ਵਿਧਾਇਕ ਡਾ. ਈਸ਼ਾਂਕ ਚੱਬੇਵਾਲ ਨੇ ਨੌਜਵਾਨਾਂ ਨਾਲ ਕੀਤਾ ਸਿੱਧਾ ਸੰਵਾਦ, ‘ਯੂ ਸਪੀਕ , ਆਈ ਲਿਸਨ’ ਸੈਸ਼ਨ ਦੌਰਾਨ ਸੁਣੇ ਮੁੱਦੇ ਤੇ ਸੁਝਾਅ


ਹੁਸ਼ਿਆਰਪੁਰ ( ਹਰਪਾਲ ਲਾਡਾ ): ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਈਸ਼ਾਂਕ ਚੱਬੇਵਾਲ ਵੱਲੋਂ ਸਰਕਾਰੀ ਕਾਲਜ, ਹੁਸ਼ਿਆਰਪੁਰ ਵਿਖੇ ਯੁਵਾ ਵਿਦਿਆਰਥੀਆਂ ਨਾਲ ਇੱਕ ਵਿਸ਼ੇਸ਼ ਲਾਈਵ ਯੂਥ ਇੰਟਰੈਕਸ਼ਨ ਪ੍ਰੋਗਰਾਮ “ਯੂ ਸਪੀਕ , ਆਈ ਲਿਸਨ” ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਉਨ੍ਹਾਂ ਦੇ ਵਿਚਾਰਾਂ, ਸੁਝਾਵਾਂ ਅਤੇ ਵੱਖ-ਵੱਖ ਮੁੱਦਿਆਂ ਨੂੰ ਸੁਣਨਾ ਅਤੇ ਉਨ੍ਹਾਂ ਨੂੰ ਆਪਣੀ ਗੱਲ ਖੁੱਲ੍ਹ ਕੇ ਰੱਖਣ ਲਈ ਇੱਕ ਮੰਚ ਪ੍ਰਦਾਨ ਕਰਨਾ ਸੀ।
ਪ੍ਰੋਗਰਾਮ ਦੌਰਾਨ ਡਾ. ਈਸ਼ਾਂਕ ਚੱਬੇਵਾਲ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਰੂ-ਬ-ਰੂ ਹੁੰਦਿਆਂ ਉਨ੍ਹਾਂ ਵੱਲੋਂ ਰੱਖੇ ਗਏ ਸਵਾਲਾਂ ਦੇ ਜਵਾਬ ਦਿੱਤੇ, ਹਰ ਮਸਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਓਹਨਾਂ ਦੇ ਸੁਝਾਵਾਂ ਨੂੰ ਅਮਲ ਵਿਚ ਲਿਆਉਣ ਦਾ ਵੀ ਵਾਅਦਾ ਕੀਤਾ ਗਿਆ । ਸੰਵਾਦ ਦੌਰਾਨ ਸਿੱਖਿਆ, ਸਮਾਜਿਕ ਮੁੱਦਿਆਂ, ਸ਼ਹਿਰੀ ਬੁਨਿਆਦੀ ਢਾਂਚੇ, ਸਰਕਾਰੀ ਸੇਵਾਵਾਂ ਅਤੇ ਆਵਾਜਾਈ ਨਾਲ ਜੁੜੇ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਖੁੱਲ੍ਹ ਕੇ ਚਰਚਾ ਹੋਈ।

ਵਿਦਿਆਰਥਣ ਨਿਹਾਰਿਕਾ ਨੇ ਨਸ਼ਿਆਂ ਦੀ ਸਮੱਸਿਆ ਅਤੇ ਮਹਿਲਾਵਾਂ ਦੀ ਸੁਰੱਖਿਆ ਨਾਲ ਜੁੜੇ ਮੁੱਦੇ ਉਠਾਉਂਦਿਆਂ ਇਨ੍ਹਾਂ ਖੇਤਰਾਂ ਵਿੱਚ ਹੋਰ ਪ੍ਰਭਾਵਸ਼ਾਲੀ ਅਤੇ ਜ਼ਮੀਨੀ ਪੱਧਰ ’ਤੇ ਯਤਨਾਂ ਦੀ ਲੋੜ ’ਤੇ ਆਪਣੇ ਵਿਚਾਰ ਰੱਖੇ। ਸੰਧਿਆ ਸ਼ਰਮਾ ਨੇ ਬਦਲਦੇ ਤਕਨੀਕੀ ਯੁੱਗ ਨੂੰ ਧਿਆਨ ਵਿੱਚ ਰੱਖਦਿਆਂ ਕਾਲਜਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ ਕੋਰਸਾਂ ਅਤੇ ਡਿਜੀਟਲ ਸਕਿੱਲਜ਼ ਨੂੰ ਹੋਰ ਵਿਆਪਕ ਪੱਧਰ ’ਤੇ ਸ਼ਾਮਲ ਕਰਨ ਦਾ ਸੁਝਾਅ ਦਿੱਤਾ।
ਇਸੇ ਤਰ੍ਹਾਂ ਗਗਨਪ੍ਰੀਤ ਕੌਰ ਨੇ ਹੁਸ਼ਿਆਰਪੁਰ ਸ਼ਹਿਰ ਵਿੱਚ ਡਰੇਨੇਜ ਦੀ ਸਮੱਸਿਆ ਵੱਲ ਧਿਆਨ ਦਿਵਾਇਆ। ਜੈਸਮੀਨ ਨੇ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਲੋਕਾਂ ਪ੍ਰਤੀ ਹੋਰ ਸੰਵੇਦਨਸ਼ੀਲ ਅਤੇ ਸਹਿਯੋਗੀ ਵਿਹਾਰ ਲਈ ਟ੍ਰੇਨਿੰਗ ਦਿੱਤੇ ਜਾਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਸਿਵਲ ਹਸਪਤਾਲ ਸਮੇਤ ਜਨਤਕ ਸੇਵਾਵਾਂ ਨਾਲ ਜੁੜੇ ਵਿਭਾਗਾਂ ਵਿੱਚ ਮਰੀਜ਼ਾਂ ਅਤੇ ਆਮ ਲੋਕਾਂ ਨਾਲ ਸੰਵੇਦਨਸ਼ੀਲਤਾ ਅਤੇ ਸਹਿਯੋਗ ਨਾਲ ਪੇਸ਼ ਆਉਣ ਦੀ ਮਹੱਤਤਾ ’ਤੇ ਆਪਣੇ ਵਿਚਾਰ ਸਾਂਝੇ ਕੀਤੇ।

ਚੱਬੇਵਾਲ ਹਲਕੇ ਦੇ ਪਿੰਡ ਸ਼ੇਰਪੁਰ ਤੋਂ ਸੰਜੀਵ ਨੇ ਵਿਧਾਇਕ ਡਾ. ਈਸ਼ਾਂਕ ਚੱਬੇਵਾਲ ਵੱਲੋਂ ਪਿੰਡ ਵਿੱਚ ਕਈ ਲੰਬੇ ਸਮੇਂ ਤੋਂ ਲਟਕਦੇ ਵਿਕਾਸ ਕਾਰਜ ਪੂਰੇ ਕਰਵਾਏ ਜਾਣ ’ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨਾਲ ਹੀ ਸਵੇਰ ਦੇ ਵਿਅਸਤ ਸਮੇਂ ਦੌਰਾਨ ਬੱਸ ਸੇਵਾਵਾਂ ਅਤੇ ਰੂਟਾਂ ਦੀ ਗਿਣਤੀ ਵਧਾਉਣ ਦੀ ਲੋੜ ਵੀ ਰੱਖੀ, ਤਾਂ ਜੋ ਵਿਦਿਆਰਥੀਆਂ ਅਤੇ ਹੋਰ ਯਾਤਰੀਆਂ ਨੂੰ ਆਉਣ-ਜਾਣ ਵਿੱਚ ਹੋਰ ਸੁਵਿਧਾ ਮਿਲ ਸਕੇ।

ਇਸ ਮੌਕੇ ਡਾ. ਈਸ਼ਾਂਕ ਚੱਬੇਵਾਲ ਨੇ ਨੌਜਵਾਨਾਂ ਵੱਲੋਂ ਰੱਖੇ ਗਏ ਸਵਾਲਾਂ ਅਤੇ ਸੁਝਾਵਾਂ ਦਾ ਸਿੱਧੇ ਤੌਰ ’ਤੇ ਜਵਾਬ ਦਿੱਤਾ। ਕਈ ਮੁੱਦਿਆਂ ਸਬੰਧੀ ਉਨ੍ਹਾਂ ਵੱਲੋਂ ਮੌਕੇ ’ਤੇ ਹੀ ਆਪਣਾ ਪੱਖ ਅਤੇ ਜਾਣਕਾਰੀ ਸਾਂਝੀ ਕੀਤੀ ਗਈ, ਜਦਕਿ ਹੋਰ ਜਾਇਜ਼ ਮਾਮਲਿਆਂ ਨੂੰ ਸਬੰਧਤ ਪ੍ਰਸ਼ਾਸਨਿਕ ਪੱਧਰ ’ਤੇ ਵਿਚਾਰ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਪ੍ਰੋਗਰਾਮ ਦੌਰਾਨ ਵਧੀਆ ਅਤੇ ਰਚਨਾਤਮਕ ਵਿਚਾਰ ਪੇਸ਼ ਕਰਨ ਵਾਲੇ ਪਹਿਲੇ ਪੰਜ ਭਾਗੀਦਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਡਾ. ਈਸ਼ਾਂਕ ਚੱਬੇਵਾਲ ਨੇ ਕਿਹਾ ਕਿ ਨੌਜਵਾਨਾਂ ਕੋਲ ਨਵੀਂ ਸੋਚ, ਨਵੇਂ ਵਿਚਾਰ ਅਤੇ ਸਮਾਜ ਨੂੰ ਵੱਖਰੇ ਨਜ਼ਰੀਏ ਨਾਲ ਦੇਖਣ ਦੀ ਸਮਰੱਥਾ ਹੁੰਦੀ ਹੈ ਅਤੇ ਅਜਿਹੇ ਸੰਵਾਦਾਂ ਰਾਹੀਂ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਨਾ ਅਤੇ ਸਮਝਣਾ ਬਹੁਤ ਮਹੱਤਵਪੂਰਨ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਈਸ਼ਾਂਕ ਚੱਬੇਵਾਲ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਭਵਿੱਖ, ਸਿੱਖਿਆ, ਰੋਜ਼ਗਾਰ ਅਤੇ ਸਮਾਜ ਨਾਲ ਜੁੜੇ ਮੁੱਦਿਆਂ ਪ੍ਰਤੀ ਜਾਗਰੂਕ ਹੈ ਅਤੇ ਉਨ੍ਹਾਂ ਕੋਲ ਕਈ ਕੀਮਤੀ ਸੁਝਾਅ ਹਨ। ਉਨ੍ਹਾਂ ਕਿਹਾ ਕਿ ਇੱਕ ਚੁਣੇ ਹੋਏ ਨੁਮਾਇੰਦੇ ਅਤੇ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਨੌਜਵਾਨਾਂ ਦੀ ਗੱਲ ਸੁਣੀਏ, ਉਨ੍ਹਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲਈਏ ਅਤੇ ਜਿੱਥੇ ਸੰਭਵ ਹੋਵੇ, ਉਨ੍ਹਾਂ ਦੇ ਹੱਲ ਲਈ ਯਤਨ ਕਰੀਏ।
ਪ੍ਰੋਗਰਾਮ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਵੀ ਇਸ ਇੰਟਰੈਕਸ਼ਨ ਨੂੰ ਇੱਕ ਵੱਖਰਾ ਅਤੇ ਸਕਾਰਾਤਮਕ ਅਨੁਭਵ ਦੱਸਿਆ। ਉਨ੍ਹਾਂ ਕਿਹਾ ਕਿ ਅਕਸਰ ਨੌਜਵਾਨਾਂ ਨੂੰ ਆਪਣੀ ਗੱਲ ਸਿੱਧੇ ਤੌਰ ’ਤੇ ਕਿਸੇ ਜਨਤਕ ਨੁਮਾਇੰਦੇ ਸਾਹਮਣੇ ਰੱਖਣ ਦਾ ਮੌਕਾ ਨਹੀਂ ਮਿਲਦਾ, ਪਰ ਇਸ ਪ੍ਰੋਗਰਾਮ ਵਿੱਚ ਉਹ ਬਿਨਾਂ ਕਿਸੇ ਝਿਜਕ ਆਪਣੇ ਸਵਾਲ ਅਤੇ ਸੁਝਾਅ ਰੱਖ ਸਕੇ। ਵਿਦਿਆਰਥੀਆਂ ਨੇ ਡਾ. ਈਸ਼ਾਂਕ ਚੱਬੇਵਾਲ ਦੇ ਖੁੱਲ੍ਹੇ ਅਤੇ ਸਹਿਜ ਅੰਦਾਜ਼ ਦੀ ਵੀ ਸਰਾਹਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਹਰ ਸਵਾਲ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਗੱਲਬਾਤ ਨੂੰ ਇੱਕ ਰਸਮੀ ਪ੍ਰੋਗਰਾਮ ਦੀ ਬਜਾਏ ਸਿੱਧੇ ਅਤੇ ਸੁਭਾਵਿਕ ਸੰਵਾਦ ਵਜੋਂ ਅੱਗੇ ਵਧਾਇਆ।
ਡਾ. ਈਸ਼ਾਂਕ ਚੱਬੇਵਾਲ ਨੇ ਕਿਹਾ ਕਿ ਅਜਿਹੇ ਸਿੱਧੇ ਸੰਵਾਦ ਨੌਜਵਾਨਾਂ ਅਤੇ ਜਨਤਕ ਨੁਮਾਇੰਦਿਆਂ ਵਿਚਕਾਰ ਬਿਹਤਰ ਸੰਪਰਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਨਾਲ ਨੌਜਵਾਨਾਂ ਦੀਆਂ ਉਮੀਦਾਂ ਅਤੇ ਤਰਜੀਹਾਂ ਨੂੰ ਬਿਹਤਰ ਢੰਗ ਨਾਲ ਸਮਝਣ ਦਾ ਮੌਕਾ ਮਿਲਦਾ ਹੈ ਅਤੇ ਉਨ੍ਹਾਂ ਨੂੰ ਵੀ ਆਪਣੇ ਵਿਚਾਰਾਂ ਰਾਹੀਂ ਸਮਾਜ ਅਤੇ ਜਨਤਕ ਪ੍ਰਣਾਲੀ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਉਤਸ਼ਾਹ ਮਿਲਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਆਵਾਜ਼ ਸੁਣਨਾ, ਉਨ੍ਹਾਂ ਦੇ ਵਿਚਾਰਾਂ ਨੂੰ ਮਹੱਤਵ ਦੇਣਾ ਅਤੇ ਉਨ੍ਹਾਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਸਬੰਧਤ ਪੱਧਰ ਤੱਕ ਪਹੁੰਚਾ ਕੇ ਹੱਲ ਲਈ ਯਤਨ ਕਰਨਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਇਸ ਮੌਕੇ ਉਹਨਾਂ ਦੇ ਟੀਮ ਮੈਂਬਰ ਡਾ ਪੰਕਜ ਸ਼ਿਵ , ਡਾ ਪਾਲ ਅੱਤੋਵਾਲ ਵੀ ਹਾਜ਼ਰ ਸਨ |
ਉਨ੍ਹਾਂ ਨੇ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਡਾ ਸਵਿਤਾ ਗੁਪਤਾ , ਸਮੂਹ ਸਟਾਫ਼ ਮੈਂਬਰਾਂ, ਪ੍ਰਬੰਧਕੀ ਕਮੇਟੀ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਸਟਾਫ ਵਿਚ ਕਸ਼ਮੀਰ ਸਿੰਘ , ਸੰਜਨਾ ਸੱਗੀ , ਨਵਦੀਪ ਕੌਰ , ਹਰਜਿੰਦਰ ਸਿੰਘ, ਹਰਜਿੰਦਰ ਪਾਲ, ਪ੍ਰਿਆ ਕੌਸ਼ਲ , ਕੁਲਵਿੰਦਰ ਕੌਰ , ਪੂਨਮ ਸਲਹੋਤਰਾ ,
ਨਿਰਮਲ ਸਿੰਘ ਆਦਿ ਸ਼ਾਮਲ ਸਨ | ਫਾਈਨ ਆਰਟ ਫੈਕਲਟੀ ਜਸਪਾਲ ਸਿੰਘ ਅਤੇ ਇਕ ਯੁਵਾ ਬੱਚੀ ਅਰਸ਼ੀਆ ਨੇ ਇਸ ਦੌਰਾਨ ਸਟੇਜ ਹੋਸਟ ਦੀ ਜਿੰਮੇਵਾਰੀ ਬਖੂਬੀ ਨਿਭਾਈ |



