ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਬੱਚਿਆਂ ਦੇ ਟੀਬੀ ਦੀ ਜਾਂਚ ਅਤੇ ਇਲਾਜ ਲਈ ਜ਼ਿਲ੍ਹਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ

ਹੁਸ਼ਿਆਰਪੁਰ 8 ਜਨਵਰੀ 2025 ( ਹਰਪਾਲ ਲਾਡਾ ): ਟੀਬੀ ਸਭ ਤੋਂ ਮਹੱਤਵਪੂਰਨ ਜਨਤਕ ਸਿਹਤ ਚੁਣੌਤੀਆਂ ਵਿੱਚੋਂ ਇੱਕ ਹੈ। ਖਾਸ ਤੌਰ ‘ਤੇ ਬੱਚਿਆਂ ਲਈ ਇਹ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਅਕਸਰ ਇਸਦਾ ਪਤਾ ਨਹੀਂ ਲਗਾਇਆ ਜਾਂਦਾ ਹੈ ਜਾਂ ਬਹੁਤ ਦੇਰ ਨਾਲ ਪਤਾ ਨਹੀਂ ਲੱਗਦਾ ਹੈ। ਇਸ ਚੁਣੌਤੀ ਨਾਲ ਨਜਿੱਠਣ ਲਈ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੀ ਪ੍ਰਧਾਨਗੀ ਹੇਠ ਬਾਲ ਰੋਗ ਵਿਭਾਗ ਅਤੇ ਜ਼ਿਲ੍ਹਾ ਟੀਬੀ ਕੇਂਦਰ ਹੁਸ਼ਿਆਰਪੁਰ ਵੱਲੋਂ ਵਰਲਡ ਹੈਲਥ ਪਾਰਟਨਰਜ਼ (ਡਬਲਯੂ.ਐਚ.ਪੀ.) ਤੇ ਸਾਥੀ ਐਨ.ਜੀ.ਓ. ਦੇ ਸਹਿਯੋਗ ਨਾਲ ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਬੱਚਿਆਂ ਦੇ ਟੀਬੀ ਦੀ ਜਾਂਚ ਅਤੇ ਇਲਾਜ ਲਈ ਜ਼ਿਲ੍ਹਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਸਬ-ਡਵੀਜ਼ਨਲ ਹਸਪਤਾਲਾਂ ਦੇ ਇੱਕ-ਇੱਕ ਮੈਡੀਕਲ ਅਫਸਰ ਨੇ ਸ਼ਿਰਕਤ ਕੀਤੀ।
ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ 0 -14 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਬਾਲ ਟੀਬੀ ਦੇ ਨਿਦਾਨ, ਇਲਾਜ ਅਤੇ ਪ੍ਰਬੰਧਨ ਵਿੱਚ ਸਿਹਤ ਪੇਸ਼ੇਵਰਾਂ ਦੇ ਗਿਆਨ ਅਤੇ ਹੁਨਰ ਨੂੰ ਵਧਾਉਣਾ ਹੈ। ਬਾਲ ਰੋਗਾਂ ਦੇ ਮਾਹਿਰ ਡਾ.ਸੁਪ੍ਰੀਤ ਕੌਰ ਤੇ ਡਾ ਰਾਜਵੰਤ ਕੌਰ ਅਤੇ ਡਾ ਮਨਵੀਰ ਸਿੰਘ ਮੈਡੀਕਲ ਅਫ਼ਸਰ ਨੇ ਟ੍ਰੇਨਰ ਵਜੋਂ ਭੂਮਿਕਾ ਨਿਭਾਈ। ਉਹਨਾਂ ਵੱਲੋਂ ਬੱਚਿਆਂ ਵਿੱਚ ਟੀਬੀ ਦੀ ਜਲਦੀ ਜਾਂਚ ਅਤੇ ਇਲਾਜ ‘ਤੇ ਜ਼ੋਰ ਦਿੱਤਾ ਗਿਆ।


ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਬਾਲ ਟੀਬੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ 0-14 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਗੈਸਟਿਕ ਐਸਪੀਰੇਟ (GA), ਗੈਸਟਿਕ ਲੈਵੇਜ (GL) ਅਤੇ ਪ੍ਰੇਰਿਤ ਥੁੱਕ (IS) ਪ੍ਰਕਿਰਿਆ ਨੂੰ ਕਿਵੇਂ ਕਰਨਾ ਹੈ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਸਿਖਲਾਈ ਵਿੱਚ ਡਾ. ਹਰਨੂਰਜੀਤ ਕੌਰ, ਬਾਲ ਰੋਗ ਵਿਭਾਗ, ਹੁਸ਼ਿਆਰਪੁਰ, ਡਾ: ਸਤੀਸ਼ ਪੁੰਧੀਰ, ਸਟੇਟ ਟੈਕਨੀਕਲ ਮੈਨੇਜਰ, ਵਰਲਡ ਹੈਲਥ ਪਾਰਟਨਰ ਅਤੇ ਡਾ: ਪ੍ਰਦੀਪ ਢੀਂਗਰਾ, ਪ੍ਰਧਾਨ, ਆਈ.ਏ.ਪੀ, ਹੁਸ਼ਿਆਰਪੁਰ ਨੇ ਵੀ ਸ਼ਿਰਕਤ ਕੀਤੀ। ਇਸ ਸਿਖਲਾਈ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਗੁਰਮੀਤ ਸਿੰਘ, ਜਿਲ੍ਹਾ ਪ੍ਰੋਜੈਕਟ ਮੈਨੇਜਰ ਵਰਲਡ ਹੈਲਥ ਪਾਰਟਨਰ ਹੁਸ਼ਿਆਰਪੁਰ ਅਤੇ ਉਹਨਾਂ ਦੀ ਟੀਮ ਹਰਜੀਤ ਸਿੰਘ, ਦੀਪਕ ਪ੍ਰਜਾਪਤੀ ਅਤੇ ਸ੍ਰੀਮਤੀ ਬਲਜੀਤ ਕੌਰ ਨੇ ਸਿਵਲ ਸਰਜਨ ਸਾਹਿਬ, ਜਿਲ੍ਹਾ ਟੀ.ਬੀ ਅਫਸਰ ਡਾ. ਸ਼ਕਤੀ ਸ਼ਰਮਾ, ਬਾਲ ਰੋਗ ਵਿਭਾਗ ਦਾ ਧੰਨਵਾਦ ਕੀਤਾ।