Hoshairpur

ਚੱਬੇਵਾਲ ਨੂੰ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਮੇਰੀ ਵਚਨਬੱਧਤਾ : ਡਾ. ਇਸ਼ਾਂਕ ਕੁਮਾਰ

ਹੁਸ਼ਿਆਰਪੁਰ : ਹਲਕਾ ਚੱਬੇਵਾਲ ਦੇ ਵਿਧਾਇਕ ਡਾ ਇਸ਼ਾਂਕ ਕੁਮਾਰ ਨੇ ਪਿੰਡ ਜਿਆਣ ਦੀ ਇਕ ਮਹੱਤਵਪੂਰਨ ਸੜਕ ਹੁਸ਼ਿਆਰਪੁਰ–ਗੜ੍ਹਸ਼ੰਕਰ ਰੋਡ ਤੋਂ ਜਿਆਣ ਤੱਕ 0.94 ਕਿਲੋਮੀਟਰ ਲੰਬੀ ਸੀਮੈਂਟ ਕੰਕਰੀਟ ਦੀ ਬਣਾਈ ਗਈ ਸੜਕ ਦਾ ਉਦਘਾਟਨ ਕੀਤਾ, ਜੋ ਕਿ 73 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਇਸ ਸੜਕ ਦੀ ਚੌੜਾਈ ਪਹਿਲਾਂ ਦੇ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਗਈ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵਧੀਆ ਅਤੇ ਸੁਚੱਜੀ ਆਵਾਜਾਈ ਸਹੂਲਤ ਮਿਲੇਗੀ।

ਇਸ ਮੌਕੇ ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਜਿਆਣ ਦੇ ਆਲੇ-ਦੁਆਲੇ ਸੜਕ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਭਗ 2.22 ਕਰੋੜ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਵੀਂ ਸੜਕ ਤੋਂ ਇਲਾਵਾ ਜਿਆਣ ਨਾਲ ਜੁੜੀਆਂ ਜ਼ਿਆਦਾਤਰ ਸੜਕਾਂ ਦੇ ਕੰਮ ਮੁਕੰਮਲ ਹੋ ਚੁੱਕੇ ਹਨ, ਜਿਵੇਂ ਕਿ ਮੰਡੀ ਜਿਆਣ ਦੀ ਅਪ੍ਰੋਚ ਰੋਡ, ਜਿਆਣ ਤੋਂ ਹੁਸ਼ਿਆਰਪੁਰ–ਚੰਡੀਗੜ੍ਹ ਰੋਡ ਅਤੇ ਭੀਲੋਵਾਲ ਤੋਂ ਜਿਆਣ ਤੱਕ ਦੀ ਸੜਕ। ਉਨ੍ਹਾਂ ਦੱਸਿਆ ਕਿ ਸਿਰਫ ਜਿਆਣ ਤੋਂ ਸੈਦੋ ਪੱਟੀ ਤੱਕ ਦੀ ਸੜਕ ਬਾਕੀ ਹੈ, ਜੋ ਜਲਦੀ ਪੂਰੀ ਕੀਤੀ ਜਾਵੇਗੀ। “ਨਾ ਸਿਰਫ ਜਿਆਣ, ਸਗੋਂ ਪੂਰੇ ਹਲਕੇ ਚੱਬੇਵਾਲ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ, ਜਿਸ ਨਾਲ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿੱਚ ਵੱਡਾ ਸੁਧਾਰ ਆ ਰਿਹਾ ਹੈ”, ਡਾ ਇਸ਼ਾਂਕ ਨੇ ਕਿਹਾ।

ਇਹ ਵੀ ਜ਼ਿਕਰਯੋਗ ਹੈ ਕਿ ਤਿੰਨ ਕੁ ਮਹੀਨੇ ਪਹਿਲਾਂ ਪਿੰਡ ਜਿਆਣ ਦੇ ਵਸਨੀਕਾਂ ਨੇ ਚੱਬੇਵਾਲ ਦਫਤਰ ਵਿੱਚ ਵਿਧਾਇਕ ਨਾਲ ਮਿਲ ਕੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਹੋਰ ਮਸਲਿਆਂ ’ਤੇ ਚਰਚਾ ਕੀਤੀ ਸੀ। ਵਿਧਾਇਕ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਅਤੇ ਸਮੇਂ ਸਿਰ ਕੰਮ ਪੂਰੇ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਹੁਣ ਉਹ ਵਾਅਦਾ ਜ਼ਮੀਨੀ ਪੱਧਰ ’ਤੇ ਨਜ਼ਰ ਆ ਰਿਹਾ ਹੈ।

ਜਿਆਣ ਦੇ ਸਰਪੰਚ ਕਮਲਜੀਤ ਕੌਰ ਨੇ ਪਿੰਡ ਵਾਸੀਆਂ ਵੱਲੋਂ ਡਾ. ਇਸ਼ਾਂਕ ਕੁਮਾਰ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਲਗਭਗ 40 ਲੱਖ ਰੁਪਏ ਦੀ ਲਾਗਤ ਵਾਲਾ ਸੀਵਰੇਜ ਪ੍ਰੋਜੈਕਟ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਪਿੰਡ ਵਾਸੀਆਂ ਨੇ 36 ਲੱਖ ਰੁਪਏ ਦੀ ਗ੍ਰਾਂਟ ਲਈ ਵੀ ਧੰਨਵਾਦ ਕੀਤਾ, ਜੋ ਕਿ ਟਿਊਬਵੈੱਲ ਦੀ ਸਥਾਪਨਾ ਅਤੇ ਸਟੇਡੀਅਮ, ਧਰਮਸ਼ਾਲਾ ਅਤੇ ਛੱਪੜ ਨਾਲ ਸੰਬੰਧਿਤ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਸਨ।

ਵਿਧਾਇਕ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਵਧੀਆ ਬੁਨਿਆਦੀ ਢਾਂਚਾ ਅਤੇ ਜੀਵਨ ਸਤਰ ਵਿੱਚ ਸੁਧਾਰ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾਣ ਦੀ ਆਪਣੀ ਵਚਨਬੱਧਤਾ ਦੁਹਰਾਈ ।

Related Articles

Leave a Reply

Your email address will not be published. Required fields are marked *

Back to top button

You cannot copy content of this page