ਜੇਕਰ ਕੁਦਰਤ ਪ੍ਰਭਾਵਿਤ ਹੋਵੇਗੀ, ਤਾਂ ਜਨਜੀਵਨ ਵੀ ਪ੍ਰਭਾਵਿਤ ਹੋਵੇਗਾ: ਡਾ.ਕੁਲਵੰਤ ਰਾਏ

ਸੀ.ਐਚ.ਸੀ ਹਾਰਟਾ ਬਡਲਾ ( ਹਰਪਾਲ ਲਾਡਾ): ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ.ਐਚ.ਸੀ ਹਾਰਟਾ ਬਡਲਾ ਅਧੀਨ ਆਉਂਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿਖੇ ਅੱਜ ਵਿਸ਼ਵ ਪਰਿਆਵਰਨ ਦਿਵਸ਼ ਮਨਾਇਆ ਗਿਆ।
ਇਸ ਮੌਕੇ ਮੈਡੀਕਲ ਅਫਸਰ ਡਾ.ਕੁਲਵੰਤ ਰਾਏ ਨੇ ਕਿਹਾ ਕਿ ਅੱਜ ਸਾਨੂੰ ਪਰਿਆਵਰਨ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜੇਕਰ ਕੁਦਰਤ ਪ੍ਰਭਾਵਿਤ ਹੋਵੇਗੀ ਤਾਂ ਸਾਡਾ ਜਨਜੀਵਨ ਵੀ ਪ੍ਰਭਾਵਿਤ ਹੋਵੇਗਾ। ਉਨਾਂ ਦੱਸਿਆ ਕਿ ਵਿਸ਼ਵ ਪਰਿਆਵਰਨ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸੰਯੁਕਤ ਰਾਸ਼ਟਰ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ ਤਾਂ ਜੋ ਦੁਨੀਆ ਭਰ ਦੇ ਲੋਕਾਂ ਵਿੱਚ ਪਰਿਆਵਰਨ ਦੀ ਸੁਰੱਖਿਆ ਲਈ ਜਾਗਰੂਕਤਾ ਫੈਲਾਈ ਜਾ ਸਕੇ।


ਵਿਸ਼ਵ ਪਰਿਆਵਰਨ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਕੁਦਰਤ ਤੋਂ ਵੱਖ ਨਹੀਂ, ਅਸੀਂ ਉਸਦਾ ਹਿੱਸਾ ਹਾਂ। ਜੇ ਅਸੀਂ ਪਰਿਆਵਰਨ ਨੂੰ ਨੁਕਸਾਨ ਪਹੁੰਚਾਂਦੇ ਹਾਂ, ਤਾਂ ਅਸਲ ਵਿੱਚ ਅਸੀਂ ਆਪਣਾ ਹੀ ਨੁਕਸਾਨ ਕਰ ਰਹੇ ਹਾਂ। ਉਨਾਂ ਕਿਹਾ ਕਿ ਅੱਜ ਦਾ ਸਮਾਂ ਕਈ ਅਜਿਹੇ ਚੁਣੌਤੀਆਂ ਨਾਲ ਭਰਿਆ ਹੋਇਆ ਹੈ ਜਿਵੇਂ ਕਿ ਵਾਯੂ ਤੇ ਜਲ ਪ੍ਰਦੂਸ਼ਣ, ਜੰਗਲਾਂ ਦੀ ਕੱਟਾਈ,ਪਲਾਸਟਿਕ ਦਾ ਵਧਦਾ ਉਪਯੋਗ,ਮੌਸਮੀ ਤਬਦੀਲੀਆਂ,ਜੈਵ-ਵਿਭਿੰਨਤਾ ਦਾ ਨਾਸ ਆਦਿ ਜੋ ਆਉਣ ਵਾਲੇ ਸਮੇਂ ਵਿੱਚ ਜਨਜੀਵਨ ਲਈ ਬੁਹਤ ਖਤਰਨਾਕ ਹੋਵੇਗਾ।

ਉਨਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਧਦੇ ਪ੍ਰਦੂਸ਼ਣ ਕਾਰਨ ਕੁਦਰਤ ਖ਼ਤਰੇ ਵਿੱਚ ਹੈ। ਕੁਦਰਤ ਕਿਸੇ ਵੀ ਜੀਵ ਨੂੰ ਜੀਵਨ ਜਿਊਣ ਲਈ ਹਰ ਲੋੜੀਂਦੀ ਚੀਜ਼ ਪ੍ਰਦਾਨ ਕਰਦੀ ਹੈ। ਇਸ ਲਈ ਵਾਤਾਵਰਣ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਬੀਮਾਰੀਆਂ ਤੋਂ ਬਚਾਅ ਲਈ ਵਾਤਾਵਰਣ ਸਾਫ-ਸੁਥਰਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਆਪਣੀ ਨੈਤਿਕ ਜਿੰਮੇਦਾਰੀ ਸਮਝਦੇ ਹੋਏ ਆਪਣੇ ਆਲੇ ਦੁਆਲੇ ਪੌਦੇ ਜਰੂਰ ਲਗਾਈਏ ਅਤੇ ਉਨਾਂ ਦੀ ਸਾਂਭ ਸੰਭਾਲ ਕਰੀਏ।
ਇਸ ਤੋਂ ਇਲਾਵਾ ਪਰਿਆਵਰਨ ਦੀ ਸ਼ੁੱਧਤਾ ਲਈ ਪਲਾਸਟਿਕ ਦੀ ਵਰਤੋਂ ਘਟਾਓ, ਵੱਧ ਤੋਂ ਵੱਧ ਰੁੱਖ ਲਗਾਓ, ਪਾਣੀ ਤੇ ਬਿਜਲੀ ਬਚਾਓ, ਪੁਨਰਵਰਤਨ ਕਰੋ ਅਤੇ ਨਾਲ ਹੀ ਦੂਜਿਆਂ ਨੂੰ ਵੀ ਜਾਗਰੂਕ ਕਰੋ ।ਵਿਸ਼ਵ ਪਰਿਆਵਰਨ ਦਿਵਸ ਸਿਰਫ ਇੱਕ ਦਿਨ ਨਹੀਂ, ਸਗੋਂ ਇੱਕ ਯਾਦ ਦਿਵਾਉਂਦਾ ਹੈ ਕਿ ਸਾਡਾ ਭਵਿੱਖ ਸਿਰਫ ਤੇ ਸਿਰਫ ਪਰਿਆਵਰਨ ਨਾਲ ਜੁੜਿਆ ਹੋਇਆ ਹੈ। ਅਸੀਂ ਜੋ ਹੁਣ ਕਰਦੇ ਹਾਂ, ਉਹੀ ਭਵਿੱਖ ਨਿਰਧਾਰਤ ਕਰੇਗਾ। ਸੋ ਆਓ,ਪ੍ਰਕਿਰਤੀ ਲਈ ਏਕਜੁਟ ਹੋਈਏ ਅਤੇ ਕੁਦਰਤ ਦੀ ਸੁਰੱਖਿਆ ਵੱਲ ਇੱਕ ਕਦਮ ਵਧਾਈਏ