ਜ਼ਖਮੀ ਵਿਅਕਤੀਆਂ ਦੀ ਸਹਾਇਤਾ ਕਰਨ ਨਾਲ ਕਈ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ : ਸੰਜੀਵ ਅਰੋੜਾ
ਹੁਸ਼ਿਆਰਪੁਰ: ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਕੋਈ ਵਿਅਕਤੀ ਸੜਕ ਦੁਰਘਟਨਾ ਵਿੱਚ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਤੀ ਤੁਰੰਤ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਜਿਸ ਨਾਲ ਕਈ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਸੰਜੀਵ ਅਰੋੜਾ ਨੇ ਕਿਹਾ ਕਿ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਮਦਦ ਕਰਨ ਦੀ ਬਜਾਏ ਵੀਡਿਓ ਬਣਾਉਣੀ ਸ਼ੁਰੂ ਕਰ ਦਿੰਦੇ ਹਨ ਜੋ ਸਰਾਸਰ ਗਲਤ ਹੈ। ਕਲ ਨੂੰ ਪਰਮਾਤਮਾ ਨਾ ਕਰੇ ਇਸ ਤਰ੍ਹਾਂ ਦਾ ਕੋਈ ਹਾਦਸਾ ਸਾਡੇ ਜਾ ਸਾਡੇ ਪਰਿਵਾਰ ਦੇ ਨਾਲ ਵੀ ਹੋ ਸਕਦਾ ਹੈ। ਇਸ ਲਈ ਹਰੇਕ ਇਨਸਾਨ ਨੂੰ ਚਾਹੀਦਾ ਹੈ ਕਿ ਇਨਸਾਨੀਅਤ ਨੂੰ ਅੱਗੇ ਰੱਖਦੇ ਹੋਏ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਸੜਕ ਹਾਦਸਿਆਂ ਵਿੱਚ ਜ਼ਖਮੀ ਲੋਕਾਂ ਨੂੰ ਸਮੇਂ ਤੇ ਮਦਦ ਨਾ ਮਿਲਣ ਕਾਰਨ ਕਈ ਕੀਮਤੀ ਜਾਨਾਂ ਚੱਲੀਆਂ ਜਾਂਦੀਆਂ ਹਨ। ਚਾਹੇ ਮਾਣਯੋਗ ਸੁਪਰੀਮ ਕੋਰਟ ਵਲੋਂ ਹਾਦਸੇ ਵਿੱਚ ਜ਼ਖਮੀ ਲੋਕਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਦਾਅ ਪੇਚ ਤੋਂ ਦੂਰ ਰੱਖਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਲੋਕਾਂ ਦੇ ਦਿਲਾਂ ਵਿੱਚ ਪੁਲਿਸ ਕਾਰਵਾਈ ਅਤੇ ਸਵਾਲ ਜਵਾਬ ਦਾ ਡਰ ਬਣਿਆ ਰਹਿੰਦਾ ਹੈ।
ਜਿਸ ਦੇ ਕਾਰਨ ਹਾਦਸੇ ਵਿੱਚ ਜ਼ਖਮੀ ਕਈ ਲੋਕ ਮਦਦ ਨਾ ਮਿਲਣ ਦੇ ਕਾਰਨ ਜਾਨ ਤੋਂ ਹੱਥ ਧੋ ਬੈਠਦੇ ਹਨ ਅਤੇ ਸ਼੍ਰੀ ਅਰੋੜਾ ਨੇ ਕਿਹਾ ਕਿ ਮਾਣਯੋਗ ਸੁਪੁਰੀਮ ਕੋਰਟ ਦੇ ਨਿਯਮਾਂ ਦੀ ਜਾਣਕਾਰੀ ਲੋਕਾਂ ਨੂੰ ਦੇਣ ਦੇ ਲਈ ਭਾਰਤ ਵਿਕਾਸ ਪਰਿਸ਼ਦ ਜਲਦੀ ਹੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਹੇਤੂ (ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ) ਜਾਗਰੂਕਤਾ ਕੈਂਪ ਦਾ ਆਯੋਜਨ ਕਰੇਗੀ ਤਾਂਕਿ ਲੋਕਾਂ ਦੇ ਦਿਲਾਂ ਵਿੱਚ ਬੈਠੇ ਹੋਏ ਡਰ ਨੂੰ ਦੂਰ ਕੀਤਾ ਜਾ ਸਕੇ ਅਤੇ ਹਾਦਸੇ ਵਿੱਚ ਜ਼ਖਮੀ ਲੋਕਾਂ ਦੀ ਸਮੇਂ ਤੇ ਮਦਦ ਹੋ ਸਕੇ। ਸੰਜੀਵ ਅਰੋੜਾ ਨੇ ਪ੍ਰਸ਼ਾਸਨ ਨੂੰ ਅਤੇ ਵਿਸ਼ੇਸ਼ ਤੌਰ ਤੇ ਟ੍ਰੈਫਿਕ ਪੁਲਿਸ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸੈਮੀਨਾਰ ਅਤੇ ਪ੍ਰੋਗਰਾਮ ਆਯੋਜਿਤ ਕਰਨ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਾਗਰੂਕ ਹੋਣ।