ਸਿਹਤ ਵਿਭਾਗ ਵਲੋਂ ਰਿਆਤ ਬਾਹਰਾ ਕਾਲਜ ਦੇ ਨਰਸਿੰਗ ਵਿਭਾਗ ਵਿਖੇ ਕੀਤਾ ਗਿਆ ਕੈਂਸਰ ਜਾਗਰੂਕਤਾ ਸੈਮੀਨਾਰ
ਹੁਸ਼ਿਆਰਪੁਰ 07 ਨਵੰਬਰ 2024 : ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੀਡੀਆ ਵਿੰਗ ਵਲੋਂ ਕੌਮੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਰਿਆਤ ਬਾਹਰਾ ਕਾਲਜ ਦੇ ਨਰਸਿੰਗ ਵਿਭਾਗ ਦੇ ਪ੍ਰਿੰਸੀਪਲ ਡਾ ਮੀਨਾਕਸ਼ੀ ਜੀ ਅਤੇ ਇੱਕ-ਰਾਹ ਚੈਰੀਟੇਬਲ ਐਂਡ ਵੈਲਫੇਅਰ ਸੁਸਾਇਟੀ ( ਰਜਿ ) ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕਾਲਜ ਦੇ ਵਿਦਿਆਰਥੀਆਂ ਲਈ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ
ਸੀਐਚਸੀ ਹਾਰਟਾ ਬਡਲਾ ਤੋਂ ਸੀਨੀਅਰ ਮੈਡੀਕਲ ਅਫ਼ਸਰ ਡਾ ਮਨਪ੍ਰੀਤ ਸਿੰਘ ਬੈਂਸ, ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਦੰਦਾਂ ਦੇ ਮਾਹਰ ਡਾ ਨਵਨੀਤ ਕੌਰ, ਮੈਡੀਕਲ ਅਫਸਰ ਪੀਐਚਸੀ ਹਾਰਟਾ ਬਡਲਾ ਡਾ ਕ੍ਰਿਤੀਕਾ, ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਬੀ.ਈ.ਈ ਅਮਨਦੀਪ ਸਿੰਘ ਐਚ.ਆਈ ਗੁਰਮੇਲ ਸਿੰਘ, ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਹੋਏ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ ਕ੍ਰਿਤਿਕਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੈਂਸਰ ਨੂੰ ਸ਼ੁਰੂਆਤੀ ਅਵਸਥਾ ’ਚ ਪਛਾਣ ਕੇ ਇਲਾਜ ਦੁਆਰਾ ਕਾਬੂ ਕੀਤਾ ਜਾ ਸਕਦਾ ਹੈ। ਕੈਂਸਰ ਰੋਗ ਅਜੋਕੇ ਦਿਨਾਂ ਵਿੱਚ ਵੱਧ ਰਿਹਾ ਹੈ, ਜਿਸ ਦੇ ਕਈ ਕਾਰਨ ਹਨ ਜਿਵੇਂ ਕਿ ਪ੍ਰਦੂਸ਼ਿਤ ਵਾਤਾਵਰਨ, ਸਾਡਾ ਲਾਇਫ਼ ਸਟਾਈਲ, ਕੈਮਿਕਲ ਦੀ ਦੁਰਵਰਤੋਂ, ਸਿਗਰਟ, ਬੀੜੀ ਤੇ ਤੰਬਾਕੂ ਦਾ ਵੱਧ ਪ੍ਰਯੋਗ ਅਤੇ ਸੰਤੁਲਿਤ ਭੋਜਨ ਦੀ ਘਾਟ ਆਦਿ ਹਨ। ਕੈਂਸਰ ਦੀ ਬਿਮਾਰੀ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋ ਸਕਦੀ ਹੈ।
ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਸਰ ਅਤੇ ਬ੍ਰੈਸਟ ਦਾ ਕੈਂਸਰ ਬਹੁਤ ਆਮ ਹੈ। ਪੰਜਾਬ ਸਰਕਾਰ ਵੱਲੋ ਬੱਚੇਦਾਨੀ ਦੇ ਮੂੰਹ ਅਤੇ ਬ੍ਰੈਸਟ ਲਈ 30 ਸਾਲ ਤੋ ਵੱਧ ਔਰਤਾਂ ਦੇ ਸਕਰੀਨਿੰਗ ਟੈਸਟ ਕੀਤੇ ਜਾਦੇ ਹਨ। ਉਨ੍ਹਾ ਦੱਸਿਆ ਕਿ ਔਰਤਾਂ ਦੀ ਜਲਦੀ ਸਕਰੀਨਿੰਗ ਕਰਕੇ ਬੀਮਾਰੀ ਨੂੰ ਲੱਭ ਕੇ ਕਾਬੂ ਪਾਇਆ ਜਾਂਦਾ ਹੈ।
ਡੈਂਟਲ ਸਰਜਨ ਡਾ ਨਵਨੀਤ ਕੌਰ ਨੇ ਦੱਸਿਆ ਅਜੋਕੇ ਸਮੇਂ ਵਿੱਚ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਮੂੰਹ, ਗਲੇ, ਜੁਬਾਨ, ਫੇਫੜੇ ਆਦਿ ਦਾ ਕੈਂਸਰ ਬਹੁਤ ਆਮ ਹੈ। ਮੂੰਹ ਦੇ ਕੈਂਸਰ ਦੇ ਲੱਛਣ ਜਿਵੇਂ ਕਿ ਮੂੰਹ ਦਾ ਕੋਈ ਛਾਲਾ ਜੋ ਲੰਮੇ ਸਮੇਂ ਤੋਂ ਠੀਕ ਨਾ ਹੋ ਰਿਹਾ ਹੋਵੇ, ਮੂੰਹ ਚ ਕੋਈ ਸਫੇਦ ਰੰਗ ਦਾ ਪੈਚ ਜਾਂ ਮਸੂੜਿਆਂ ਚੋਂ ਖ਼ੂਨ ਨਿਕਲਦਾ ਹੋਵੇ ਤਾਂ ਉਸ ਦੀ ਜਲਦੀ ਜਾਂਚ ਕਰਵਾ ਕੇ ਇਸਦਾ ਸਮੇਂ ਸਿਰ ਇਲਾਜ ਕਰਵਾਉਣ ਨਾਲ ਜਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਕੌਮੀ ਕੈਂਸਰ ਜਾਗਰੂਕਤਾ ਦਿਵਸ ਹਰ ਸਾਲ 7 ਨਵੰਬਰ ਨੂੰ ਮਨਾਇਆ ਜਾਂਦਾ ਹੈ। ਜਿਸ ਦਾ ਮੁੱਖ ਉਦੇਸ਼ ਲੋਕਾਂ ’ਚ ਕੈਂਸਰ ਦੀ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਉਨ੍ਹਾਂ ਨੂੰ ਇਸ ਦੇ ਲੱਛਣਾਂ, ਕਾਰਨਾਂ ਅਤੇ ਇਲਾਜ ਦੇ ਬਦਲਾਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਹੈ। ਕੈਂਸਰ ਰੋਗ ਤੋਂ ਬਚਾਅ ਲਈ ਸਾਨੂੰ ਆਪਣਾ ਲਾਇਫ਼ ਸਟਾਈਲ ਬਦਲਣਾ ਚਾਹੀਦਾ ਹੈ ਤੇ ਸ਼ਰੀਰਕ ਤੌਰ ਸਰਗਰਮ ਰਹਿਣਾ ਚਾਹੀਦਾ ਹੈ। ਜੰਕ ਫੂਡ ਨੂੰ ਤਿਆਗ ਕੇ ਘਰ ਦਾ ਬਣਿਆਂ ਤਾਜ਼ਾ ਖਾਣਾ, ਫਲ਼ ਅਤੇ ਸਬਜ਼ੀਆਂ ਨੂੰ ਭੋਜਨ ਵਿੱਚ ਸ਼ਾਮਿਲ ਕਰਨਾ ਚਾਹੀਡਾ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਰਮਨਦੀਪ ਕੌਰ ਨੇ ਦੱਸਿਆ ਕਿ ਕੈਂਸਰ ਦੇ ਇਲਾਜ਼ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਫੰਡ ਵਿੱਚੋਂ ਇਲਾਜ਼ ਲਈ ਡੇਢ ਲੱਖ ਦੀ ਸਹਾਇਤਾ ਰਾਸ਼ੀ ਸੰਬੰਧਿਤ ਹਸਪਤਾਲ ਨੂੰ ਦਿੱਤੀ ਜਾਂਦੀ ਹੈ। ਉਹਨਾਂ ਕੈਂਸਰ ਦੇ ਇਲਾਜ ਲਈ ਸਰਕਾਰੀ ਅਤੇ ਇੰਮਪੈਨਲਡ ਹਸਪਤਾਲਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।