ਟੈਲੀ-ਮਾਨਸ ਹੈਲਪਲਾਈਨ ‘ਤੇ ਪੰਜਾਬ ‘ਚ 35,000 ਤੋਂ ਵੱਧ ਕਾਲਾਂ


ਹੁਸ਼ਿਆਰਪੁਰ, 18 ਫਰਵਰੀ 2026 ( ਹਰਪਾਲ ਲਾਡਾ ): ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੈਲੀ-ਮਾਨਸ ਹੈਲਪ ਲਾਈਨ ਪੰਜਾਬ ਵਿਚ ਮਾਨਸਿਕ ਸਿਹਤ ਸਹਾਇਤਾ ਨੂੰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇਸ ਹੈਲਪ ਲਾਈਨ ‘ਤੇ ਹੁਣ ਤੱਕ 35,000 ਤੋਂ ਵੱਧ ਕਾਲਾਂ ਪ੍ਰਾਪਤ ਹੋ ਚੁੱਕੀਆਂ ਹਨ, ਜਿੱਥੇ ਲੋਕਾਂ ਨੇ ਮਾਨਸਿਕ ਸਲਾਹ, ਭਾਵਨਾਤਮਕ ਸਹਾਇਤਾ ਅਤੇ ਮਨੋਵਿਗਿਆਨਕ ਮਦਦ ਲਈ ਸੰਪਰਕ ਕੀਤਾ।
ਟੈਲੀ-ਮਾਨਸ ਭਾਰਤ ਸਰਕਾਰ ਦੀ ਨੈਸ਼ਨਲ ਟੈਲੀ ਮੈਨਟਲ ਹੈਲਥ ਪ੍ਰੋਗਰਾਮ ਹੇਠ ਇਕ ਮਹੱਤਵਪੂਰਨ ਪਹਿਲ ਹੈ, ਜਿਸ ਦਾ ਉਦੇਸ਼ ਦੇਸ਼ ਭਰ ਦੇ ਲੋਕਾਂ ਨੂੰ ਮੁਫ਼ਤ, ਗੁਪਤ ਅਤੇ 24 ਘੰਟੇ ਮਾਨਸਿਕ ਸਿਹਤ ਜੋ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਸੇਵਾ ਮਾਹਿਰ ਕੋਸਲਰਾਂ ਰਾਹੀਂ ਤੁਰੰਤ ਮਦਦ, ਤਣਾਅ ਨੂੰ ਸੰਭਾਲਣ ਲਈ ਤਰੀਕੇ, ਮਨੋਵਿਗਿਆਨਕ ਪਹਿਲੀ ਸਹਾਇਤਾ ਅਤੇ ਲੋੜ ਪੈਣ ‘ਤੇ ਮਾਹਿਰਾਂ ਜਾਂ ਸਿਹਤ ਸੰਸਥਾਵਾਂ ਨਾਲ ਜੋੜਨ ਦੀ ਸੁਵਿਧਾ ਦਿੰਦੀ ਹੈ। ਹੈਲਪ ਲਾਈਨ ਰਾਹੀਂ ਤਣਾਅ, ਚਿੰਤਾ, ਡਿਪ੍ਰੈਸ਼ਨ, ਪ੍ਰੀਖਿਆ ਦਬਾਅ, ਰਿਸ਼ਤਿਆਂ ਦੀਆਂ ਸਮੱਸਿਆਵਾਂ, ਨਸ਼ੇ ਸੰਬੰਧੀ ਚਿੰਤਾਵਾਂ, ਨੀਂਦ ਦੀਆਂ ਸਮੱਸਿਆਵਾਂ ਅਤੇ ਸੰਕਟ ਸਥਿਤੀਆਂ ਵਰਗੇ ਮਾਮਲਿਆਂ ਵਿਚ ਮਦਦ ਪ੍ਰਦਾਨ ਕੀਤੀ ਜਾਂਦੀ ਹੈ।

ਇਹ ਦੋ ਪੱਧਰੀ ਪ੍ਰਣਾਲੀ ਰਾਹੀਂ ਕੰਮ ਕਰਦੀ ਹੈ। ਪਹਿਲੇ ਪੱਧਰ ‘ਤੇ ਕੌਂਸਲਰ ਸਹਾਇਤਾ ਦਿੰਦੇ ਹਨ ਅਤੇ ਜ਼ਰੂਰਤ ਪੈਣ ‘ਤੇ ਮਾਮਲੇ ਨੂੰ ਮਨੋਵਿਗਿਆਨੀ ਜਾਂ ਮਨੋਰੋਗ ਮਾਹਿਰ ਵੱਲ ਭੇਜਿਆ ਜਾਂਦਾ ਹੈ।
ਡਾ. ਬਲਵੀਰ ਕੁਮਾਰ ਨੇ ਕਿਹਾ ਕਿ ਵੱਧ ਰਹੀਆਂ ਕਾਲਾਂ ਲੋਕਾਂ ਵਿਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਦਾ ਸੰਕੇਤ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਭਾਵਨਾਤਮਕ ਤਣਾਅ ਮਹਿਸੂਸ ਹੋਵੇ ਤਾਂ ਉਹ ਬਿਨਾਂ ਝਿਜਕ ਸਹਾਇਤਾ ਲੈਣ। ਉਨ੍ਹਾਂ ਨੇ ਸਮਾਜਿਕ ਸੰਸਥਾਵਾਂ, ਸਕੂਲਾਂ ਅਤੇ ਪਰਿਵਾਰਾਂ ਨੂੰ ਵੀ ਇਸ ਸੇਵਾ ਬਾਰੇ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਲੋਕ ਇਸ 24 ਘੰਟੇ, ਹਫ਼ਤੇ ਦੇ 7 ਦਿਨ ਟੋਲ-ਫਰੀ ਨੰਬਰ 1800-89-14416 ਅਤੇ 14416 ਕਾਲ ਕਰਕੇ ਸੇਵਾ ਲੈ ਸਕਦੇ ਹਨ।

ਸਿਵਲ ਸਰਜਨ ਡਾ. ਬਲਵੀਰ ਕੁਮਾਰ ਨੇ ਅਪੀਲ ਕੀਤੀ ਕਿ ਮਾਨਸਿਕ ਸਿਹਤ ਸਮੁੱਚੀ ਸਿਹਤ ਦਾ ਅਹਿਮ ਹਿੱਸਾ ਹੈ ਅਤੇ ਲੋਕ ਇਸ ਸੁਵਿਧਾ ਦਾ ਪੂਰਾ ਲਾਭ ਲੈਣ।




