ਪਿੰਡ ਅਲਾਚੌਰ ਸਰਕਾਰੀ ਹਾਈ ਸਕੂਲ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ ਅਤੇ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ


ਸ਼ਹੀਦ ਭਗਤ ਸਿੰਘ ਨਗਰ: 13 ਮਈ ( ਹਰਪਾਲ ਲਾਡਾ ): ਜਿਲਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਪਿੰਡ ਅਲਾਚੌਰ, ਨਵਾਂ ਸ਼ਹਿਰ ਵਿਖੇ 12 ਅਪ੍ਰੈਲ 2025 ਨੂੰ ਬੱਚਿਆਂ ਅਤੇ ਸਕੂਲ ਦੇ ਸਟਾਫ ਨੂੰ ਬਾਲ ਅਧਿਕਾਰਾਂ ,ਪੋਕਸੋ ਐਕਟ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਦੌਰਾਨ ਗੌਰਵ ਸ਼ਰਮਾ ਬਾਲ ਸੁਰੱਖਿਆ ਅਫਸਰ (ਆਈ.ਸੀ) ਵੱਲੋਂ ਪੋਕਸੋ ਐਕਟ ਅਤੇ ਬਾਲ ਅਧਿਕਾਰਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਲੜਕੇ ਅਤੇ ਲੜਕੀਆਂ ਦੇ ਸਰਬਪੱਖੀ ਵਿਕਾਸ ਲਈ ਸੁਰੱਖਿਤ ਮਾਹੌਲ ਹੋਣਾ ਜਰੂਰੀ ਹੈ ਜਿਸ ਦੀ ਸਿਰਜਣਾ ਕਰਨ ਲਈ ਸਰਕਾਰ ਵੱਲੋਂ ਬੱਚਿਆਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨ ਲਈ ਪੋਕਸੋ ਐਕਟ ਲਾਗੂ ਕੀਤਾ ਗਿਆ ਹੈ, ਤਾਂ ਜੋ ਜ਼ੀਰੋ ਤੋਂ 18 ਸਾਲ ਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਦਾ ਸਾਹਮਣਾ ਨਾ ਕਰਨਾ ਪਵੇ।

ਉਹਨਾਂ ਵੱਲੋਂ ਦੱਸਿਆ ਗਿਆ ਕਿ ਪੋਕਸੋ ਐਕਟ ਤਹਿਤ ਜ਼ੀਰੋ ਤੋਂ 18 ਸਾਲ ਤੱਕ ਦੇ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਲਈ ਸਖਤ ਤੋਂ ਸਖਤ ਸਜ਼ਾ ਦਾ ਪ੍ਰਾਵਧਾਨ ਹੈ, ਉਨਾਂ ਨੇ ਸਕੂਲ ਦੇ ਅਧਿਆਪਕਾਂ ਨੂੰ ਕਿਹਾ ਕਿ ਉਹ ਬੱਚਿਆਂ ਨਾਲ ਇਸ ਸੰਵੇਦਨਸ਼ੀਲ ਵਿਸ਼ੇ ਤੇ ਖੁੱਲ ਕੇ ਚਰਚਾ ਕਰਨ ਤਾਂ ਜੋ ਬੱਚਿਆਂ ਨੂੰ ਚੰਗੇ ਅਤੇ ਮਾੜੇ ਵਤੀਰੇ ਦਾ ਪਤਾ ਲੱਗ ਸਕੇ। ਗੌਰਵ ਸ਼ਰਮਾ ਵੱਲੋਂ ਬੱਚਿਆਂ ਨੂੰ ਗੁਡ ਟਚ ਅਤੇ ਬੈਡ ਟੱਚ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਕਿਹਾ ਕਿ ਜੇਕਰ ਕੋਈ ਵੀ ਬੱਚਾ ਕਿਸੇ ਵੀ ਤਰਹਾਂ ਦੇ ਦੁਰਵਿਵਹਾਰ ਦਾ ਸਾਹਮਣਾ ਕਰਦਾ ਹੈ ਤਾਂ ਉਹ ਬੇਝਿਜਕ ਇਸ ਬਾਰੇ ਆਪਣੇ ਮਾਪਿਆਂ ਜਾਂ ਆਪਣੇ ਅਧਿਆਪਕ ਨੂੰ ਦੱਸ ਸਕਦਾ ਹੈ ਤਾਂ ਜੋ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਖਿਲਾਫ ਪੋਕਸੋ ਐਕਟ ਤਹਿਤ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਉਚਿਤ ਕਾਰਵਾਈ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਪੋਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਬਾਰੇ ਜਾਣੂ ਕਰਵਾਇਆ ਗਿਆ ਜਿਸ ਦੇ ਤਹਿਤ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਇਸ ਸਕੀਮ ਦਾ ਲਾਭ ਇੱਕ ਪਰਿਵਾਰ ਦੇ ਦੋ ਬੱਚੇ ਲੈ ਸਕਦੇ ਹਨ, ਕੋਈ ਵੀ ਵਿਧਵਾ ਔਰਤ, ਤਲਾਕ ਸਦਾਰਤ ਜਾਂ ਸਿੰਗਲ ਪੈਰੈਂਟ ਅਤੇ ਇਹੋ ਜਿਹੇ ਬੱਚੇ ਜਿਨਾਂ ਦੇ ਮਾਂ ਪਿਓ ਕਿਸੀ ਲਾ ਇਲਾਜ ਬਿਮਾਰੀ ਨਾਲ ਜੂਝ ਰਹੇ ਹੋਣ ਜਾਂ ਬੱਚਿਆਂ ਦੇ ਮਾਤਾ ਅਤੇ ਪਿਤਾ ਵਿੱਚੋਂ ਕੋਈ ਇੱਕ ਜੇਲ ਵਿੱਚ ਹੋਵੇ ਇਹੋ ਜਿਹੇ ਬੱਚਿਆਂ ਨੂੰ ਸਪੋਂਸਰਸ਼ਿਪ ਸਕੀਮ ਅਧੀਨ ਕਵਰ ਕੀਤਾ ਜਾਂਦਾ ਹੈ ਅਗਰ ਕੋਈ ਵੀ ਲੋੜਵੰਦ ਅਤੇ ਬੇਸਹਾਰਾ ਬੱਚਾ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਜਿਲਾ ਪ੍ਰਬੰਧਕੀ ਕੰਪਲੈਕਸ ਤੀਜੀ ਮੰਜਲ ਕਮਰਾ ਨੰਬਰ 413 ਵਿੱਚ ਸੰਪਰਕ ਕਰ ਸਕਦਾ ਹੈ।

ਇਸ ਤੋਂ ਇਲਾਵਾ ਚਾਈਲਡ ਹੇਲਪ ਲਾਈਨ ਸੁਪਰਵਾਈਜਰ ਨਰੇਸ਼ ਕੁਮਾਰ ਵੱਲੋਂ ਬੱਚਿਆਂ ਨੂੰ ਚਾਇਲਡ ਲਾਈਨ ਨੰਬਰ 1098 ਬਾਰੇ ਜਾਣੂ ਕਰਵਾਇਆ ਗਿਆ ਅਤੇ ਕਿਹਾ ਗਿਆ ਕਿ ਬੱਚਿਆਂ ਨੂੰ ਕਿਸੇ ਵੀ ਤਰਹਾਂ ਦੀ ਦਿਕੱਤ ਆਣ ਤੇ ਉਹ ਚਾਈਲਡ ਲਾਈਨ 1098 ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਵੱਲੋ ਬੱਚਿਆ ਵਿਚ ਨਸ਼ਿਆਂ ਦੀ ਦੁਰਵਰਤੋਂ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਸੰਬੰਧੀ ਜਾਣੂ ਕਰਵਾਈਆ ਗਿਆ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ।

ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਉਪਰੋਕਤ ਮੌਕੇ ਜਿਲਾ ਬਾਲ ਸੁਰੱਖਿਆ ਯੂਨਿਟ ਤੋਂ ਬਾਲ ਸੁਰੱਖਿਆ ਅਫਸਰ ਗੌਰਵ ਸ਼ਰਮਾ, ਚਾਈਲਡ ਹੇਲਪ ਲਾਈਨ ਸੁਪਰਵਾਈਜਰ ਨਰੇਸ਼ ਕੁਮਾਰ, ਸਕੂਲ ਮੁੱਖ ਅਧਿਆਪਕ ਸੰਜੀਵ ਕੁਮਾਰ ਅਤੇ ਸਕੂਲ ਦੇ ਬੱਚਿਆਂ ਦੇ ਨਾਲ ਨਾਲ ਸਕੂਲ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।



