ਲੁਧਿਆਣਾ ਜ਼ਿਲ੍ਹੇ ਦਾ ਪਹਿਲਾ ਡ੍ਰੋਨ ਸ਼ੋਅ 16 ਸਤੰਬਰ ਨੂੰ ਖੰਨਾ ‘ਚ ਹੋਵੇਗਾ: ਕੈਬਨਿਟ ਮੰਤਰੀ ਸੌਂਦ ਤੇ ਮੁੰਡੀਆਂ


ਲੁਧਿਆਣਾ, 14 ਸਤੰਬਰ: ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਮੋਗਾ ਵਿਖੇ ਕਰਵਾਏ ਜਾ ਰਹੇ ਡ੍ਰੋਨ ਸ਼ੋਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਅਤੇ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ, ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਅਤੇ ਮੋਗਾ ਵੀਡੀਓ ਕਾਨਫਰੰਸ (ਵੀ.ਸੀ) ਰਾਹੀਂ ਸ਼ਾਮਿਲ ਹੋਏ।

ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 7 ਡਰੋਨ ਸ਼ੋਅ ਕਰਵਾਏ ਜਾਣਗੇ, ਜਿਨ੍ਹਾਂ ਵਿੱਚ 16 ਸਤੰਬਰ ਨੂੰ ਗਰਾਊਂਡ ਏ.ਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਖੰਨਾ, 17 ਸਤੰਬਰ ਨੂੰ ਅਨਾਜ ਮੰਡੀ ਪਾਇਲ, 18 ਸਤੰਬਰ ਨੂੰ ਗਰਾਊਂਡ ਸਮਾਰਟ ਸਕੂਲ (ਲੜਕੇ) ਸਾਹਨੇਵਾਲ, 19 ਸਤੰਬਰ ਨੂੰ ਐਥਲੈਟਿਕ/ਫੁੱਟਬਾਲ ਗਰਾਊਂਡ ਪੀ.ਏ.ਯੂ ਲੁਧਿਆਣਾ, 20 ਸਤੰਬਰ ਨੂੰ ਦਾਖਾ ਸਕੂਲ ਗਰਾਊਂਡ ਦਾਖਾ, 21 ਸਤੰਬਰ ਨੂੰ ਅਨਾਜ ਮੰਡੀ ਰਾਏਕੋਟ ਅਤੇ 22 ਸਤੰਬਰ ਨੂੰ ਨਵੀਂ ਅਨਾਜ ਮੰਡੀ ਜਗਰਾਉਂ ਵਿਖੇ ਡਰੋਨ ਸ਼ੋਅ ਕਰਵਾਏ ਜਾਣਗੇ।
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ 2 ਡ੍ਰੋਨ ਸ਼ੋਅ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 14 ਸਤੰਬਰ ਨੂੰ ਅਨਾਜ ਮੰਡੀ ਸਰਹੰਦ ਅਤੇ 15 ਸਤੰਬਰ ਨੂੰ ਅਨਾਜ ਮੰਡੀ ਅਮਲੋਹ ਵਿਖੇ ਡ੍ਰੋਨ ਸ਼ੋਅ ਕਰਵਾਏ ਜਾਣਗੇ।

ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਵਿੱਚ 4 ਡਰੋਨ ਸ਼ੋਅ ਕਰਵਾਏ ਜਾਣਗੇ, ਜਿਨ੍ਹਾਂ ਵਿੱਚ 15 ਸਤੰਬਰ ਨੂੰ ਅਨਾਜ ਮੰਡੀ ਨਿਹਾਲ ਸਿੰਘ ਵਾਲਾ, 16 ਸਤੰਬਰ ਨੂੰ ਸੰਤ ਬਾਬਾ ਗੁਰਮੇਲ ਸਿੰਘ ਗਰਾਊਂਡ ਬਾਘਾ ਪੁਰਾਣਾ, 17 ਸਤੰਬਰ ਨੂੰ ਅਨਾਜ ਮੰਡੀ ਮੋਗਾ ਅਤੇ 18 ਸਤੰਬਰ ਨੂੰ ਅਨਾਜ ਮੰਡੀ ਧਰਮਕੋਟ ਵਿਖੇ ਡਰੋਨ ਸ਼ੋਅ ਕਰਵਾਏ ਜਾਣਗੇ।

ਉਹਨਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ, ਮੋਗਾ ਤੇ ਫਤਿਹਗੜ੍ਹ ਸਾਹਿਬ ਵਿਖੇ ਇਹ ਡ੍ਰੋਨ ਸ਼ੋਅ ਸ਼ਾਮ 6 ਵਜੇ ਤੋਂ ਸ਼ੁਰੂ ਹੋਣਗੇ, ਜਿਹਨਾਂ ਦੀ ਸ਼ੁਰੂਆਤ ਕੀਰਤਨ ਨਾਲ ਹੋਵੇਗੀ ਅਤੇ ਇਸ ਤੋਂ ਬਾਅਦ 500 ਤੋਂ ਵੱਧ ਆਧੁਨਿਕ ਡ੍ਰੋਨਾਂ ਦੀ ਮਦਦ ਨਾਲ ਅਲੌਕਿਕ ਡ੍ਰੋਨ ਸ਼ੋਅ ਪੇਸ਼ ਕੀਤਾ ਜਾਵੇਗਾ।
ਦੋਵੇਂ ਮੰਤਰੀਆਂ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡ੍ਰੋਨ ਸ਼ੋਆਂ ਦੇ ਨੋਡਲ ਅਫ਼ਸਰਾਂ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹਨਾਂ ਸਮਾਗਮਾਂ ਸਬੰਧਤ ਸੰਗਤ ਦੇ ਬੈਠਣ ਦੇ ਪ੍ਰਬੰਧ, ਲਾਈਟਿੰਗ, ਲੰਗਰ, ਪੀਣ ਵਾਲੇ ਸਾਫ ਪਾਣੀ, ਸਾਫ਼ ਸਫ਼ਾਈ, ਫਾਇਰ ਬ੍ਰਿਗੇਡ, ਮੈਡੀਕਲ ਟੀਮਾਂ, ਐਂਬੂਲੈਂਸਾਂ ਅਤੇ ਹੋਰ ਪੁਖ਼ਤਾ ਇੰਤਜ਼ਾਮ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਉਹਨਾਂ ਕਿਹਾ ਕਿ ਇਹਨਾਂ ਸਮਾਗਮਾਂ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਅਤੇ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਸਾਰੇ ਸਮਾਗਮ ਵਾਲੇ ਸਥਾਨਾਂ ‘ਤੇ ਲੋੜੀਂਦੀ ਪੁਲਿਸ ਨਫ਼ਰੀ ਤੈਨਾਤ ਕੀਤੀ ਜਾਵੇਗੀ।
ਕੈਬਨਿਟ ਮੰਤਰੀਆਂ ਨੇ ਜ਼ਿਲ੍ਹਾ ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਮੋਗਾ ਦੇ ਸਮੂਹ ਵਾਸੀਆਂ ਨੂੰ ਇਹਨਾਂ ਧਾਰਮਿਕ ਤੇ ਤਕਨਾਲੋਜੀ ਦੇ ਸੁਮੇਲ ਵਾਲੇ ਅਲੌਕਿਕ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਇਹਨਾਂ ਡਰੋਨ ਸ਼ੋਆਂ ਵਿੱਚ ਸ਼ਾਨਦਾਰ ਦ੍ਰਿਸ਼ਾ ਦੇ ਜਰੀਏ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ਨੂੰ ਪੇਸ਼ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਲੁਧਿਆਣਾ ਸ਼ਿਖਾ ਭਗਤ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਿਤ ਬੈਂਬੀ, ਸਹਾਇਕ ਕਮਿਸ਼ਨਰ (ਜ) ਮੋਗਾ ਅਤੇ ਐਸ.ਡੀ.ਐਮ ਨਿਹਾਲ ਸਿੰਘ ਵਾਲਾ ਸ੍ਰੀ ਗਗਨਦੀਪ, ਸਹਾਇਕ ਕਮਿਸ਼ਨਰ (ਜ) ਫਤਿਹਗੜ੍ਹ ਸਾਹਿਬ ਸੂਬਾ ਸਿੰਘ, ਐਸ.ਡੀ.ਐਮ (ਲੁਧਿਆਣਾ ਪੱਛਮੀ) ਕੁਲਦੀਪ ਬਾਵਾ, ਐਸ.ਡੀ.ਐਮ (ਲੁਧਿਆਣਾ ਪੂਰਬੀ) ਜਸਲੀਨ ਕੌਰ ਭੁੱਲਰ, ਐਸ.ਡੀ.ਐਮ ਖੰਨਾ ਸਵਾਤੀ ਟਿਵਾਣਾ, ਐਸ.ਡੀ.ਐਮ ਪਾਇਲ ਪ੍ਰੀਤਇੰਦਰ ਸਿੰਘ ਬੈਂਸ, ਐਸ.ਡੀ.ਐਮ ਜਗਰਾਉਂ ਬਾਦਲਦੀਨ, ਐਸ.ਡੀ.ਐਮ ਰਾਏਕੋਟ ਖੁਸ਼ਪ੍ਰੀਤ ਸਿੰਘ, ਐਸ.ਡੀ.ਐਮ ਸਮਰਾਲਾ ਗੁਰਸਿਮਰਨਜੀਤ ਕੌਰ,
ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।



