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਔਰਤਾਂ ਦੀ ਮਾਤਰੀ ਮੌਤ ਦਰ ਵਿੱਚ ਸੁਧਾਰ ਲਿਆਉਣ ਲਈ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਅਨੀਤਾ ਕਟਾਰੀਆ ਦੀ ਅਗਵਾਈ ਹੇਠ ਅਰਬਨ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨਾਲ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਗਾਇਨੀ ਮਾਹਰ ਡਾ ਮੰਜਰੀ ਅਰੋੜਾ ਅਤੇ ਮੈਡੀਕਲ ਸਪੈਸ਼ਲਿਸਟ ਡਾ ਨੇਹਾ ਪਾਲ ਵੱਲੋਂ ਹਾਈ ਰਿਸਕ ਗਰਭਵਤੀ ਔਰਤਾਂ ਦੀ ਪਹਿਚਾਣ, ਕੀਤੀ ਜਾਣ ਵਾਲੀ ਦੇਖਭਾਲ ਅਤੇ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਡੀਪੀਐਮ ਮੁਹੰਮਦ ਆਸਿਫ, ਡੀਐਮਈਓ ਅਨੁਰਾਧਾ ਠਾਕੁਰ, ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਅਤੇ ਆਸ਼ਾ ਬ੍ਰਹਮੀ ਵੀ ਮੌਜੂਦ ਸਨ।


ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਡਾ ਅਨੀਤਾ ਕਟਾਰੀਆ ਨੇ ਕਿਹਾ ਕਿ ਮੈਟਰਨਲ ਡੈਥ ਦਾ ਜਿਆਦਾਤਰ ਕਾਰਨ ਹਾਈਰਿਸਕ ਪ੍ਰੈਗਨੈਸੀ ਸੀ। ਇਸ ਲਈ ਜਰੂਰੀ ਹੈ ਕਿ ਇਹਨਾਂ ਹਾਈਰਿਸਕ ਗਰਭਵਤੀਆਂ ਤੇ ਖਾਸ ਫੋਕਸ ਰੱਖਿਆ ਜਾਵੇ। ਉਨ੍ਹਾਂ ਸਟੇਟ ਹੈਡਕੁਆਟਰ ਤੋਂ ਪ੍ਰਾਪਤ ਗਾਈਡਲਾਈਨਾਂ ਬਾਰੇ ਜਿਕਰ ਕਰਦਿਆਂ ਦੱਸਿਆ ਕਿ ਹਾਈਰਿਸਕ ਗਰਭਵਤੀ ਔਰਤਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਨਾਂ ਦੇ ਵਾਧੂ ਚੈਕਅਪ ਕੀਤੇ ਜਾਣ। ਮਾਵਾਂ ਦੀ ਮੌਤ ਦਰ ਨੂੰ ਘਟਾਉਣ ਵਾਸਤੇ ਲੋੜੀਦੇ ਉਪਰਾਲੇ ਕੀਤੇ ਜਾਣ।

ਉਨਾਂ ਕਿਹਾ ਕਿ ਹਰ ਗਰਭਵਤੀ ਔਰਤ ਦੀ ਅਰਲੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ। ਉਸ ਦੇ ਸਾਰੇ ਚੈਕਅਪ ਜਿਵੇਂ ਕਿ ਵਜ਼ਨ, ਬਲੱਡ ਪ੍ਰੈਸ਼ਰ, ਸ਼ੂਗਰ, ਐਚਬੀ, ਥਾਇਰਾਇਡ, ਹੈਪੈਟਾਇਟਸ, ਸਕੈਨ, ਈ.ਸੀ.ਜੀ ਅਤੇ ਹੋਰ ਜਰੂਰੀ ਚੈਕ ਅਪ ਸਮੇਂ ਸਿਰ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਮਾਂ ਰਹਿੰਦੀਆਂ ਕਿਸੇ ਵੀ ਮੁਸ਼ਕਿਲ ਦਾ ਪਤਾ ਲਗਾ ਕੇ ਉਸ ਦਾ ਇਲਾਜ਼ ਕੀਤਾ ਜਾ ਸਕੇ।
ਸਿਹਤ ਸੰਸਥਾਂਵਾਂ ਵਿਖੇ ਹਰ ਮਹੀਨੇ ਦੀ 9 ਤਰੀਕ ਅਤੇ 23 ਤਰੀਕ ਨੂੰ ਪੀ.ਐਮ.ਐਸ.ਐਮ.ਏ ਦੇ ਤਹਿਤ ਹਾਈ ਰਿਸਕ ਗਰਭਵਤੀ ਔਰਤਾਂ ਦਾ ਮਾਹਿਰ ਡਾਕਟਰਾਂ ਵਲੋਂ ਲੋੜੀਦੇ ਚੈਕ-ਅਪ ਅਤੇ ਟੈਸਟ ਜਰੂਰੀ ਤੌਰ ‘ਤੇ ਯਕੀਨੀ ਬਣਾਏ ਜਾਣ। ਇਸ ਤੋਂ ਇਲਾਵਾ ਹਰ ਗਰਭਵਤੀ ਔਰਤ ਨੂੰ ਸੰਸਥਾਗਤ ਜਣੇਪੇ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਘਰ ਵਿੱਚ ਡਲਿਵਰੀ ਹੋਣ ਨਾਲ ਹੋਣ ਵਾਲੀਆਂ ਪੇਚੀਦਗੀਆਂ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਮੈਟਰਨਲ ਡੈਥ ਨੂੰ ਰੋਕਣ ਲਈ ਸਿਹਤ ਸੇਵਾਵਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ ਇਸਨੂੰ ਜਰੂਰ ਸੁਨਿਸ਼ਚਿਤ ਕੀਤਾ ਜਾਵੇ।
ਔਰਤ ਰੋਗਾਂ ਦੇ ਮਾਹਰ ਡਾ ਮੰਜਰੀ ਵੱਲੋਂ ਹਾਈ ਰਿਸਕ ਗਰਭਵਤੀ ਔਰਤਾਂ ਦੇ ਲੱਛਣਾਂ, ਕਾਰਣਾਂ ਅਤੇ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਵਿਸਥਾਰਪੂਰਣ ਜਾਣਕਾਰੀ ਦਿੱਤੀ ਗਈ।
ਮੈਡੀਕਲ ਸਪੈਸ਼ਲਿਸਟ ਡਾ ਨੇਹਾ ਪਾਲ ਵੱਲੋਂ ਹਾਈਪਰਟੈਂਨਸ਼ਨ, ਡਾਇਬਟੀਜ਼ ਅਤੇ ਥਾਇਰਡ ਵਾਲੀਆਂ ਗਰਭਵਤੀ ਔਰਤਾਂ ਦੇ ਇਲਾਜ ਅਤੇ ਸਿਹਤ ਸੰਭਾਲ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਦੋਵੇ ਸਪੈਸ਼ਲਿਸਟ ਡਾਕਟਰਾਂ ਵੱਲੋਂ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨੂੰ ਇਹਨਾਂ ਹਾਈ ਰਿਸਕ ਗਰਭਵਤੀ ਔਰਤਾਂ ਦੇ ਇਲਾਜ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਵੀ ਚਰਚਾ ਕੀਤੀ ਗਈ।