
ਖਰੜ/ਐੱਸ ਏ ਐੱਸ ਨਗਰ, ( ਹਰਪਾਲ ਲਾਡਾ ): ਮੁੱਢਲਾ ਸਿਹਤ ਕੇਂਦਰ ਬੂਥਗੜ੍ਹ ਵਿਖੇ “ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਵਿਸ਼ੇ ਤੇ ਇਕ ਰੋਜ਼ਾ ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਕਮਿਊਨਿਟੀ ਹੈਲਥ ਅਫਸਰਾਂ ਅਤੇ ਏ.ਐੱਨ.ਐੱਮਜ਼ ਨੇ ਭਾਗ ਲਿਆ।
ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਗਿਰੀਸ਼ ਡੋਗਰਾ ਅਤੇ ਡਾ. ਅਮਰਪ੍ਰੀਤ ਕੌਰ ਨੇ ਟ੍ਰੇਨਿੰਗ ਵਿਚ ਹਾਜ਼ਰ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ‘ਸਾਂਸ’ ਟ੍ਰੇਨਿੰਗ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਵਿਚ ਮਦਦ ਕਰੇਗੀ। ਸਾਂਸ ਪ੍ਰੋਗਰਾਮ ਤਹਿਤ 16 ਨਵੰਬਰ ਤੋਂ 28 ਫ਼ਰਵਰੀ ਤੱਕ ਜਾਗਰੂਕਤਾ ਮੁਹਿੰਮ ਚੱਲੀ ਹੈ। ਇਸ ਪ੍ਰੋਗਰਾਮ ਨੂੰ ਅਪਣਾ ਕੇ ਜ਼ਿਲ੍ਹੇ ਵਿਚ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਂਦੀ ਜਾ ਸਕਦੀ ਹੈ।


ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 15 ਫੀਸਦੀ ਬੱਚਿਆਂ ਦੀ ਮੌਤ ਨਿਮੋਨੀਆ ਕਾਰਨ ਹੁੰਦੀ ਹੈ। ਨਿਮੋਨੀਆ ਦੀ ਸਮੇਂ ਸਿਰ ਪਛਾਣ ਤੇ ਇਲਾਜ ਕਰ ਕੇ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਅਤੇ ਸੰਪੂਰਨ ਪੌਸ਼ਟਿਕ ਆਹਾਰ ਦੇਣ ਤੋਂ ਇਲਾਵਾ ਵਿਟਾਮਿਨ-ਏ ਦਾ ਘੋਲ਼ ਦੇਣ ਦੇ ਨਾਲ-ਨਾਲ ਟੀਕਾਕਰਨ ‘ਤੇ ਧਿਆਨ ਦੇ ਕੇ ਬੱਚਿਆਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ।

ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਹਰਚਰਨ ਸਿੰਘ ਬਰਾੜ ਤੇ ਹੋਰ ਸਟਾਫ਼ ਮੌਜੂਦ ਸੀ।