Hoshairpurਪੰਜਾਬਮਨੋਰੰਜਨ

ਨੇਚਰ ਫੈਸਟ ਦੇ ਤੀਸਰੇ ਦਿਨ ਪ੍ਰਭ ਗਿੱਲ ਦੀ ਆਵਾਜ ਦਾ ਜਾਦੂ, ਝੂਮੇ ਦਰਸ਼ਕ, 17 ਨੂੰ ਪ੍ਰਸਿੱਧ ਗਾਇਕ ਗੁਰਦਾਸ ਮਾਨ ਸਿੰਗਰ ਨਾਈਟ ‘ਚ ਬੰਨ੍ਹਣਗੇ ਰੰਗ

ਹੁਸ਼ਿਆਰਪੁਰ, 16 ਫਰਵਰੀ ( ਹਰਪਾਲ ਲਾਡਾ ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ‘ਨੇਚਰ ਫੈਸਟ-2026’ ਪੰਜਾਬ ਸਖੀ ਸ਼ਕਤੀ ਮੇਲੇ ਦੇ ਤੀਸਰੇ ਦਿਨ ਐਤਵਾਰ ਨੂੰ ਲਾਜਵੰਤੀ ਸਟੇਡੀਅਮ ਵਿਖੇ ਸਿੰਗਰ ਨਾਈਟ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਪ੍ਰਭ ਗਿੱਲ ਨੇ ਆਪਣੀ ਸੁਰੀਲੀ ਆਵਾਜ਼ ਅਤੇ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੋਹਿਤ ਕਰ ਲਿਆ। ਉਨ੍ਹਾਂ ਦੇ ਮੰਚ ‘ਤੇ ਆਉਂਦੇ ਹੀ ਪੂਰਾ ਸਟੇਡੀਅਮ ਤਾੜੀਆਂ ਅਤੇ ਉਤਸ਼ਾਹ ਨਾਲ ਗੂੰਜ ਉੱਠਿਆ।

ਪ੍ਰਭ ਗਿੱਲ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ, ਜਿਨ੍ਹਾਂ ਵਿੱਚ ‘ਪਿਆਰ ਤੇਰੇ ਦਾ ਅਸਰ ਹੈ,’ “ਗੱਲ ਗੱਲ ਤੇ ਗੁੱਸੇ ਹੋ ਕੇ ਬਹਿ ਜਾਣਾ,” “ਤੇਰੀਆਂ ਦੀਦਾਂ,” “ਵਾਹ ਸੱਜਣ ਜੀ ਥੋਡੀਆ ਕਿਆ ਨੇ ਬਾਤਾ,” “ਤੂ ਰੋਏਂਗਾ,” “ਜਿੰਦ ਮਾਹੀ ਲਵ ਯੂ ਓਏ,” ਅਤੇ “ਤਾਰਿਆਂ ਦੇ ਦੇਸ਼” ਪੇਸ਼ ਕਰਕੇ ਦਰਸ਼ਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਦੀ ਸੁਰੀਲੀ ਆਵਾਜ਼, ਵੱਖਰਾ ਅੰਦਾਜ਼ ਅਤੇ ਮੰਚ ‘ਤੇ ਜੀਵੰਤ ਸੰਵਾਦ ਸ਼ੈਲੀ ਨੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਦਰਸ਼ਕਾਂ ਨੇ ਦੇਰ ਰਾਤ ਤੱਕ ਸ਼ੋਅ ਦਾ ਆਨੰਦ ਮਾਣਿਆ ਅਤੇ ਕਲਾਕਾਰ ਨਾਲ ਸੁਰ ਮਿਲਾਉਂਦੇ ਰਹੇ।

ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ‘ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਸ਼ਿਰਕਤ ਕੀਤੀ। ਕੁਆਂਟਮ ਪੇਪਰਜ਼ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਅਜੇਸ਼ ਗੁਪਤਾ, ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਨੀਰਜ ਗੁਪਤਾ ਅਤੇ ਜਨਰਲ ਮੈਨੇਜਰ ਅਜੀਤ ਪਾਲ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਡਿਪਟੀ ਕਮਿਸ਼ਨਰ ਸਮੇਤ ਆਏ ਹੋਰ ਮਹਿਮਾਨਾਂ ਨੇ ਇਸ ਦੌਰਾਨ ਪੰਜਾਬੀ ਗਾਇਕ ਪ੍ਰਭ ਗਿੱਲ ਨੂੰ ਸਨਮਾਨਿਤ ਵੀ ਕੀਤਾ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਸਕਾਰਾਤਮਕ ਊਰਜਾ ਭਰਦੇ ਹਨ ਅਤੇ ਲੋਕਾਂ ਨੂੰ ਕੁਦਰਤ ਅਤੇ ਸੱਭਿਆਚਾਰ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਹਲਕੇ ਦੀ ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਦੇ ਹਨ ਅਤੇ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰਦੇ ਹਨ।

ਪ੍ਰੋਗਰਾਮ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਸੁਰੱਖਿਆ, ਪਾਰਕਿੰਗ, ਬੈਠਣ ਅਤੇ ਸਫ਼ਾਈ ਦੇ ਪ੍ਰਬੰਧਾਂ ਕਾਰਨ ਲੋਕਾਂ ਨੇ ਪਰਿਵਾਰ ਸਮੇਤ ਪ੍ਰੋਗਰਾਮ ਦਾ ਆਨੰਦ ਮਾਣਿਆ। ਸਿੰਗਰ ਨਾਈਟ ਨੇ ਨੇਚਰ ਫੈਸਟ ਦੀ ਖਿੱਚ ਨੂੰ ਹੋਰ ਵਧਾ ਕੇ ਇਸਨੂੰ ਇੱਕ ਯਾਦਗਾਰੀ ਸਮਾਗਮ ਬਣਾ ਦਿੱਤਾ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਨੇਚਰ ਫੈਸਟ ਦਾ ਉਦੇਸ਼ ਲੋਕਾਂ ਨੂੰ ਕੁਦਰਤ ਦੇ ਨੇੜੇ ਲਿਆਉਣਾ ਅਤੇ ਉਨ੍ਹਾਂ ਨੂੰ ਸੱਭਿਆਚਾਰਕ ਵਿਰਾਸਤ ਨਾਲ ਜੋੜਨਾ ਹੈ। ਆਉਣ ਵਾਲੇ ਦਿਨਾਂ ਵਿੱਚ ਆਮ ਲੋਕਾਂ ਲਈ ਸਿਹਤਮੰਦ ਮਨੋਰੰਜਨ ਅਤੇ ਸਕਾਰਾਤਮਕ ਵਾਤਾਵਰਣ ਪ੍ਰਦਾਨ ਕਰਨ ਲਈ ਵੱਖ-ਵੱਖ ਸੱਭਿਆਚਾਰਕ ਅਤੇ ਮਨੋਰੰਜਨ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ 17 ਫਰਵਰੀ ਨੂੰ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੰਦੇ ਹੋਏ ਸਿੰਗਰ ਨਾਈਟ ਵਿੱਚ ਆਉਣ ਦੀ ਅਪੀਲ ਕੀਤੀ।

ਇਸ ਮੌਕੇ ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਐਸਡੀਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਐਸਡੀਐਮ ਮੁਕੇਰੀਆਂ ਓਇਸ਼ੀ ਮੰਡਲ, ਆਰਟੀਓ ਅਮਨਦੀਪ ਕੌਰ ਘੁੰਮਣ, ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ, ਵਧੀਕ ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page