ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਕਰਵਾਈ ਗਈ ਫਾਰਮਰ ਸਾਇੰਟਿਸਟ ਇੰਟਰਐਕਸ਼ਨ


ਨਵਾਂ ਸ਼ਹਿਰ 18 ਫਰਵਰੀ ( ਹਰਪਾਲ ਲਾਡਾ ): ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਡਾ. ਰਾਕੇਸ਼ ਕੁਮਾਰ ਸ਼ਰਮਾ, ਮੁੱਖ ਖੇਤੀਬਾੜੀ ਅਫਸਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਹੇਠ ਮੁੱਖ ਖੇਤੀਬਾੜੀ ਦਫਤਰ ਦੇ ਸੈਮੀਨਾਰ ਹਾਲ ਵਿਖੇ “ਵਾਤਾਵਰਣ ਤਬਦੀਲੀ ਦਾ ਫਸਲਾਂ ਤੇ ਪ੍ਰਭਾਵ” ਵਿਸ਼ੇ ਤੇ ਫਾਰਮਰ ਸਇੰਟਿਸਟ ਇੰਟਰਐਕਸ਼ਨ ਕਰਵਾਈ ਗਈ।
ਇਸ ਮੌਕੇ ਤੇ ਡਾ. ਰਾਕੇਸ਼ ਕੁਮਾਰ ਸ਼ਰਮਾ, ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਤਾਵਰਣ ਤਬਦੀਲੀ ਦਾ ਫਸਲਾਂ ਤੇ ਪੈਣ ਵਾਲੇ ਪ੍ਰਭਾਵਾਂ ਦਾ ਟਾਕਰਾ ਕਰਨ ਲਈ ਸਿਫਾਰਸ਼-ਸ਼ੁਦਾ ਫਸਲਾਂ ਦੀਆਂ ਕਿਸਮਾਂ, ਬਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵਲੋਂ ਕੁਦਰਤੀ ਸ਼ਰੋਤਾਂ ਦੀ ਸਾਂਭ ਸੰਭਾਲ ਲਈ ਕੁਦਰਤੀ ਖੇਤੀ, ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ।

ਉਹਨਾਂ ਕਿਹਾ ਕਿ ਜਿਹਨਾਂ ਕਿਸਾਨਾਂ ਵਲੋਂ ਝੋਨੇ ਹੇਠ ਰਕਬਾ ਘਟਾ ਕੇ ਮੱਕੀ ਬੀਜਟ ਨੂੰ ਤਰਜੀਹ ਦਿੱਤੀ ਜਾਵੇਗੀ, ਉਹਨਾਂ ਨੂੰ ਮੱਕੀ ਬੀਜਣ ਤੇ ਆਉਣ ਵਾਲੇ ਖਰਚੇ ਤੋਂ ਸਬਸਿਡੀ ਦਿੱਤੀ ਜਾਵੇਗੀ। ਡਾ. ਕਮਲਦੀਪ ਸਿੰਘ ਸੰਘਾ, ਪ੍ਰੋਜੈਕਟ ਡਾਇਰੈਕਟਰ (ਆਤਮਾ) ਵਲੋਂ ਕਿਸਾਨਾਂ ਨੂੰ ਫਸਲਾਂ ਦੇ ਉਤਪਾਦਨ ਤੇ ਵਾਤਾਵਰਣ ਤਬਦੀਲੀ ਦੇ ਪੈਣ ਵਾਲੇ ਪਭਾਵਾਂ ਅਤੇ ਰੋਕਥਾਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਇੰਜੀ. ਚੰਦਨ ਸ਼ਰਮਾ ਨੇ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਪ੍ਰਬੰਧਨ ਮਸ਼ੀਨਾਂ ਤੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਿਸਾਨਾਂ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿਚ ਹੀ ਵਾਹ ਕੇ ਰਲਾ ਦੇਣਾ ਚਾਹੀਦਾ ਹੈ, ਕਿਉਂਕਿ ਪਰਾਲੀ ਦੀ ਨਾੜ ਨੂੰ ਅੱਗ ਲਾਉਣ ਨਾਲ 80% ਛੋਟੇ ਤੱਤ ਨਸ਼ਟ ਹੋ ਜਾਂਦੇ ਹਨ।ਡਾ. ਅੱਛਰ ਸਿੰਘ ਨੇ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂਆਂ ਦੀ ਸਾਂਭ ਸੰਭਾਲ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।

ਮੈਡਮ ਪੂਨਮ ਰਾਣੀ ਸੀਨੀਅਰ ਮੱਛੀ ਪਾਲਣ ਅਫਸਰ ਵਲੋਂ ਮੱਛੀ ਪਾਲਣ ਵਿਭਾਗ ਦੀਆਂ ਸਕੀਮਾਂ ਬਾਰੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ । ਸ੍ਰੀ ਕ੍ਰਿਸ਼ਨ ਦੁੱਗਲ, ਭੂਮੀ ਅਤੇ ਪਾਣੀ ਸੰਭਾਲ ਵਿਭਾਗ ਵਲੋਂ ਪਾਣੀ ਦੀ ਸੰਭਾਲ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਡਾ. ਬਲਜੀਤ ਸਿੰਘ ਨੇ ਕਿਸਾਨਾਂ ਨੂੰ ਫਸਲਾਂ ਦੀਆਂ ਬੀਮਾਰੀਆਂ ਅਤੇ ਕੀੜਿਆਂ ਦੀ ਸਰਬਪੱਖੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ।

ਸ੍ਰੀ ਸਤਵਿੰਦਰ ਸਿੰਘ, ਜਿਲ੍ਹਾ ਸੁਪਰਵਾਈਜਰ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਨੇ ਕਿਸਾਨਾਂ ਨੂੰ ਆਰਗੈਨਿਕ ਖੇਤੀ ਦੀ ਰਜਿਸਟਰੇਸ਼ਨ ਅਤੇ ਸਰਟੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ। ਡਾ. ਪਰਮਵੀਰ ਕੌਰ ਡੀ.ਪੀ.ਡੀ. ਨੇ ਆਤਮਾ ਸਕੀਮ ਅਧੀਨ ਕੀਤੀਆਂ ਜਾ ਰਹੀਆਂ ਐਕਟੀਵਿਟੀਜ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਯੋਗੇਸ਼ ਕੁਮਾਰ ਬੱਸੀ, ਰੀਤਾ ਰਾਣੀ ਅਤੇ ਖੇਤੀਬਾੜੀ ਤੇ ਆਤਮਾ ਸਕਮਿ ਦਾ ਸਮੂਹ ਸਟਾਫ ਮੌਜੂਦ ਸੀ। ਅਗਾਂਹਵਧੂ ਕਿਸਾਨ ਸ. ਸੁਰਜੀਤ ਸਿੰਘ ਰਾਏ ਨੇ ਵਾਤਾਵਰਣ ਸੰਭਾਲ ਅਤੇ ਕੁਦਰਤੀ ਖੇਤੀ ਸਬੰਧੀ ਕਵਿਤਾ ਪੇਸ਼ ਕੀਤੀ। ਇਸ ਗੋਸ਼ਟੀ ਵਿੱਚ ਸ. ਅਵਤਾਰ ਸਿੰਘ ਭੁੱਲਰ, ਸ. ਕਸ਼ਮੀਰ ਸਿੰਘ ਸਕੋਹਪੁਰ, ਸ. ਹਰਵਿੰਦਰ ਸਿੰਘ, ਸ੍ਰੀ ਅਮ੍ਰਿਤ ਲਾਲ, ਸ਼੍ਰੀ ਸ਼ਿੰਦਰਪਾਲ, ਸ੍ਰੀਮਤੀ ਕਮਲੇਸ਼ ਰਾਣੀ ਅਤੇ ਸ੍ਰੀਮਤੀ ਰੇਸ਼ਮ ਕੌਰ ਸਮੇਤ 50 ਤੋਂ ਵੱਧ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।



