ਸਾਦਾ ਜੀਵਨ ਸ਼ੈਲੀ ਅਪਣਾ ਕੇ ਅਤੇ ਜਾਗਰੂਕ ਹੋ ਕੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ: ਡਾ ਸੀਮਾ ਗਰਗ
ਹੁਸ਼ਿਆਰਪੁਰ 09 ਫਰਵਰੀ 2024: ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਸ਼ਵ ਕੈਂਸਰ ਵੀਕ ਤਹਿਤ ਅੱਜ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਦੀ ਯੋਗ ਅਗਵਾਈ ਅਤੇ ਪ੍ਰਿੰਸੀਪਲ ਰੰਜੂ ਦੁੱਗਲ ਜੀ ਦੀ ਪ੍ਰਧਾਨਗੀ ਹੇਠ ਇਕ ਕੈਂਸਰ ਜਾਗਰੂਕਤਾ ਸੈਮੀਨਾਰ ਵਿਸ਼ਵ ਸਿਹਤ ਸੰਗਠਨ ਵੱਲੋ ਦਿੱਤੇ ਗਏ ਥੀਮ “ਕਲੋਜ਼ ਦਿ ਕੇਅਰ ਗੈਪ”ਤਹਿਤ ਆਯੋਜਿਤ ਕੀਤਾ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਡਾ ਮਨਦੀਪ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਮੈਡਮ ਰਮਨਦੀਪ ਕੌਰ, ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਸਕੂਲ ਅਧਿਆਪਕ ਸੰਜੀਵ ਕੁਮਾਰ ਅਤੇ ਸੀਤਾ ਰਾਮ ਬੰਸਲ ਹਾਜ਼ਰ ਸਨ।
ਸੈਮੀਨਾਰ ਵਿੱਚ ਹਾਜ਼ਿਰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਨੇ ਦੱਸਿਆ ਇਹ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਸੁਚੇਤ ਕਰਨਾ ਅਤੇ ਜਲਦ ਜਾਂਚ ਤੇ ਇਲਾਜ ਲਈ ਉਤਸਾਹਿਤ ਕਰਨਾ ਹੈ।ਉਹਨਾਂ ਇਕ ਪੀਪੀਟੀ ਰਾਹੀਂ ਦੱਸਿਆ ਕਿ ਕੈਂਸਰ ਰੋਗ ਤੋਂ ਬਚਣ ਲਈ ਰੋਜ਼ਾਨਾ ਦੀ ਜੀਵਨ ਸ਼ੈਲੀ ਵਿਚ ਬਦਲਾਅ ਲਿਆਉਣਾ ਬਹੁਤ ਜਰੂਰੀ ਹੈ। ਸ਼ਰੀਰਕ ਕਸਰਤ ਕਰਨਾ, ਪੈਕਡ ਅਤੇ ਜੰਕ ਫੂਡ ਦੀ ਥਾਂ ਘਰ ਦਾ ਬਣਿਆ ਖਾਣਾ ਖਾਣ ਨਾਲ ਕੈਂਸਰ ਸਮੇਤ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਕੈਂਸਰ ਦਾ ਕੋਈ ਇਕ ਕਾਰਨ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ ਬਲਕਿ ਇਸ ਦੇ ਕਈ ਕਾਰਨ ਹਨ, ਜਿਵੇਂ ਕਿ ਸਰੀਰਕ ਕਸਰਤ ਨਾ ਕਰਨਾ , ਤੰਬਾਕੂ , ਸ਼ਰਾਬ ਦਾ ਸੇਵਨ ਅਤੇ ਸੰਤੁਲਿਤ ਖੁਰਾਕ ਦੀ ਘਾਟ ਅਤੇ ਪ੍ਰਦੂਸ਼ਿਤ ਵਾਤਾਵਰਨ ਆਦਿ।
ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਬਾਰ ਬਾਰ ਹੋਣ ਵਾਲੇ ਮੂੰਹ ਦੇ ਛਾਲੇ, ਛਾਤੀ ਵਿਚ ਕੋਈ ਗਿਲਟੀ, ਖੰਘ ਨਾਲ ਜਾਂ ਮਲ ਨਾਲ ਖ਼ੂਨ ਦਾ ਆਉਣਾ ਅਚਾਨਕ ਕਮਜ਼ੋਰੀ ਹੋਣਾ ਆਦਿ ਮੁੱਖ ਨਿਸ਼ਾਨੀਆ ਹਨ ਅਤੇ ਜੇਕਰ ਕਿਸੇ ਵਿਆਕਤੀ ਨੂੰ ਇਹ ਲੱਛਣ ਮਹਿਸੂਸ ਹੋਣ ਤਾ ਸਮੇਂ ਸਿਰ ਚੇਤਨ ਹੇ ਕਿ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਡਾ ਸੀਮਾ ਗਰਗ ਨੇ ਔਰਤਾਂ ਵਿਚ ਬਹੁਤ ਹੀ ਕਾਮਨ ਪਾਏ ਜਾਣ ਵਾਲੇ ਛਾਤੀ ਦੇ ਕੈਂਸਰ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਸੰਬੰਧੀ ਵਿਸਥਾਰ ਵਿਚ ਜਾਣਕਾਰੀ ਸਾਂਝੀ। ਉਹਨਾਂ ਕਿਹਾ ਕਿਸੇ ਵੀ ਤਰਾਂ ਦੇ ਸ਼ੱਕੀ ਚਿੰਨ੍ਹ ਨਜ਼ਰ ਆਉਣ ਤੇ ਜਲਦ ਤੋਂ ਜਲਦ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਡਾ ਮਨਦੀਪ ਕੌਰ ਨੇ ਕੈਂਸਰ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਕੈਂਸਰ ਦੀਆਂ ਚਾਰ ਸਟੇਜਾਂ ਹੁੰਦੀਆਂ ਹਨ। ਇਹ ਸ਼ਰੀਰ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦਾ ਹੈ। ਸ਼ੁਰੂਆਤੀ ਲੱਛਣ ਪਹਿਚਾਣ ਇਸ ਨੂੰ ਪਹਿਲੀ ਦੂਜੀ ਸਟੇਜ ਵਿਚ ਹੀ ਕਾਬੂ ਕੀਤਾ ਜਾ ਸਕਦਾ ਹੈ। ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੁੰਦੀ ਹੈ। ਮਾਸ ਮੀਡੀਆ ਵਿੰਗ ਤੋਂ ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਵਿਸ਼ਵ ਭਰ ਵਿਚ ਹਰ ਸਾਲ 96 ਲੱਖ ਲੋਕਾਂ ਦੀ ਅਤੇ ਭਾਰਤ ਵਿਚ ਕਰੀਬ 8 ਲੱਖ ਲੋਕਾਂ ਦੀ ਕੈਂਸਰ ਨਾਲ ਮੌਤ ਹੋ ਜਾਂਦੀ ਹੈ। ਇਸ ਵਿੱਚੋਂ ਵੀ 40% ਮੌਤਾਂ ਦਾ ਕਾਰਣ ਤੰਬਾਖੂ ਹੈ। ਕੈਂਸਰ ਦੇ ਲੱਛਣਾਂ ਨੂੰ ਸ਼ੁਰੂਆਤੀ ਸਟੇਜ ਤੇ ਪਹਿਚਾਣ ਕੇ ਇਸ ਦਾ ਇਲਾਜ਼ ਸੰਭਵ ਹੈ। ਇਸ ਲਈ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਸਰਕਾਰ ਵੱਲੋ ਕੈਸਰ ਦੇ ਮਰੀਜਾਂ ਦੀ ਜਾਂਚ ਅਤੇ ਇਲਾਜ ਲਈ ਸਮੂਹ ਜਿਲਾ ਹਸਪਤਾਲ ਅਤੇ ਮੈਡੀਕਲ ਕਾਲਜਾਂ ਵਿੱਚ ਮੁਫ਼ਤ ਸਹੂਲਤ ਮਿਲਦੀ ਹੈ। ਅਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾ ਤਹਿਤ ਲਾਭ ਪਾਤਰੀਆਂ ਨੂੰ ਇਸ ਦੇ ਇਲਾਜ ਲਈ ਸਹੂਲਤ ਦਿੱਤੀ ਜਾਦੀ ਹੈ। ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਦੇ ਤਹਿਤ ਪੀੜਿਤ ਮਰੀਜ਼ ਰਜਿਸਟਰਡ ਹਸਪਤਾਲਾਂ ਵਿਚ ਦਾ 1.5 ਲੱਖ ਤੱਕ ਦਾ ਮੁਫਤ ਇਲਾਜ਼ ਕੀਤਾ ਜਾਂਦਾ ਹੈ।
ਅੰਤ ਵਿਚ ਪ੍ਰਿੰਸੀਪਲ ਮੈਡਮ ਰੰਜੂ ਦੁੱਗਲ ਜੀ ਨੇ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸੇ ਵਿਸ਼ੇ ਦੇ ਸੰਬੰਧ ਵਿਚ ਅੱਜ ਇਕ ਹੋਰ ਸੈਮੀਨਾਰ ਸੀਨੀਅਰ ਸਕੈਂਡਰੀ ਸਕੂਲ ਰੇਲਵੇ ਮੰਡੀ ਵਿਖੇ ਵੀ ਆਯੋਜਿਤ ਕੀਤਾ ਗਿਆ। ਜਿਸ ਵਿਚ ਡਾ ਸੀਮਾ ਗਰਗ ਨੇ ਵਿਦਿਆਰਥੀਆਂ ਨੂੰ ਮੁਖਾਤਿਬ ਹੋ ਕੇ ਕੈਂਸਰ ਪ੍ਰਤੀ ਜਾਗਰੂਕ ਕੀਤਾ। ਉਪਰੰਤ ਸਕੂਲ ਦੇ ਪ੍ਰਿੰਸੀਪਲ ਮੈਡਮ ਅਪਰਾਜਿਤਾ ਕਪੂਰ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ।