ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਅਪਨਾਉਣ ਕਿਸਾਨ : ਕੋਮਲ ਮਿੱਤਲ
ਹੁਸ਼ਿਆਰਪੁਰ, 19 ਅਪ੍ਰੈਲ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ’ਦੀ ਲਾਂਬੜਾ ਕਾਂਗੜੀ ਕੋਆਪ੍ਰੇਟਿਵ ਸੁਸਾਇਟੀ’, ਪਿੰਡ ਲਾਂਬੜਾ, ਬਲਾਕ ਹੁਸ਼ਿਆਰਪੁਰ-1 ਵੱਲੋਂ ਸਰਫੇਸ ਸੀਡਰ ਨਾਲ ਬਿਜਾਈ ਕੀਤੀ ਗਈ ਕਣਕ ਦੀ ਖੇਤਾਂ ਵਿਚ ਕਟਾਈ ਦੌਰਾਨ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਇਸ ਵਿਧੀ ਨਾਲ ਬੀਜੀ ਗਈ ਕਣਕ ਦਾ ਖੇਤਾਂ ਵਿਚ ਪ੍ਰਦਰਸ਼ਨ ਸਬੰਧੀ ਜਾਇਜ਼ਾ ਲਿਆ। ਸੁਸਾਇਟੀ ਵੱਲੋਂ ਪਿਛਲੇ ਸਾਲ ਸਰਫੇਸ ਸੀਡਰ ਰਾਹੀਂ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ ਅੱਜ ਉਸ ਦੀ ਕਟਾਈ ਕੀਤੀ ਗਈੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਫੇਸ ਸੀਡਰ ਰਾਹੀਂ ਬਿਜਾਈ ਕਰਨ ਨਾਲ ਖ਼ਰਚਾ ਕਾਫੀ ਘੱਟ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੀ ਜ਼ਿਲ੍ਹੇ ਵਿਚ 80-85 ਹੈਕਟੇਅਰ ਵਿਚ ਸਰਫੇਸ ਸੀਡਰ ਰਾਹੀਂ ਕਣਕ ਦੀ ਬਿਜਾਈ ਕੀਤੀ ਗਈ ਸੀ, ਜਿਸ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਅਪਨਾਉਣ ਦੀ ਅਪੀਲ ਕੀਤੀ ਕਿਉਂਕਿ ਇਸ ਵਿਧੀ ਨਾਲ ਜਿਥੇ ਕਣਕ ਦੀ ਬਿਜਾਈ ਕਰਨ ਵਿੱਚ ਖਰਚਾ ਬਹੁਤ ਘੱਟ ਆਉਂਦਾ ਹੈ ਅਤੇ ਇਸ ਦੇ ਨਾਲ ਹੀ ਇਹ ਖੇਤਾਂ ਵਿਚ ਹੀ ਪਰਾਲੀ ਪ੍ਰਬੰਧਨ ਕਰਨ ਦਾ ਇੱਕ ਸਭ ਤੋਂ ਸਸਤਾ ਅਤੇ ਵਧੀਆ ਬਦਲ ਹੈ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਫਸਰ ਡਾ. ਹਰਮਨਦੀਪ ਸਿੰਘ ਅਤੇ ਅੰਕੜਾ ਵਿੰਗ ਦੇ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ ਦੀ ਹਾਜ਼ਰੀ ਵਿਚ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦੇ ਇਕ ਮਰਲੇ ਦੀ ਕਟਾਈ ਕਰਵਾ ਕੇ ਇਸ ਦੇ ਝਾੜ ਦਾ ਅਨੁਮਾਨ ਲਗਾਇਆ ਗਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸੁਸਾਇਟੀ ਦੇ ਦਫ਼ਤਰ ਜਾ ਕੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਖੇਤੀਬਾੜੀ ਅਫਸਰ ਡਾ. ਹਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਵਿਧੀ ਨਾਲ ਬੀਜੀ ਗਈ ਕਣਕ ਦਾ ਝਾੜ ਰਵਾਇਤੀ ਢੰਗ ਨਾਲ ਬੀਜੀ ਗਈ ਕਣਕ ਦੇ ਬਰਾਬਰ ਆਉਂਦਾ ਹੈ ਅਤੇ ਕਣਕ ਦਾ ਝਾੜ ਘਟਣ ਦਾ ਕੋਈ ਵੀ ਖਦਸ਼ਾ ਨਹੀਂ ਰਹਿੰਦਾ। ਉਨਾਂ ਕਿਹਾ ਕਿ ਸਰਫੇਸ ਸੀਡਰ ਨਾਲ ਬਿਜਾਈ ਕੀਤੀ ਗਈ ਕਣਕ ਵਿਚ ਪਰਾਲੀ ਇਕ ਮਲਚ ਦੇ ਰੂਪ ਵਿਚ ਕੰਮ ਕਰਦੀ ਹੈ ਜਿਸ ਨਾਲ ਕਣਕ ਪੱਕਣ ਸਮੇਂ ਵਧੇਰੇ ਤਾਪਮਾਨ ਹੋਣ ਕਾਰਨ ਝਾੜ ਘਟਣ ਦੇ ਖਦਸ਼ੇ ਤੋਂ ਵੀ ਬਚੀ ਰਹਿੰਦੀ ਹੈ ਅਤੇ ਇਹ ਮਲਚ ਬਾਅਦ ਵਿਚ ਖੇਤ ਵਿਚ ਹੀ ਮਿਲ ਕੇ ਜੈਵਿਕ ਮਾਦਾ ਅਤੇ ਹੋਰ ਤੱਤ ਜ਼ਮੀਨ ਵਿਚ ਮਿਲਾ ਦਿੰਦੀ ਹੈ।
ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਡਾ. ਦੀਪਕ ਪੁਰੀ, ਸਬੰਧਿਤ ਬਲਾਕ ਦੇ ਖੇਤੀਬਾੜੀ ਵਿਸਥਾਰ ਅਫਸਰ ਅਮਨਦੀਪ ਸਿੰਘ, ਨਰਿਪਜੀਤ ਸਿੰਘ, ਪ੍ਰਭਜੀਤ ਕੌਰ, ਦੀ ਲਾਂਬੜਾ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ, ਸਕੱਤਰ ਜਸਵਿੰਦਰ ਸਿੰਘ ਸੈਣੀ ਅਤੇ ਕਿਸਾਨ ਹਾਜ਼ਰ ਸਨ।