16 ਫਰਵਰੀ ਦੀ ਹੜਤਾਲ ਦੀ ਸਫਲਤਾ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ, ਸ਼ਹਿਰ ਅੰਦਰ ਕੀਤਾ ਗਿਆ ਮਾਰਚ
ਹੁਸ਼ਿਆਰਪੁਰ, 9 ਫਰਵਰੀ: 16 ਫਰਵਰੀ 2024 ਦੀ ਹੜਤਾਲ ਦੀ ਸਫਲਤਾ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਦੇ ਫੈਸਲੇ ਅਨੁਸਾਰ ਅੱਜ ਸ਼ਹੀਦ ਉਧਮ ਸਿੰਘ ਪਾਰਕ ਹੁਸ਼ਿਆਰਪੁਰ ਵਿੱਚ ਕਿਸਾਨਾਂ, ਮਜਦੂਰਾਂ ਅਤੇ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਇੱਕਠੇ ਹੋ ਕੇ ਸ਼ਹਿਰ ਅੰਦਰ ਮਾਰਚ ਕੀਤਾ ਗਿਆ ਅਤੇ ਦੁਕਾਨਦਾਰਾਂ ਨਾਲ ਸਾਂਝ ਪਾਉਂਦਿਆਂ ਉਹਨਾਂ ਨੂੰ ਆਪਣੇ ਕਾਰੋਬਾਰ ਪੂਰਨ ਤੌਰ ਤੇ ਬੰਦ ਕਰਨ ਦੀ ਅਪੀਲ ਕੀਤੀ ਗਈ। ਉਹਨਾਂ ਨੂੰ ਦਸਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਦੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਅਪਣਾਈਆਂ ਗਈਆਂ ਨੀਤੀਆਂ ਕਾਰਨ ਦੇਸ਼ ਦਾ ਸਾਰਾ ਛੋਟਾ ਕਾਰੋਬਾਰ ਬੰਦ ਹੋ ਰਿਹਾ ਹੈ, ਸ਼ਹਿਰਾਂ ਅੰਦਰ ਵੱਡੇ-ਵੱਡੇ ਮਾਲ ਬਣ ਗਏ ਹਨ, ਛੋਟੇ ਦੁਕਾਨਦਾਰਾਂ ਦਾ ਧੰਧਾ ਬੰਦ ਹੋ ਰਿਹਾ ਹੈ।
ਆੜਤੀਆਂ ਨੂੰ ਮਿਲ ਕੇ ਅਪੀਲ ਕੀਤੀ ਗਈ ਕਿ ਤੁਹਾਡਾ ਸਾਰਾ ਕਾਰੋਬਾਰ ਕਿਸਾਨੀ ਦੇ ਸਿਰ ਤੇ ਹੈ, ਜੇਕਰ ਕਿਸਾਨੀ ਨਾ ਬਚੀ ਤਾਂ ਤੁਹਾਡਾ ਸਮੂਚਾ ਕਾਰੋਬਾਰ ਬੰਦ ਹੋ ਜਾਵੇਗਾ। ਸਰਕਾਰ ਦੀਆਂ ਨੀਤੀਆਂ ਨਾਲ ਪਹਿਲਾਂ ਹੀ ਆੜਤੀਆਂ ਅਤੇ ਦਰਮਿਆਨੇ ਵਿਉਪਾਰੀਆਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ। ਇਸੇ ਤਰ੍ਹਾਂ ਵਿਉਪਾਰ ਮੰਡਲ, ਕਰਿਆਨਾ ਐਸੋਸਿਏਸ਼ਨ ਅਤੇ ਛੋਟੇ ਦੁਕਾਨਦਾਰਾਂ ਦੀਆਂ ਜੱਥੇਬੰਦੀਆਂ ਦੇ ਆਗੂਆਂ ਨੂੰ 16 ਫਰਵਰੀ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ। ਇਸੇ ਤਰ੍ਹਾਂ ਬਾਕੀ ਸੰਸਥਾਵਾਂ – ਟਰੱਕ ਯੂਨੀਅਨ, ਆਟੋ ਰਿਕਸ਼ਾ ਚਾਲਕ ਅਤੇ ਮਿਨੀ ਬਸਾਂ ਦੇ ਮਾਲਕਾਂ ਨੂੰ ਵੀ ਉਸ ਦਿਨ ਬੰਦ ਕਰਨ ਦੀ ਅਪੀਲ ਕੀਤੀ ਗਈ। ਬਾਅਦ ਵਿੱਚ ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿਖੇ ਹਾਜ਼ਰ ਸਾਥੀਆਂ ਵੱਲੋਂ ਮੀਟਿੰਗ ਕਰਕੇ 16 ਫਰਵਰੀ ਨੂੰ ਨਲੋਈਆਂ ਚੋਂਕ, ਟਾਂਡਾ ਚੋਂਕ, ਪ੍ਰਭਾਤ ਚੋਂਕ, ਪੁਰਹੀਰਾਂ ਬਾਈ ਪਾਸ ਅਤੇ ਚੰਡੀਗੜ੍ਹ ਬਾਈ ਪਾਸ ਤੇ ਜਾਮ ਲਈ ਪੂਰੀ ਯੋਜਨਾਬੰਦੀ ਕੀਤੀ ਗਈ। ਹਾਜ਼ਰ ਸਾਥੀਆਂ ਨੇ ਹਰਿਆਨਾ ਅਤੇ ਚੱਬੇਵਾਲ ਵਿੱਚ ਵੀ ਬੰਦ ਕਰਨ ਦਾ ਫੈਸਲਾ ਕੀਤਾ।
ਸ਼ਹਿਰ ਵਾਸੀਆਂ ਅਤੇ ਪੇਂਡੂ ਲੋਕਾਂ ਨੂੰ ਇਸ ਸਬੰਧ ਵਿੱਚ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਸ ਮੋਕੇ ਜਗਤਾਰ ਸਿੰਘ ਭਿੰਡਰ, ਸ਼ਿੰਗਾਰਾ ਸਿੰਘ, ਦਵਿੰਦਰ ਸਿੰਘ ਕੱਕੋਂ, ਗੁਰਮੇਸ਼ ਸਿੰਘ, ਪਵਿੱਤਰ ਸਿੰਘ, ਓਂਕਾਰ ਸਿੰਘ, ਭੁਪਿੰਦਰ ਸਿੰਘ ਭੂੰਗਾ, ਸਤਪਾਲ ਡਡਿਆਣਾ, ਸਤੀਸ਼ ਰਾਣਾ, ਗੰਗਾ ਪ੍ਰਸ਼ਾਦ, ਕੁਲਵਰਨ ਸਿੰਘ, ਰਜਿੰਦਰ ਸਿੰਘ, ਸੁਖਪਾਲ ਸਿੰਘ ਫੌਜੀ, ਰਘੁਵਿੰਦਰ ਸਿੰਘ ਕਾਹਰੀ, ਚਰਨਜੀਤ ਬਾਜਵਾ, ਸੋਨੀ ਕੱਕੋਂ, ਸੰਤੋਖ ਸਿੰਘ ਭੀਲੋਵਾਲ, ਮਹਿੰਦਰ ਸਿੰਘ ਭੀਲੋਵਾਲ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਬਲਵੀਰ ਸਿੰਘ ਸੈਣੀ, ਬਹਾਦਰ ਸਿੰਘ, ਮਾਸਟਰ ਬਲਬੀਰ ਸਿੰਘ, ਅਮਰੀਕ ਸਿੰਘ ਅਤੇ ਜਤਿੰਦਰ ਕੁਮਾਰ ਹਾਜ਼ਰ ਸਨ।