ਬੇਸਹਾਰਾ ਔਰਤਾਂ ਵਾਸਤੇ ਰੈਡ ਕ੍ਰਾਸ ਅੰਮ੍ਰਿਤਸਰ ਨੇ ਸ਼ੁਰੂ ਕੀਤਾ ਸਾਂਝਾ ਘਰ


ਅੰਮ੍ਰਿਤਸਰ 4 ਜੁਲਾਈ 2025 ( ਹਰਪਾਲ ਲਾਡਾ): ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ, ਜੋ ਕਿ ਹਰ ਵੇਲੇ ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਹਨ, ਦੇ ਯਤਨਾਂ ਨਾਲ ਦੋ ਪ੍ਰਵਾਸੀ ਭਾਰਤੀ ਚਚੇਰੇ ਭਰਾਵਾਂ ਨੇ ਸਹਿਯੋਗ ਦੇ ਕੇ ਬੇਸਹਾਰਾ ਬਜ਼ੁਰਗ ਔਰਤਾਂ ਲਈ ਅਜਿਹੇ ਸਾਂਝੇ ਘਰ ਦਾ ਨਿਰਮਾਣ ਗੁਰੂ ਨਗਰੀ ਵਿੱਚ ਕਰਵਾਇਆ ਹੈ, ਜਿੱਥੇ ਬਜ਼ੁਰਗਾਂ ਨੂੰ ਬਿਨਾਂ ਕੋਈ ਪੈਸਾ ਲਏ ਘਰ ਵਰਗਾ ਮਾਹੌਲ, ਖਾਣਾ, ਦਵਾਈਆਂ ਅਤੇ ਦੇਖਭਾਲ ਕੀਤੀ ਜਾਵੇਗੀ।
ਅੱਜ ਰੈਡ ਕਰਾਸ ਅੰਮ੍ਰਿਤਸਰ ਦੀ ਹੋਈ ਮੀਟਿੰਗ ਵਿੱਚ ਜਾਣਕਾਰੀ ਦਿੰਦੇ ਰੈਡ ਕ੍ਰਾਸ ਦੇ ਚੇਅਰਪਰਸਨ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੇ ਦੱਸਿਆ ਕਿ ਲੁਹਾਰਕਾ ਰੋਡ ਉੱਤੇ 2700 ਗਜ਼ ਥਾਂ ਵਿੱਚ ਅਸੀਂ ਫਿਲਹਾਲ 24 ਔਰਤਾਂ ਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਇਸ ਘਰ ਨੂੰ ਡਿਗਨਟੀ ਹੋਮ ਦਾ ਨਾਂ ਦਿੱਤਾ ਗਿਆ ਹੈ, ਜਿੱਥੇ ਉਹ ਬੇਸਹਾਰਾ ਔਰਤਾਂ, ਜਿਨਾਂ ਦੀ ਸੰਭਾਲ ਕਰਨ ਲਈ ਉਹਨਾਂ ਦੇ ਬੱਚੇ ਨਹੀਂ ਹਨ, ਲੋੜਵੰਦ ਹਨ, ਨੂੰ ਰੱਖਿਆ ਜਾਵੇਗਾ।

ਉਹਨਾਂ ਦੱਸਿਆ ਕਿ ਇਸ ਘਰ ਵਿੱਚ ਬਜ਼ੁਰਗ ਔਰਤਾਂ, ਜੋ ਕਿ 60 ਸਾਲ ਦੀ ਉਮਰ ਤੋਂ ਵੱਧ ਹੋਣ ਨੂੰ ਹਰ ਉਹ ਸਹੂਲਤ ਦਿੱਤੀ ਜਾਵੇਗੀ, ਜੋ ਕਿ ਬੁਢਾਪੇ ਵਿੱਚ ਲੁੜੀਂਦੀ ਹੈ। ਉਹਨਾਂ ਦੱਸਿਆ ਕਿ ਖਾਣੇ ਦੇ ਨਾਲ ਨਾਲ ਡਾਕਟਰੀ ਸਹਾਇਤਾ, ਦਵਾਈਆਂ ਅਤੇ ਦੇਖਭਾਲ ਵੀ ਰੈਡ ਕ੍ਰਾਸ ਵੱਲੋਂ ਕੀਤੀ ਜਾਵੇਗੀ। ਉਹਨਾਂ ਇਸ ਯੋਗਦਾਨ ਲਈ ਪ੍ਰਵਾਸੀ ਭਾਰਤੀਆਂ ਪਵਨੀਤ ਸਿੰਘ ਅਤੇ ਮਨੀਸ਼ ਅਰੋੜਾ ਦੀ ਪ੍ਰਸੰਸਾ ਕਰਦੇ ਕਿਹਾ ਕਿ ਉਹ ਅਜਿਹੇ ਉਦਮੀ ਹਨ, ਜਿਨਾਂ ਨੇ ਵਿਦੇਸ਼ਾਂ ਵਿੱਚ ਰਹਿ ਕੇ ਵੀ ਧਰਤੀ ਮਾਂ ਨਾਲ ਮੋਹ ਪਾਲਦੇ ਹੋਏ ਅੰਮ੍ਰਿਤਸਰ ਦੀ ਧਰਤੀ ਉੱਤੇ ਇਹ ਸਾਂਝਾ ਘਰ ਉਸਾਰਿਆ ਹੈ।
ਡਿਪਟੀ ਕਮਿਸ਼ਨਰ ਨੇ ਇਸ ਘਰ ਦੀ ਜ਼ਿੰਮੇਵਾਰੀ ਨੌਜਵਾਨ ਆਈਏਐਸ ਅਧਿਕਾਰੀ ਮੈਡਮ ਪਿਯੂਸ਼ਾ ਨੂੰ ਦਿੰਦੇ ਹੋਏ ਹਰ ਤਰ੍ਹਾਂ ਨਾਲ ਸਹਿਯੋਗ ਦਾ ਭਰੋਸਾ ਦਿੱਤਾ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਿਸੇ ਵੀ ਬਜ਼ੁਰਗ ਔਰਤ ਜੋ ਕਿ ਬੇਸਹਾਰਾ ਹੋਵੇ, ਜਿਸ ਦੇ ਬੱਚੇ ਉਸ ਕੋਲ ਜਾਂ ਉਸ ਨੂੰ ਨਾਲ ਨਾ ਰੱਖਦੇ ਹੋਣ, ਉਸ ਕੋਲ ਘਰ ਨਾ ਹੋਵੇ, ਨੂੰ ਇਸ ਘਰ ਵਿੱਚ ਰਹਿਣ ਲਈ ਰੈਡ ਕ੍ਰਾਸ ਦੀ ਸਹਾਇਤਾ ਲੈ ਸਕਦੇ ਹਨ। ਉਹਨਾਂ ਕਿਹਾ ਕਿ ਅਸੀਂ ਫਿਲਹਾਲ ਇਸ ਨੂੰ 24 ਬੈਡ ਨਾਲ ਸ਼ੁਰੂ ਕੀਤਾ ਹੈ ਅਤੇ ਭਵਿੱਖ ਵਿੱਚ ਲੋੜ ਅਨੁਸਾਰ ਇਸ ਵਿੱਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ, ਰੈਡ ਕ੍ਰਾਸ ਦੇ ਸੈਕਟਰੀ ਸ੍ਰੀ ਸੈਮਸਨ ਮਸੀਹ, ਸ਼੍ਰੀਮਤੀ ਸਮਾਈਲੀ ਚੌਧਰੀ, ਸ਼੍ਰੀ ਅਜੇ ਜੁਡੇਜਾ, ਸ੍ਰੀ ਪੀ ਸੀ ਠਾਕੁਰ ਅਤੇ ਸੁਸਾਇਟੀ ਦੇ ਹੋਰ ਅਹੁਦੇਦਾਰ ਹਾਜ਼ਰ ਸਨ।




