Hoshairpur

ਸਿਹਤ ਵਿਭਾਗ ਵੱਲੋਂ ਸ਼ੀਤ ਲਹਿਰ ਤੋਂ ਬਚਾਅ ਲਈ ਸੁਝਾਅ ਅਤੇ ਦਿਸ਼ਾ-ਨਿਰਦੇਸ਼ ਜਾਰੀ

ਹੁਸ਼ਿਆਰਪੁਰ, 19 ਦਸੰਬਰ 2025 ( ਹਰਪਾਲ ਲਾਡਾ ): ਲਗਾਤਾਰ ਵੱਧ ਰਹੀ ਠੰਡ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਜੀ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਇੱਕ ਵਿਸਤ੍ਰਿਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੇ ਕਾਰਨ ਲੋਕਾਂ ਦੇ ਲੰਬੇ ਸਮੇਂ ਤੱਕ ਠੰਡ ਦੇ ਸੰਪਰਕ ਵਿੱਚ ਰਹਿਣ ਨਾਲ ਫਲੂ, ਨੱਕ ਵਗਣਾ, ਹਾਈਪੋਥਰਮੀਆ, ਫ੍ਰੋਸਟਬਾਈਟ ਆਦਿ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਐਡਵਾਈਜ਼ਰੀ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਲਵੀਰ ਕੁਮਾਰ ਨੇ ਕਿਹਾ ਕਿ ਆਉਣ ਵਾਲੀ ਸ਼ੀਤ ਲਹਿਰ ਦੌਰਾਨ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮੈਦਾਨੀ ਖੇਤਰਾਂ ਵਿੱਚ ਜਦੋਂ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਅਤੇ ਪਹਾੜੀ ਖੇਤਰਾਂ ਵਿੱਚ 0 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਹੋ ਜਾਵੇ ਤਾਂ ਉਸਨੂੰ ਸ਼ੀਤ ਲਹਿਰ ਮੰਨਿਆ ਜਾਂਦਾ ਹੈ।

ਸਿਵਲ ਸਰਜਨ ਨੇ ਕਿਹਾ ਕਿ ਠੰਡ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਫਲੂ ਅਤੇ ਨੱਕ ਵਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਅਜਿਹੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਸ਼ੀਤ ਲਹਿਰ ਦੌਰਾਨ ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਰਹੋ ਅਤੇ ਠੰਡੀ ਹਵਾ ਦੇ ਸੰਪਰਕ ਤੋਂ ਬਚਣ ਲਈ ਯਾਤਰਾ ਘੱਟ ਤੋਂ ਘੱਟ ਕਰੋ।

ਉਨ੍ਹਾਂ ਨੇ ਸਲਾਹ ਦਿੱਤੀ ਕਿ ਢਿੱਲੇ ਅਤੇ ਕਈ ਪਰਤਾਂ ਵਾਲੇ ਕੱਪੜੇ ਪਹਿਨੇ ਜਾਣ। ਤੰਗ ਕੱਪੜੇ ਖੂਨ ਦੇ ਸੰਚਾਰ ਨੂੰ ਪ੍ਰਭਾਵਿਤ ਕਰਦੇ ਹਨ, ਇਸ ਲਈ ਇੱਕ ਪਰਤ ਦੀ ਥਾਂ ਉੱਨੀ ਅਤੇ ਵਿੰਡਪਰੂਫ ਮਲਟੀ-ਲੇਅਰ ਕੱਪੜੇ ਪਹਿਨੋ। ਆਪਣੇ ਆਪ ਨੂੰ ਸੁੱਕਾ ਰੱਖੋ ਅਤੇ ਸਿਰ, ਗਰਦਨ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਢੁਕਵੇਂ ਢੰਗ ਨਾਲ ਢੱਕੋ, ਕਿਉਂਕਿ ਜ਼ਿਆਦਾਤਰ ਠੰਡ ਦਾ ਅਸਰ ਇਨ੍ਹਾਂ ਅੰਗਾਂ ‘ਤੇ ਪੈਂਦਾ ਹੈ।

ਦਸਤਾਨਿਆਂ ਦੀ ਬਜਾਏ ਮਿਟਨ ਵਰਤਣ ਦੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਮਿਟਨ ਵਧੇਰੇ ਨਿੱਘ ਅਤੇ ਇਨਸੂਲੇਸ਼ਨ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਟੋਪੀ ਅਤੇ ਮਫ਼ਲਰ ਦੀ ਵਰਤੋਂ ਕਰੋ ਅਤੇ ਇਨਸੂਲੇਟਡ ਜਾਂ ਵਾਟਰਪਰੂਫ ਜੁੱਤੇ ਪਾਓ।

ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ ਲਈ ਸਿਹਤਮੰਦ ਅਤੇ ਪੋਸ਼ਟਿਕ ਭੋਜਨ ਖਾਓ। ਵਿਟਾਮਿਨ ਸੀ ਨਾਲ ਭਰਪੂਰ ਫਲ, ਸ਼ਹਿਦ, ਗੁੜ ਅਤੇ ਮੌਸਮੀ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਗਈ। ਗਰਮ ਤਰਲ ਪਦਾਰਥ ਨਿਯਮਿਤ ਤੌਰ ‘ਤੇ ਪੀਓ ਤਾਂ ਜੋ ਸਰੀਰ ਦੀ ਗਰਮੀ ਬਣੀ ਰਹੇ। ਸ਼ਰਾਬ ਦਾ ਸੇਵਨ ਕਰਨ ਤੋਂ ਬਚੋ, ਕਿਉਂਕਿ ਇਹ ਸਰੀਰ ਦਾ ਤਾਪਮਾਨ ਘਟਾਉਂਦੀ ਹੈ।

ਚਮੜੀ ਨੂੰ ਸੁੱਕਣ ਤੋਂ ਬਚਾਉਣ ਲਈ ਨਿਯਮਿਤ ਤੌਰ ‘ਤੇ ਤੇਲ, ਪੈਟਰੋਲੀਅਮ ਜੈਲੀ ਜਾਂ ਬਾਡੀ ਕ੍ਰੀਮ ਦੀ ਵਰਤੋਂ ਕਰੋ। ਖ਼ਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖੋ। ਠੰਡ ਦੇ ਲੰਬੇ ਸੰਪਰਕ ਨਾਲ ਚਮੜੀ ਫਿੱਕੀ, ਸਖ਼ਤ ਜਾਂ ਸੁੰਨ ਹੋ ਸਕਦੀ ਹੈ ਅਤੇ ਖੁੱਲ੍ਹੇ ਅੰਗਾਂ ‘ਤੇ ਛਾਲੇ ਵੀ ਪੈ ਸਕਦੇ ਹਨ। ਅਜਿਹੀ ਸਥਿਤੀ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਉਨ੍ਹਾਂ ਨੇ ਦੱਸਿਆ ਕਿ ਜੇ ਉਂਗਲਾਂ, ਪੈਰਾਂ ਦੀਆਂ ਉਂਗਲਾਂ, ਕੰਨਾਂ ਦੀਆਂ ਲੋਬਾਂ ਜਾਂ ਨੱਕ ਦੇ ਸਿਰੇ ‘ਤੇ ਸੁੰਨਪਨ, ਚਿੱਟਾਪਣ ਜਾਂ ਫਿੱਕੀ ਦਿੱਖ ਨਜ਼ਰ ਆਵੇ ਤਾਂ ਇਸਨੂੰ ਅਣਡਿੱਠਾ ਨਾ ਕੀਤਾ ਜਾਵੇ। ਠੰਡ ਨਾਲ ਪ੍ਰਭਾਵਿਤ ਅੰਗਾਂ ਨੂੰ ਕੋਸੇ (ਬਹੁਤ ਗਰਮ ਨਹੀਂ) ਪਾਣੀ ਨਾਲ ਸੇਕ ਦਿਓ।

ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਸ਼ੀਤ ਲਹਿਰ ਦੇ ਗੰਭੀਰ ਪ੍ਰਭਾਵ ਨਾਲ ਹਾਈਪੋਥਰਮੀਆ ਹੋ ਸਕਦਾ ਹੈ, ਜਿਸ ਨਾਲ ਸਰੀਰ ਦਾ ਤਾਪਮਾਨ ਘਟ ਜਾਂਦਾ ਹੈ ਅਤੇ ਕੰਬਣੀ, ਬੋਲਣ ਵਿੱਚ ਦਿੱਕਤ, ਨੀਂਦ ਆਉਣਾ, ਮਾਸਪੇਸ਼ੀਆਂ ਵਿੱਚ ਅਕੜਾਅ ਅਤੇ ਸਾਹ ਲੈਣ ਵਿੱਚ ਔਖਿਆਈ ਹੋ ਸਕਦੀ ਹੈ। ਹਾਈਪੋਥਰਮੀਆ ਇੱਕ ਮੈਡੀਕਲ ਐਮਰਜੈਂਸੀ ਹੈ, ਜਿਸ ਲਈ ਤੁਰੰਤ ਡਾਕਟਰੀ ਸਹਾਇਤਾ ਲੈਣੀ ਬਹੁਤ ਜ਼ਰੂਰੀ ਹੈ।

ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਬਲਵੀਰ ਕੁਮਾਰ ਨੇ ਕਿਹਾ ਕਿ ਬੰਦ ਕਮਰੇ ਵਿੱਚ ਕਦੇ ਵੀ ਅੰਗੀਠੀ ਨਾ ਬਾਲੀ ਜਾਵੇ, ਕਿਉਂਕਿ ਇਸ ਨਾਲ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੋ ਸਕਦੀ ਹੈ ਜੋ ਜਾਨਲੇਵਾ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਹੀ ਸ਼ੀਤ ਲਹਿਰ ਦੇ ਮੌਸਮ ਦੌਰਾਨ ਸਥਾਨਕ ਮੌਸਮ ਦੀ ਜਾਣਕਾਰੀ ਲਈ ਟੀਵੀ, ਰੇਡੀਓ, ਅਖ਼ਬਾਰਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਨੂੰ ਨਿਯਮਿਤ ਤੌਰ ‘ਤੇ ਚੈੱਕ ਕਰਨ ਦੀ ਅਪੀਲ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button

You cannot copy content of this page