ਹਰ ਗਰਭਵਤੀ ਔਰਤ ਦੀ ਜੈਸਟੇਸ਼ਨਲ ਡਾਇਬਟੀਜ਼ ਦੀ ਸਕ੍ਰੀਨਿੰਗ ਜਰੂਰ ਕੀਤੀ ਜਾਵੇ: ਸਿਵਲ ਸਰਜਨ ਡਾ. ਡਮਾਣਾ
ਹੁਸ਼ਿਆਰਪੁਰ 3 ਅਪ੍ਰੈਲ 2024: ਮੈਟਰਨਲ ਹੈਲਥ ਪ੍ਰੋਗਰਾਮ ਅਧੀਨ ਜੈਸਟੇਸ਼ਨਲ ਡਾਇਬੀਟੀਜ਼ ਮਲੇਟਸ ਸਬੰਧੀ ਟ੍ਰੇਨਿੰਗ ਦਾ ਆਯੋਜਨ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਦੇ ਟ੍ਰੇਨਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ। ਇਸ ਦੌਰਾਨ ਜ਼ਿਲਾ ਟੀਕਾਕਰਨ ਅਫਸਰ ਡਾ.ਸੀਮਾ ਗਰਗ, ਜ਼ਿਲਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ ਅਤੇ ਡੀਐਮਈਓ ਅਨੁਰਾਧਾ ਠਾਕੁਰ ਵੱਲੋਂ ਏਐਨਐਮ ਨੂੰ ਗਰਭ ਦੌਰਾਨ ਹੋਣ ਵਾਲੀ ਡਾਇਬੀਟੀਜ਼, ਇਸ ਕਾਰਣ ਹੋਣ ਵਾਲੀਆਂ ਸਮੱਸਿਆਵਾਂ ਅਤੇ ਕੀਤੀ ਜਾਣ ਵਾਲੀ ਰਿਪੋਰਟਿੰਗ ਬਾਰੇ ਟ੍ਰੇਨਿੰਗ ਦਿੱਤੀ ਗਈ।
ਟ੍ਰੇਨਿੰਗ ਦੌਰਾਨ ਸੰਬੋਧਨ ਕਰਦਿਆਂ ਡਾ.ਬਲਵਿੰਦਰ ਨੇ ਕਿਹਾ ਕਿ ਜੈਸਟੇਸ਼ਨਲ ਡਾਇਬੀਟੀਜ਼ ਮਲੇਟਸ (ਜੀਡੀਐਮ) ਗਰਭ ਦੌਰਾਨ ਹੋਣ ਵਾਲੀ ਡਾਇਬੀਟੀਜ਼ ਹੈ। ਇਸ ਲਈ ਹਰ ਗਰਭਵਤੀ ਔਰਤ ਦਾ ਓਜੀਟੀਟੀ ਟੈਸਟ ਜਰੂਰ ਹੋਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਇਸਦਾ ਪਤਾ ਲਗਾ ਕੇ ਇਲਾਜ ਕੀਤਾ ਜਾ ਸਕੇ ਅਤੇ ਇਸ ਕਾਰਣ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਜਮਾਂਦਰੂ ਬਿਮਾਰੀ ਹੋਣ ਦੇ ਖਤਰੇ ਨੂੰ ਵੀ ਰੋਕਿਆ ਜਾ ਸਕੇ।
ਡਾ ਸੀਮਾ ਗਰਗ ਨੇ ਦੱਸਿਆ ਕਿ ਨਵੀਆਂ ਗਾਈਡਲਾਈਨਾਂ ਮੁਤਾਬਿਕ ਹਰ ਗਰਭਵਤੀ ਔਰਤ ਦੀ ਪਹਿਲੇ ਐਂਟੀ ਨੇਟਲ ਟੈਸਟ ਦੌਰਾਨ ਹੀ ਜੈਸਟੇਸ਼ਨਲ ਡਾਇਬੀਟੀਜ਼ ਦੀ ਸਕ੍ਰੀਨਿੰਗ ਕੀਤੀ ਜਾਵੇਗੀ। ਉਹਨਾਂ ਟ੍ਰੇਨਿੰਗ ਦਿੰਦਿਆ ਦੱਸਿਆ ਕਿ ਜੇਕਰ ਕਿਸੇ ਗਰਭਵਤੀ ਔਰਤ ਵਿੱਚ ਜੈਸਟੇਸ਼ਨਲ ਡਾਇਬੀਟੀਜ਼ ਮਲੇਟਸ ਦੀ ਪਹਿਚਾਣ ਹੋ ਜਾਂਦੀ ਹੈ ਤਾਂ ਉਸਨੂੰ ਪਹਿਲਾ ਦੋ ਹਫ਼ਤੇ ਆਪਣੇ ਖਾਣੇ ਵਿਚ ਤਬਦੀਲੀ ਕਰਨ ਅਤੇ ਘੱਟੋ-ਘੱਟ 30 ਮਿੰਟ ਸੈਰ ਜਾਂ ਕਸਰਤ ਕਰਨ ਦੀ ਸਲਾਹ ਦਿੱਤੀ ਜਾਵੇ। ਜੇਕਰ ਫਿਰ ਵੀ ਕੰਟਰੋਲ ਨਾ ਹੋਵੇ ਤਾਂ ਮੈਡੀਕਲ ਸਪੈਸ਼ਿਲਿਸਟ ਦੀ ਸਲਾਹ ਮੁਤਾਬਿਕ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਜਾਵੇ।
ਡੀਪੀਐਮ ਮੁਹੰਮਦ ਆਸਿਫ ਨੇ ਕਿਹਾ ਕਿ ਸਾਰੀਆਂ ਗਰਭਵਤੀ ਔਰਤਾਂ ਦੀ ਜੈਸਟੇਸ਼ਨਲ ਡਾਇਬੀਟੀਜ਼ ਮਲੇਟਸ ਸਬੰਧੀ ਜਾਂਚ ਸਮੇਂ ਸਿਰ ਹੋਣ ਨਾਲ ਆਉਣ ਵਾਲੇ ਸਮੇਂ ਵਿਚ ਮਾਤਰੀ ਮੌਤ ਦਰ ਘਟਾਉਣ ਵਿੱਚ ਮਦਦ ਮਿਲੇਗੀ। ਡੀਐਮਈਓ ਅਨੁਰਾਧਾ ਠਾਕੁਰ ਵੱਲੋਂ ਜੀਡੀਐਮ ਸਬੰਧਤ ਰਿਪੋਰਟਿੰਗ ਕਰਨ ਲਈ ਭਰੇ ਜਾਣ ਵਾਲੇ ਫਾਰਮੇਟ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।