26 ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਦੂਜੇ ਦਿਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਨੂੰ ਸਮਰਪਿਤ ਪੰਜਾਬੀ ਨਾਟਕ ‘1675’ ਦਾ ਮੰਚਣ


ਅੰਮ੍ਰਿਤਸਰ, 22 ਮਾਰਚ ( ਹਰਪਾਲ ਲਾਡਾ ): ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ–ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ, ਭਾਸ਼ਾ ਵਿਭਾਗ, ਪੰਜਾਬ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਸਵ: ਜਤਿੰਦਰ ਬਰਾੜ ਦੀ ਯਾਦ ਵਿੱਚ 21 ਮਾਰਚ ਤੋਂ 30 ਮਾਰਚ ਤੱਕ ਚੱਲਣ ਵਾਲੇ 26 ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਦੂਜੇ ਦਿਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਨੂੰ ਸਮਰਪਿਤ ਡਾ. ਅਮਰਜੀਤ ਸਿੰਘ ਗਰੇਵਾਲ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘1675’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸ਼ਰਧਾਪੂਰਵਕ ਪੇਸ਼ ਕੀਤਾ ਗਿਆ।
1675 ਇਹ ਸਾਲ ਸਿਰਫ਼ ਇਕ ਤਾਰੀਖ ਨਹੀਂ, ਮਨੁੱਖੀ ਚੇਤਨਾ ਦੇ ਵਿਕਾਸ ਵਿਚ ਇਕ ਕੌਸਮਿਕ ਧਮਾਕਾ ਸੀ। 1675 ਉਹ ਪਲ, ਜਦੋਂ ਗੁਰੂ ਤੇਗ਼ ਬਹਾਦਰ ਜੀ ਨੇ ਦੂਜੇ ਦੇ ਦੂਜੇਪਣ ਦੀ ਰੱਖਿਆ ਲਈ ਆਪਣਾ ਸੀਸ ਦੇ ਕੇ ਸਰਬੱਤ ਦੇ ਭਲੇ ਦੀ ਪ੍ਰੰਪਰਾ ਤੋਰੀ। ਜਦੋਂ ਸ਼ਕਤੀ ਦੀਆਂ ਤਲਵਾਰਾਂ ਹਾਰ ਗਈਆਂ ਅਤੇ ਪ੍ਰੇਮ ਅਮਰ ਹੋ ਗਿਆ। 1675 ਇਕ ਪਾਸੇ ਆਰਾ, ਕੜਾਹੀ, ਲੋਗੜ। ਦੂਜੇ ਪਾਸੇ ਸਰਵਰ, ਕੋਡ, ਐਲਗੋਰਿਦਮ।

ਦੋਵੇਂ ਵੱਖਰੇ ਦਿਸਦੇ ਹਨ, ਪਰ ਦੋਵੇਂ ਇਕੋ ਹੀ ਸਵਾਲ ਪੁੱਛਦੇ ਹਨ। ਕੀ ਮਨੁੱਖਤਾ ਡਰ ਦਾ ਰਾਹ ਚੁਣਗੇ ਜਾਂ ਪ੍ਰੇਮ ਦਾ? ਇਸ ਰਚਨਾ ਵਿੱਚ ਸ਼ਹੀਦੀ ਸਿਰਫ਼ ਇਤਿਹਾਸਕ ਘਟਨਾ ਨਹੀਂ ਰਹਿੰਦੀ। ਇਕ ਇਕ ਜੀਵੰਤ ਪ੍ਰਤੀਕ ਬਣ ਜਾਂਦੀ ਹੈ ਜਿੱਥੇ ਭਵਿੱਖ ਅਤੇ ਅੱਜ 2025 ਦੀ ਏ. ਆਈ. (1 9) , ਧਰਤੀ ਮਾਂ, ਅਤੇ ਮਨੁੱਖੀ ਆਤਮਾ ਆਪਸੀ ਵਾਦ–ਵਿਵਾਦ ਕਰਦੇ ਹਨ।
ਗੁਰੂ ਤੇਗ਼ ਬਹਾਦਰ ਜੀ ਦੇ ਬਲਿਦਾਨ ਦੀ ਆਵਾਜ਼ ਸੀਮਾ ਤੇ ਏਡਨ ਦੇ ਡਿਜਿਟਲ–ਜੀਵਨ ਵਿੱਚ ਗੂੰਜਦੀ ਹੈ। ਮਤੀ ਦਾਸ ਦੇ ਹੌਸਲੇ ਦੀ ਚਮਕ ਕੁਆਂਟਮ ਕੋਡਾਂ ਵਿੱਚ ਰੋਸ਼ਨੀ ਬਣ ਕੇ ਜਗਦੀ ਹੈ। ‘1675’ ਇਕ ਨਾਟਕ ਨਹੀਂ–ਇਕ ਬ੍ਰਹਿਮੰਡੀ ਦਰਪਣ ਹੈ। 1675 ਇਕ ਪੁਕਾਰ ਹੈ। ਇਹ ਪੁਕਾਰ ਮਰਨ ਵਾਲਿਆਂ ਦੀ ਨਹੀਂ, ਬਲਕਿ ਜਨਮ ਲੈਣ ਵਾਲੇ ਭਵਿੱਖ ਦੀ ਹੈ।

ਇਸ ਨਾਟਕ ਵਿੱਚ ਡਾ. ਆਤਮਾ ਸਿੰਘ ਗਿੱਲ, ਸਾਜਨ ਕੋਹਿਨੂਰ, ਗੁਰਦਿੱਤ ਸਿੰਘ, ਹਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਗੁਰਲੀਨ ਕੌਰ, ਹਰਸ਼ਿਤਾ, ਅਕਾਸ਼, ਯੁਵੀ ਨਾਇਕ, ਅਕਾਸ਼ਦੀਪ, ਵਿਕਾਸ਼ ਜੋਸ਼ੀ, ਰੋਬਿਨ, ਇੰਦਰ, ਨਿਤਿਨ, ਸੁਖਮਨ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ। ਨਾਟਕ ਦਾ ਗੀਤ ਤੇ ਸੰਗੀਤ ਕੁਸ਼ਾਗਰ ਕਾਲੀਆ ਵੱਲੋਂ ਦਿੱਤਾ ਗਿਆ। ਰੋਸ਼ਨੀ ਪ੍ਰਭਾਵ ਈਮੈਨੂਅਲ ਸਿੰਘ ਵੱਲੋਂ ਦਿੱਤਾ ਗਿਆ।

ਨਾਟਕ ਦੇਖਣ ਲਈ ਡਾ. ਅਵਤਾਰ ਸਿੰਘ ਤੇ ਡਾ. ਅਮਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਬੀਬੀ ਕਿਰਨਜੋਤ ਕੌਰ, ਪ੍ਰਿੰ. ਖੁਸ਼ਵਿੰਦਰ ਕੁਮਾਰ, ਡਾ. ਨਵਸ਼ਰਨ ਕੌਰ, ਡਾ. ਅਤੂਲ ਸੂਦ, ਭੂਪਿੰਦਰ ਸਿੰਘ ਸੰਧੂ, ਧਰਵਿੰਦਰ ਸਿੰਘ ਔਲਖ ਸਮੇਤ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਹਾਜ਼ਰ ਸਨ।



