ਸਟ੍ਰੋਕ ਇਲਾਜਯੋਗ ਹੈ, ਸੋ ਇਸ ਪ੍ਰਤੀ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ: ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ
ਹੁਸ਼ਿਆਰਪੁਰ 29 ਅਕਤੂਬਰ 2024: ਵਿਸ਼ਵ ਸਟ੍ਰੋਕ ਦਿਵਸ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਵੱਲੋਂ ਇਸ ਸਾਲ ਦੇ ਥੀਮ ‘ਗ੍ਰੇਟਰ ਦੈਨ ਸਟ੍ਰੋਕ, ਐਕਟਿਵ ਚੈਲੇਂਜ” ਤਹਿਤ ਦਫਤਰ ਸਿਵਲ ਸਰਜਨ ਵਿਖੇ ਮਨਾਇਆ ਗਿਆ ਤਾਂ ਜੋ ਜਾਗਰੂਕਤਾ, ਜਲਦ ਜਾਂਚ ਅਤੇ ਤੁਰੰਤ ਇਲਾਜ ਨਾਲ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ ਅਨੀਤਾ ਕਟਾਰੀਆ, ਜਿਲਾ ਟੀਕਾਕਰਨ ਅਫਸਰ ਡਾ ਸੀਮਾ ਗਰਗ, ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ, ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਸ਼ੀਮਾਰ, ਸੀਨੀਅਰ ਮੈਡੀਕਲ ਅਫਸਰ ਡਾ ਮਨਮੋਹਨ ਸਿੰਘ ਅਤੇ ਡਿਪਟੀ ਮਾਸ ਮੀਡਿਆ ਅਫਸਰ ਰਮਨਦੀਪ ਕੌਰ ਉਪਸਥਿਤ ਹੋਏ।
ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਦੱਸਿਆ ਕਿ ਸਟ੍ਰੋਕ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਟ੍ਰੋਕ ਦੀ ਰੋਕਥਾਮ ਅਤੇ ਮੁੜ ਵਸੇਬੇ ‘ਤੇ ਕਾਰਵਾਈ ਨੂੰ ਉਤਸ਼ਾਹਿਤ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਅੰਕੜਿਆਂ ਮੁਤਾਬਕ ਦੁਨੀਆਂ ਵਿੱਚ ਹਰ ਸਾਲ ਲਗਭਗ 15 ਮਿਲੀਅਨ ਲੋਕਾਂ ਨੂੰ ਸਟ੍ਰੋਕ ਹੋ ਜਾਂਦਾ ਹੈ। ਭਾਰਤ ਵਿੱਚ ਹਰ ਇੱਕ ਮਿੰਟ ਵਿੱਚ ਤਕਰੀਬਨ 3 ਵਿਅਕਤੀ ਸਟ੍ਰੋਕ ਗ੍ਰਸਤ ਹੋ ਜਾਂਦੇ ਹਨ। ਇਹ ਇਕ ਬਹੁਤ ਵੱਡਾ ਅੰਕੜਾ ਹੈ। ਸਟ੍ਰੋਕ ਇਲਾਜਯੋਗ ਹੈ ਸੋ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਤਾਂ ਜੋ ਇਸ ਬੀਮਾਰੀ ਬਾਰੇ ਲੋਕਾਂ ਨੂੰ ਪਤਾ ਹੋਵੇ ਅਤੇ ਉਹ ਵੇਲੇ ਸਿਰ ਇਲਾਜ ਕਰਵਾ ਸਕਣ।
ਉਨ੍ਹਾਂ ਦੱਸਿਆ ਕਿ ਸਟ੍ਰੋਕ ਉਸ ਵੇਲੇ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਹਿੱਸੇ ਵਿੱਚ ਖੂਨ ਦਾ ਵਹਾਅ ਬੰਦ ਹੋ ਜਾਂਦਾ ਹੈ। ਜਿਸ ਕਾਰਨ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਦਾ ਹੈ। ਸਟ੍ਰੋਕ ਦਾ ਅਸਰ ਦਿਮਾਗ ਦੇ ਨੁਕਸਾਨ ਗ੍ਰਸਤ ਹਿੱਸੇ ਅਤੇ ਨੁਕਸਾਨ ਦੀ ਮਾਤਰਾ ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਟ੍ਰੋਕ ਇੱਕ ਐਮਰਜੈਂਸੀ ਕੰਡੀਸ਼ਨ ਹੈ। ਸਟ੍ਰੋਕ ਹੋਣ ਤੋਂ ਬਾਅਦ ਵਾਲੇ ਚਾਰ ਘੰਟੇ ਬਹੁਤ ਮਹੱਤਵਪੂਰਨ ਹੁੰਦੇ ਹਨ।
ਇਸ ਪੀਰੀਅਡ ਨੂੰ ਗੋਲਡਨ ਵਿੰਡੋ ਕਿਹਾ ਜਾਂਦਾ ਹੈ। ਇਸ ਸਮੇਂ ਵਿੱਚ ਰੋਗ ਦੇ ਲੱਛਣ ਪਛਾਣ ਕੇ ਸ਼ੁਰੂਆਤ ਵਿੱਚ ਹੀ ਇਸ ਦਾ ਇਲਾਜ ਕੀਤਾ ਜਾਵੇ ਤਾਂ ਪ੍ਰਭਾਵਿਤ ਵਿਅਕਤੀ ਆਮ ਜਿੰਦਗੀ ਜੀਅ ਸਕਦਾ ਹੈ। ਲੱਛਣਾਂ ਵਿਚ ਚਿਹਰੇ ਦਾ ਇੱਕ ਪਾਸਾ ਵਿੰਗਾ ਹੋ ਜਾਣਾ, ਗਲਬਾਤ ਵਿੱਚ ਅਸਪਸ਼ਟਤਾ, ਲੱਤ ਬਾਂਹ ਜਾਂ ਸ਼ਰੀਰ ਦੇ ਕਿਸੇ ਵੀ ਹਿੱਸੇ ਦਾ ਸੁੰਨਾ ਹੋਣਾ ਜਾਂ ਅਚਾਨਕ ਕੰਮ ਕਰਨਾ ਬੰਦ ਕਰ ਦੇਣਾ ਸਟ੍ਰੋਕ ਦੀਆਂ ਨਿਸ਼ਾਨੀਆਂ ਹਨ।
ਡਾ. ਪਵਨ ਨੇ ਕਿਹਾ ਕਿ ਸ਼ੂਗਰ, ਹਾਈਪ੍ਰਟੈਸ਼ਨ, ਕੋਲੈਸਟ੍ਰੋਲ ਅਤੇ ਮੋਟਾਪੇ ਤੋਂ ਪੀੜਿਤ ਵਿਅਕਤੀਆਂ ਨੂੰ ਸਟ੍ਰੋਕ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਤਣਾਅ ਰਹਿਤ ਸਿਹਤਮੰਦ ਜੀਵਨਸ਼ੈਲੀ ਅਤੇ ਸਿਹਤਮੰਦ ਭੋਜਨ ਨਾਲ ਸਟ੍ਰੋਕ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ। ਰੋਜ਼ਾਨਾ ਕਸਰਤ, ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਪ੍ਰਹੇਜ਼ ਨਮਕ, ਚੀਨੀ ਅਤੇ ਰਿਫਾਈਂਡ ਤੇਲ ਦੀ ਵਰਤੋਂ ਘੱਟ ਕਰਕੇ ਅਤੇ ਘਰ ਦਾ ਬਣਿਆ ਸਾਫ ਸੁਥਰਾ ਭੋਜਨ ਜਿਸ ਵਿੱਚ ਬੂਰੇ ਸਮੇਤ ਆਟਾ, ਦਾਲਾਂ, ਮੌਸਮੀ ਫਲ ਅਤੇ ਸਬਜੀਆਂ ਨੂੰ ਰੋਜ਼ਾਨਾ ਦੇ ਭੋਜਨ ਵਿੱਚ ਸ਼ਾਮਲ ਕਰਕੇ ਸਿਹਤਮੰਦ ਰਿਹਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮੂਹ ਜਿਲ੍ਹਾ ਹਸਪਤਾਲਾਂ ਤੋਂ ਇਲਾਵਾ ਮੈਡੀਕਲ ਕਾਲਜ ਪਟਿਆਲਾ, ਫਰੀਦਕੋਟ ਅਤੇ ਅੰਮ੍ਰਿਤਸਰ ਵਿਖੇ ਸਟ੍ਰੋਕ ਮੈਨੇਜਮੈਂਟ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਟੋਲ ਫਰੀ ਨੰਬਰ 108 ਅਤੇ 104 ਦੀਆਂ ਸੇਵਾਵਾਂ ਨੂੰ ਵੀ ਸਟ੍ਰੋਕ ਮੈਨੇਜਮੈਂਟ ਨਾਲ ਜੋੜਿਆ ਗਿਆ ਹੈ।