Hoshairpur

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ

ਹੁਸ਼ਿਆਰਪੁਰ, 23 ਦਸੰਬਰ ( ਹਰਪਾਲ ਲਾਡਾ ): ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਮੁਖੀਆਂ ਵੱਲੋਂ ਬੱਸਾਂ ਵਿਚ ਸਾਰੇ ਨਾਰਮਜ਼/ਸ਼ਰਤਾਂ ਦੀ ਪਾਲਣਾ ਕਰਨੀ ਅਤੀ ਜ਼ਰੂਰੀ ਹੈ। ਇਸ ਸਬੰਧੀ ਜ਼ਿਲ੍ਹੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮੀਸ਼ਨ ਵੱਲੋਂ ਜਾਰੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਹੁਕਮਾਂ ਅਨੁਸਾਰ ਸੇਫ ਸਕੂਲ ਵਾਹਨ ਪਲਿਸੀ ਤਹਿਤ ਸੇਂਟ ਜੋਸਫ ਕਾਨਵੈਂਟ ਸਕੂਲ, ਬੀ ਆਰ ਸੈਨਿਕ ਸਕੂਲ, ਐਪੀਟੋਮ ਵਰਲਡ ਸਕੂਲ ਅਤੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਬੱਸਾਂ ਵਿਚ ਮਿਆਦ ਖ਼ਤਮ ਹੋ ਚੁੱਕੀਆਂ ਫਸਟ ਏਡ ਕਿੱਟਾਂ, ਫਾਗ ਲਾਈਟਸ, ਬਿਨਾਂ ਲੇਡੀ ਅਟੈਂਡੈਂਟ, ਬਿਨਾਂ ਪਾਸਿੰਗ, ਸਪੀਡ ਗਵਰਨਰ ਦਾ ਨਾ ਹੋਣਾ, ਬੱਸ ਵਿਚ ਐਮਰਜੈਂਸੀ ਐਗਜ਼ਿਟ ਦਾ ਨਾ ਹੋਣਾ, ਬਿਨਾਂ ਅੱਗ ਬੁਝਾਊ ਯੰਤਰ, ਬਿਨਾਂ ਸੀ.ਸੀ.ਟੀ. ਵੀ ਕੈਮਰਾ, ਬੱਸ ਵਿਚ ਸਿਟਿੰਗ ਕਪੈਸਿਟੀ ਦਾ ਵੱਧ ਹੋਣਾ ਆਦਿ ਕਮੀਆਂ ਪਾਈਆਂ ਗਈਆਂ, ਇਸ ਦੌਰਾਨ ਕੁੱਲ 35 ਬੱਸਾਂ ਚੈਕ ਕੀਤੀਆਂ ਗਈਆਂ ਅਤੇ 9 ਬੱਸਾਂ ਦੇ ਚਲਾਨ ਕੱਟੇ ਗਏ ।

ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ, ਲੀਗਲ ਅਫ਼ਸਰ ਸੁਖਜਿੰਦਰ ਸਿੰਘ, ਸੁਪਰਵਾਈਜ਼ਰ ਦੀਕਸ਼ਾ, ਟ੍ਰੈਫਿਕ ਇੰਚਾਰਜ ਸੁਰਿੰਦਰ ਕੁਮਾਰ, ਏ.ਐਸ.ਆਈ ਰਛਪਾਲ ਸਿੰਘ ਅਤੇ ਸਮੂਹ ਟੀਮ ਮੌਜੂਦ ਸਨ। ਸਮੂਹ ਟੀਮ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਸੇਫ ਸਕੂਲ ਵਾਹਨ ਪਾਲਸੀ ਬਾਰੇ ਜਾਗਰੂਕਤਾ ਵੀ ਕੀਤੀ ਗਈ। ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸ਼ਰਤਾਂ ਪੂਰੀਆਂ ਨਾ ਕਰਨ ਵਾਲੀਆਂ ਬੱਸਾਂ ਨਾਲ ਅਕਸਰ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।

ਇਸ ਮੌਕੇ ਟਾਸਕ ਫੋਰਸ ਵੱਲੋਂ ਦੱਸਿਆ ਕਿ ਇਸ ਮੁਹਿੰਮ ਨੂੰ ਪੂਰੇ ਜ਼ਿਲ੍ਹੇ ਵਿਚ ਲਗਾਤਾਰ ਚਲਾਇਆ ਜਾਵੇਗਾ। ਟਾਸਕ ਫੋਰਸ ਵੱਲੋਂ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਡਰਾਈਵਰਾਂ ਦਾ ਸਮੇਂ ਸਿਰ ਮੈਡੀਕਲ ਚੈੱਕਅੱਪ ਕਰਵਾਇਆ ਜਾਵੇ। ਸਾਰੀਆਂ ਬੱਸਾਂ ਦੇ ਡਰਾਈਵਰ ਅਤੇ ਅਟੈਂਡੈਂਟ ਆਪਣੀ ਯੂਨੀਫਾਰਮ ਜ਼ਰੂਰ ਪਾਉਣ, ਬੱਸਾਂ ਵਿਚ ਸਫਰ ਕਰਨ ਵਾਲੇ ਛੋਟੇ ਬੱਚਿਆਂ ਦਾ ਖਾਸ ਧਿਆਨ ਰੱਖਣ, ਉਨ੍ਹਾਂ ਨੂੰ ਬੱਸ ਤੋਂ ਚੜ੍ਹਨ ਅਤੇ ਉਤਰਨ ਸਮੇਂ ਸਹੀ ਤਰੀਕੇ ਨਾਲ ਰੋਡ ਕਰਾਸ ਕਰਵਾਉਣ ਅਤੇ ਜਿਹਨਾਂ ਸਕੂਲੀ ਬੱਸਾਂ ਵਿਚ ਜੋ ਵੀ ਕਮੀਆਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਤੁਰੰਤ ਦੂਰ ਕੀਤਾ ਜਾਵੇ।

Related Articles

Leave a Reply

Your email address will not be published. Required fields are marked *

Back to top button

You cannot copy content of this page