ਸਿਹਤ ਵਿਭਾਗ ਵੱਲੋਂ ਬੱਚਿਆਂ ਦੀਆਂ ਮੌਤਾਂ ਦੇ ਰੀਵਿਊ ਸਬੰਧੀ ਦੋ ਦਿਨਾਂ ਟ੍ਰੇਨਿੰਗ ਆਯੋਜਿਤ
ਹੁਸ਼ਿਆਰਪੁਰ 27 ਮਾਰਚ 2024: ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੀ ਪ੍ਰਧਾਨਗੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਦੀ ਅਗਵਾਈ ਵਿਚ ਬੱਚਿਆਂ ਦੀਆਂ ਮੌਤਾਂ ਦੇ ਰੀਵਿਊ ਸਬੰਧੀ ਦੋ ਦਿਨਾਂ ਟ੍ਰੇਨਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਡਾ ਸੀਮਾ ਗਰਗ ਅਤੇ ਬੱਚਿਆ ਦੇ ਮਾਹਰ ਡਾ ਹਰਨੂਰਜੀਤ ਕੌਰ ਵੱਲੋਂ ਸਮੂਹ ਬਲਾਕ ਸੀਨੀਅਰ ਮੈਡੀਕਲ ਅਫਸਰਾਂ ਅਤੇ ਡਿਲੀਵਰੀ ਪੁਆਇੰਟ ਦੇ ਮੈਡੀਕਲ ਅਫਸਰਾਂ ਨੂੰ 28 ਦਿਨਾਂ ਤੱਕ ਦੇ ਨਵਜਾਤ ਸ਼ਿਸ਼ੂਆਂ, ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 5 ਸਾਲ ਤੱਕ ਦੇ ਬੱਚਿਆਂ ਵਿੱਚ ਮੌਤ ਦੇ ਵੱਖ ਵੱਖ ਕਾਰਣਾਂ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।
ਨਿੰਗ ਦੌਰਾਨ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਨੇ ਕਿਹਾ ਬੱਚਿਆਂ ਦੀਆਂ ਮੌਤਾਂ ਦੇ ਮੁੱਖ ਕਾਰਣਾਂ ਵਿੱਚ ਜਮਾਂਦਰੂ ਬਿਮਾਰੀਆਂ, ਘੱਟ ਭਾਰ ਵਾਲੇ ਬੱਚੇ ਅਤੇ ਹੋਰ ਕਾਰਣ ਹਨ। ਇਸ ਲਈ ਜਰੂਰੀ ਹੈ ਕਿ ਗਰਭਵਤੀ ਔਰਤਾਂ ਦੀ ਜਲਦ ਤੋਂ ਜਲਦ ਰਜਿਸਟਰੇਸ਼ਨ ਕੀਤੀ ਜਾਵੇ, ਨਿਯਮਤ ਸਿਹਤ ਜਾਂਚ ਵਿੱਚ ਬੀਪੀ, ਭਾਰ ਅਤੇ ਖੂਨ ਦੀ ਜਾਂਚ ਜਰੂਰ ਕੀਤੇ ਜਾਣ। ਸਭ ਤੋਂ ਜਰੂਰੀ ਹਾਈ ਰਿਸਕ ਪਰੈਗਨੈਂਸੀ ਦਾ ਵਾਧੂ ਚੈਕਅਪ, ਟੀਕਾਕਰਣ ਅਤੇ ਇੰਸਟੀਚਿਊਟ ਡਿਲੀਵਰੀ ਨੂੰ ਯਕੀਨੀ ਬਣਾਈ ਜਾਵੇ। ਡਿਲਿਵਰੀ ਉਪਰੰਤ ਪੀਐਨਸੀ ਚੈਕਅਪ ਜਰੂਰ ਕਰਨਾ ਵੀ ਯਕੀਨੀ ਬਣਾਇਆ ਜਾਵੇ।
ਡਾ ਸੀਮਾ ਗਰਗ ਨੇ ਦੱਸਿਆ ਕਿ ਰੀਵਿਓ ਦੌਰਾਨ ਵੇਖਣ ਵਿਚ ਆਇਆ ਹੈ ਕਿ ਜਿਆਦਾਤਰ ਮੌਤਾਂ ਜਮਾਂਦਰੂ ਨੁਕਸਾਂ ਜਿਨ੍ਹਾ ਦਾ ਇਲਾਜ ਸੰਭਵ ਨਹੀਂ, ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਅਤੇ ਬੱਚਿਆਂ ਦੇ ਐਸਪੀਰੇਟ ਹੋਣ ਕਾਰਣ ਹੋਈਆਂ ਹਨ। ਰੋਕੇ ਜਾਣ ਵਾਲੇ ਕਾਰਣਾਂ ਬਾਰੇ ਦੱਸਿਆ ਉਨ੍ਹਾਂ ਕਿਹਾ ਕਿ ਏਐਨਐਮ ਤੇ ਆਸ਼ਾ ਵਰਕਰਾਂ ਵਲੋਂ ਮਾਵਾਂ ਨੂੰ ਬੱਚੇ ਨੂੰ ਸਹੀ ਤਰੀਕੇ ਨਾਲ ਦੁੱਧ ਚੁੰਘਾਉਣ ਲਈ ਸਿੱਖਿਅਤ ਕੀਤਾ ਜਾਵੇ।
ਮਾਵਾਂ ਨੂੰ ਦੱਸਿਆ ਜਾਵੇ ਕਿ ਦੁੱਧ ਚੁੰਘਾਉਣ ਉਪਰੰਤ ਡਕਾਰ ਜਰੂਰ ਦੁਆਇਆ ਜਾਵੇ ਅਤੇ ਬੱਚੇ ਨੂੰ ਖੱਬੀ ਵੱਖੀ ਭਾਰ ਲਿਟਾਇਆ ਜਾਵੇ। ਛੇ ਮਹੀਨਿਆਂ ਬਾਅਦ ਬੱਚੇ ਨੂੰ ਪੂਰਕ ਖੁਰਾਕ ਸ਼ੁਰੂ ਕਰਨ ਵੇਲੇ ਕਿਸੇ ਇੱਕ ਚੀਜ ਨਾਲ ਸ਼ੁਰੂਆਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਜਨਮ ਸਮੇਂ ਬੀਸੀਜੀ, ਹੈਪਾ-ਬੀ ਲਗਣਾ ਅਤੇ ਪੋਲੀਓ ਦੀ ਖੁਰਾਕ ਦੇਣੀ ਯਕੀਨੀ ਬਣਾਈ ਜਾਵੇ। ਇਹ ਸਭ ਗੱਲਾਂ ਬੱਚਿਆਂ ਦੀ ਮੌਤ ਦਰ ਨੂੰ ਘੱਟ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ।
ਡਾ ਹਰਨੂਰਜੀਤ ਵੱਲੋਂ ਕਮਿਊਨਿਟੀ ਬੇਸਡ ਅਤੇ ਫੈਸਿਲੀਟੀ ਬੇਸਡ ਹੋਣ ਵਾਲੀਆਂ ਬੱਚਿਆ ਦੀਆਂ ਮੌਤਾਂ ਬਾਰੇ, ਰੀਵਿਊ ਲਈ ਭਰੇ ਜਾਣ ਵਾਲੇ ਵੱਖ ਵੱਖ ਫਾਰਮਾਂ ਬਾਰੇ, ਬਲਾਕ ਪੱਧਰ ਤੇ ਕੀਤੀ ਜਾਣ ਵਾਲੀ ਲਾਈਨ ਲਿਸਟਿੰਗ ਬਾਰੇ ਅਤੇ ਜਿਲ੍ਹਾ ਪੱਧਰ ਤੇ ਸਥਾਪਿਤ ਰੀਵਿਊ ਕਮੇਟੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਟ੍ਰੇਨਿੰਗ ਦੌਰਾਨ ਡੀਪੀਐਮ ਮੁਹੰਮਦ ਆਸਿਫ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ।