ਵੋਟ ਸਾਡਾ ਸੰਵਿਧਾਨਕ ਹੱਕ ਹੈ : ਸੰਜੀਵ ਅਰੋੜਾ
ਹੁਸ਼ਿਆਰਪੁਰ: ਭਾਰਤ ਵਿਕਾਸ ਪਰਿਸ਼ਦ ਦੀ ਇੱਕ ਮੀਟਿੰਗ ਜਿਲ੍ਹਾ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਕਮਾਲਪੁਰ ਵਿਖੇ ਹੋਈ। ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਸਥਾ ਦੇ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਦੇ ਨਾਲ-ਨਾਲ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਸਹਾਇਕ ਸਵੀਪ ਨੋਡਲ ਅਧਿਕਾਰੀ ਸੰਦੀਪ ਕੁਮਾਰ ਸੂਦ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ।
ਉਹਨਾਂ ਕਿਹਾ ਕਿ ਵੋਟ ਦਾ ਅਧਿਕਾਰ ਸਾਡਾ ਸੰਵਿਧਾਨਕ ਅਧਿਕਾਰ ਹੈ । ਇਸ ਦੀ ਮਹੱਤਤਾ ਨੂੰ ਪਹਿਚਾਨਦੇ ਹੋਏ ਸਾਨੂੰ ਦੂਸਰੇ ਲੋਕਾਂ ਨੂੰ ਵੀ 1 ਜੂਨ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਬੂੰਦ-ਬੂੰਦ ਨਾਲ ਸਾਗਰ ਭਰਦਾ ਹੈ ਇਸੀ ਤਰ੍ਹਾਂ ਇੱਕ-ਇੱਕ ਵੋਟ ਨਾਲ ਲੋਕਤੰਤਰ ਮਜਬੂਤ ਹੁੰਦਾ ਹੈ। ਉਹਨਾਂ ਕਿਹਾ ਕਿ ਅੱਜ ਕੱਲ ਗਰਮੀ ਦਾ ਮੌਸਮ ਹੈ, ਇਸ ਲਈ ਸਾਨੂੰ ਸਵੇਰੇ-ਸਵੇਰੇੇ ਜਲਦੀ ਵੋਟਾਂ ਪਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਪਹਿਲੀ ਵਾਰੀ ਵੋਟ ਪਾਉਣ ਜਾ ਰਹੇ ਹਨ ਉਹਨਾਂ ਨੂੰ ਬੂਥ ਤੇ ਸ਼ਲਾਘਾ ਪੱਤਰ ਵੀ ਦਿੱਤਾ ਜਾਵੇਗਾ । ਇਸ ਗੱਲ ਦਾ ਯਤਨ ਕਰਨਾ ਚਾਹੀਦਾ ਹੈ ਕਿ ਪੂਰਾ ਪਰਿਵਾਰ ਇੱਕੋ ਵਾਰੀ ਵੋਟ ਪਾਉਣ ਜਾਵੇ, ਕਿਉਂਕਿ ਕਈ ਵਾਰ ਜਦੋਂ ਕੋਈ ਪਰਿਵਾਰ ਦਾ ਮੈਂਬਰ ਬਾਅਦ ਵਿੱਚ ਵੋਟ ਪਾਉਣ ਦੀ ਗੱਲ ਕਰਦਾ ਹੈ ਤਾਂ ਉਹ ਵੋਟ ਪਾਉਣ ਨਹੀਂ ਜਾ ਪਾਉਂਦਾ ਜਿਸ ਕਰਕੇ ਵੋਟਾਂ ਦਾ ਪ੍ਰਤੀਸ਼ਤ ਘੱਟ ਜਾਂਦਾ ਹੈ।
ਇਸ ਮੌਕੇ ਤੇ ਸਹਾਇਕ ਸਵੀਪ ਨੋਡਲ ਅਧਿਕਾਰੀ ਸੰਦੀਪ ਕੁਮਾਰ ਸੂਦ ਨੇ ਕਿਹਾ ਕਿ ਸਾਰੇ ਲੋਕਾਂ ਦੇ ਸਹਿਯੋਗ ਨਾਲ ਜਿਆਦਾ ਤੋਂ ਜਿਆਦਾ ਵੋਟਾਂ ਪੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਚੋਣ ਕਮਿਸ਼ਨ ਵੱਲੋਂ ਪੋਲਿੰਗ ਸਟੇਸ਼ਨਾਂ `ਤੇ ਕਈ ਪ੍ਰਬੰਧ ਕੀਤੇ ਗਏ ਹਨ । ਉਹਨਾਂ ਕਿਹਾ ਕਿ ਨੌਜਵਾਨ ਵਰਗ, ਮਾਤਾਵਾਂ ਅਤੇ ਬਜ਼ੁਰਗਾਂ ਅਤੇ ਹੋਰ ਲੋਕਾਂ ਨੂੰ ਵੱਧ ਚੜ੍ਹ ਕੇ ਵੋਟਾਂ ਪਾਉਣ `ਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਸਕੱਤਰ ਰਜਿੰਦਰ ਮੋਦਗਿਲ ਨੇ ਕਿਹਾ ਕਿ ਵੋਟ ਪਾਉਣਾ ਸਾਡੀ ਪਹਿਲੀ ਜਿੰਮੇਵਾਰੀ ਹੈ।
ਸਾਖਰਤਾ ਦਰ ਵਿੱਚ ਹੁਸ਼ਿਆਰਪੁਰ ਚਾਹੇ ਪਹਿਲੇ ਨੰਬਰ ਤੇ ਹੈ ਲੇਕਿਨ ਜੇ ਅਸੀਂ ਵੋਟ ਪਾਉਣ ਨਹੀਂ ਜਾਂਦੇ ਤਾਂ ਇਹ ਸਾਡੇ ਲਈ ਬੜੀ ਚਿੰਤਾ ਵਾਲੀ ਗੱਲ ਹੈ। ਇਸ ਲਈ ਇਸ ਬਾਰ 100 ਫੀਸਦ ਵੋਟਾਂ ਪਾਉਣ ਦੀ ਤਰਫ ਵਧਣਾ ਚਾਹੀਦਾ ਹੈ। ਇਸ ਮੌਕੇ ਰਵਿੰਦਰ ਭਾਟੀਆ, ਨਵੀਨ ਕੋਹਲੀ, ਟਿੰਕੂ ਨਰੂਲਾ, ਰਾਜਕੁਮਾਰ ਮਲਿਕ, ਜਗਦੀਸ਼ ਅਗਰਵਾਲ, ਰਮੇਸ਼ ਭਾਟੀਆ, ਦਵਿੰਦਰ ਅਰੋੜਾ, ਅਸ਼ੋਕ, ਵਿਨੋਦ ਪਸਾਨ, ਅਰਜੁਨ ਲਲਿਤ, ਨੀਲਮ ਲਲਿਤ, ਕਮਲੇਸ਼ ਨਈਅਰ, ਸੁਨੀਤਾ ਚੋਪੜਾ, ਮਨੀਸ਼ਾ, ਪਿੰਕੀ, ਸੋਮਾ ਰਾਣੀ ਆਦਿ ਵੀ ਮੌਜੂਦ ਸਨ।