ਪੰਜਾਬ

ਬੈਂਕ ਅਧਿਕਾਰੀਆਂ ਵੱਲੋਂ ਬੇਦਾਅਵਾ ਪੈਸੇ ਸਹੀ ਹੱਕਦਾਰਾਂ ਤੱਕ ਪਹੁੰਚਾਉਣ ਦੀ ਲੋੜ ’ਤੇ ਜੋਰ

ਨਵਾਂਸ਼ਹਿਰ, 08 ਦਸੰਬਰ ( ਹਰਪਾਲ ਲਾਡਾ ) : ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵੱਲੋਂ ਸ਼ੁਰੂ ਕੀਤੀ ’ਆਪਕੀ ਪੂੰਜੀ ਆਪਕਾ ਅਧਿਕਾਰ’ (ਤੁਹਾਡੀ ਪੂੰਜੀ ਤੁਹਾਡਾ ਹੱਕ) ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੀਆਂ ਬੈਂਕਾਂ ਵਿੱਚ ਲੋਕਾਂ ਦੀਆਂ ਬੇਦਾਅਵਾ ਪਈਆਂ ਰਕਮਾਂ ਨੂੰ ਸਹੀ ਹੱਕਦਾਰਾਂ ਤੱਕ ਪੁੱਜਦਾ ਕਰਨ ਲਈ ਸਥਾਨਕ ਡੀ.ਏ.ਐਨ. ਕਾਲਜ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸਦਾ ਮਕਸਦ ਲੋਕਾਂ ਨੂੰ ਬੇਦਾਅਵਾ ਰਕਮਾਂ ਨੂੰ ਹਾਸਲ ਕਰਨ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ।

ਜਾਗਰੂਕਤਾ ਪ੍ਰੋਗਰਾਮ ਦੌਰਾਨ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਐਚ.ਪੀ.ਐਸ. ਚਾਵਲਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਬੈਂਕਾਂ ਵਿੱਚ ਪਈਆਂ ਬੇਦਾਅਵਾ ਰਕਮਾਂ ਨੂੰ ਉਨ੍ਹਾਂ ਦੇ ਹੱਕਦਾਰਾਂ ਤੱਕ ਪਹੁੰਚਾਉਣ ਲਈ ਵਿੱਤ ਮੰਤਰਾਲੇ ਵੱਲੋਂ ’ਆਪਕੀ ਪੂੰਜੀ ਆਪਕਾ ਅਧਿਕਾਰ’ ਮੁਹਿੰਮ ਤਿੰਨ ਮਹੀਨੇ ਲਈ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਬੈਂਕਾਂ ਅਤੇ ਰੈਗੂਲੇਟਰਾਂ ਕੋਲ ਜਮ੍ਹਾਂ, ਬੀਮਾਂ, ਪ੍ਰੋਵੀਡੈਂਟ ਫੰਡ ਜਾਂ ਸ਼ੇਅਰਾਂ ਦੇ ਰੂਪ ਵਿੱਚ ਪਏ ਬੇਦਾਅਵਾ ਪੈਸੇ ਹੱਕਦਾਰਾਂ ਤੱਕ ਪਹੁੰਚਾਏ ਜਾਣਗੇ ।

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਜਾਗਰੂਕਤਾ, ਬੈਂਕਾਂ ਦੀ ਲੋਕਾਂ ਤੱਕ ਪਹੁੰਚ ਅਤੇ ਲੋੜੀਂਦੀ ਕਾਰਵਾਈ ਨੂੰ ਅਮਲ ਵਿੱਚ ਲਿਆ ਕੇ ਸਫਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਅਜਿਹੀਆਂ ਬੇਦਾਅਵਾ ਰਕਮਾਂ ਹਨ ਤਾਂ ਉਹ ਸਬੰਧਤ ਬੈਂਕ ਤੱਕ ਪਹੁੰਚ ਕਰਨ ਤਾਂ ਜੋ ਘੱਟੋਂ-ਘੱਟ ਸਮੇਂ ਵਿੱਚ ਰਕਮਾਂ ਸਹੀ ਹੱਕਦਾਰਾਂ ਨੂੰ ਮਿਲ ਸਕਣ ।

ਰਿਜਰਵ ਬੈਂਕ ਆਫ ਇੰਡੀਆ ਦੇ ਏਰੀਆ ਜਨਰਲ ਮੈਨੇਜਰ ਐਚ.ਐਲ ਭਾਟੀਆ ਨੇ ਕਿਹਾ ਕਿ ਬੇਦਾਅਵਾ ਰਕਮਾਂ ਹੱਕਦਾਰਾਂ ਨੂੰ ਦਿਵਾਉਣ ਲਈ ਆਰ.ਬੀ.ਆਈ. ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਪੈਸੇ ਬੈਂਕਾਂ ਕੋਲ ਜਾਂ ਆਰ.ਬੀ.ਆਈ. ਕੋਲ ਸੁਰੱਖਿਅਤ ਪਏ ਹਨ ਜਿਨ੍ਹਾਂ ਦੇ ਸਹੀ ਮਾਲਕਾਂ ਅਤੇ ਦਾਅਵੇਦਾਰਾਂ ਦੀ ਸਨਾਖਤ ਕਰਕੇ ਉਨ੍ਹਾਂ ਨੂੰ ਇਹ ਰਕਮਾਂ ਸੌਪਿਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ 10 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਜੇਕਰ ਬੈਂਕਾਂ ਵਿੱਚ ਪਏ ਪੈਸੇ ’ਤੇ ਕਿਸੇ ਕਾਰਨ ਕੋਈ ਦਾਅਵਾ ਨਹੀਂ ਕਰਦਾ ਤਾਂ ਇਹ ਪੈਸਾ ਰਿਜਰਵ ਬੈਂਕ ਕੋਲ ਚਲੇ ਜਾਂਦਾ ਹੈ ਜਿਸ ਨੂੰ ਯੋਗ ਪ੍ਰਕਿਰਿਆ ਅਪਨਾ ਕੇ ਹੱਕਦਾਰ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪੈਸੇ ਨੂੰ ਸਹੀ ਲੋਕਾਂ ਤੱਕ ਪਹੁੰਚਾਉਣ ਲਈ ਜਾਗਰੂਕਤਾ ਅਤਿ ਜਰੂਰੀ ਹੈ ਅਤੇ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਇਸ ਸਬੰਧੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਤਾਂ ਜੋ ਬੇਦਾਅਵਾ ਰਕਮਾਂ ਸਹੀ ਹੱਕਦਾਰਾਂ ਨੂੰ ਮਿਲ ਸਕਣ।

ਐਚ.ਡੀ.ਐਫ.ਸੀ. ਬੈਂਕ ਦੇ ਕਲੱਸਟਰ ਹੈੱਡ ਕਮਲ ਪਾਂਡੇ ਨੇ ਕਿਹਾ ਕਿ ਲੋਕਾਂ ਨੂੰ ਆਪਣੀਆਂ ਬੇਦਾਅਵਾ ਰਕਮਾਂ ਲਈ ਬੈਂਕਾਂ ਤੱਕ ਪਹੁੰਚ ਕਰਕੇ ਸਹੀ ਦਸਤਾਵੇਜ ਪੇਸ਼ ਕਰਦਿਆਂ ਇਹ ਰਕਮਾਂ ਹਾਸਲ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਸਾਰੀਆਂ ਬੈਂਕਾਂ ਵੱਲੋਂ ਇਸ ਕੰਮ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਜਿਲ੍ਹੇ ਦੇ ਚੀਫ ਲੀਡ ਡਿਸਟ੍ਰਿਕਟ ਮੈਨੇਜਰ ਰਾਜੇਸ ਮੋਹਨ ਭਗਤ ਨੇ ਕਿਹਾ ਕਿ ਆਰ.ਬੀ.ਆਈ ਦੀਆਂ ਹਦਾਇਤਾਂ ਅਨੁਸਾਰ ਬੈਂਕਾਂ ਵੱਲੋਂ ਲਗਾਤਾਰ ਲੋਕਾਂ ਨੂੰ ਆਪਣੀਆਂ ਬੇਦਾਅਵਾ ਰਕਮਾਂ ਹਾਸਲ ਕਰਨ ਲਈ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਕਿ ਅਜਿਹੀਆਂ ਰਕਮਾਂ ਅਸਲ ਹੱਕਦਾਰਾਂ ਨੂੰ ਮਿਲਣ ਜਿਸ ਲਈ ਲੋੜੀਂਦੀ ਕਾਗਜੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਣਾ ਜਰੂਰੀ ਹੈ । ਇਸ ਦੋਰਾਨ ਵਿਨੋਦ ਭਾਰਦਵਾਜ, ਪ੍ਰਿੰਸੀਪਲ ਪੁਨੀਤ ਅਨੇਜਾ ਅਤੇ ਭਾਰੀ ਗਿਣਤੀ ਵਿੱਚ ਲੋਕ ਮੋਜੂਦ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page