ਪਿੰਡ ਕਰਿਆਮ ਦਾ ਜਸਵੀਰ ਸਿੰਘ ਬਣਿਆ ਸ਼ੂਗਰਕੇਨ ਹਾਰਵੈਸਟਰ ਖ਼ਰੀਦਣ ਵਾਲਾ ਜ਼ਿਲ੍ਹੇ ਦਾ ਪਹਿਲਾ ਕਿਸਾਨ

ਨਵਾਂਸ਼ਹਿਰ, 28 ਜਨਵਰੀ ( ਹਰਪਾਲ ਲਾਡਾ ) : ਪਿੰਡ ਕਰਿਆਮ ਦਾ ਅਗਾਂਹਵਧੂ ਕਿਸਾਨ ਜਸਵੀਰ ਸਿੰਘ ਜ਼ਿਲ੍ਹੇ ਦੇ ਗੰਨਾ ਕਾਸ਼ਤਕਾਰਾਂ ਲਈ ਰਾਹ ਦਿਸੇਰਾ ਬਣਿਆ ਹੈ। ਇਸ ਕਿਸਾਨ ਵੱਲੋਂ ਸ਼ਕਤੀਮਾਨ ਕੰਪਨੀ ਕੋਲੋਂ ਇਕ ਕਰੋੜ ਰੁਪਏ ਦੀ ਕੀਮਤ ਵਾਲਾ ਵਿਸ਼ੇਸ਼ ਸ਼ੂਗਰਕੇਨ ਹਾਰਵੈਸਟਰ ਖ਼ਰੀਦਿਆ ਗਿਆ ਹੈ, ਜਿਸ ਵਿਚ ਕਿਸਾਨ ਦਾ ਹਿੱਸਾ 60 ਲੱਖ ਰੁਪਏ ਅਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਦੀ ਰਕਮ 40 ਲੱਖ ਰੁਪਏ ਸ਼ਾਮਿਲ ਹੈ। ਖੇਤਾਂ ਵਿਚ ਇਸ ਮਸ਼ੀਨ ਦੀ ਪ੍ਰਦਰਸ਼ਨੀ ਲਈ ਪਿੰਡ ਕਰਿਆਮ ਵਿਖੇ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ।
ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਉਪ ਚੇਅਰਮੈਨ ਲਲਿਤ ਮੋਹਨ ਪਾਠਕ (ਬੱਲੂ) ਅਤੇ ਐਸ.ਡੀ.ਐਮ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ ਵੱਲੋਂ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਕਿਸਾਨ ਨੂੰ ਇਸ ਮਸ਼ੀਨ ਦੀ ਚਾਬੀ ਸੌਂਪੀ ਗਈ। ਇਸ ਮੌਕੇ ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਜਨਰਲ ਮੈਨੇਜਰ ਰੁਪਿੰਦਰ ਸਿੰਘ, ਸੀ.ਸੀ.ਡੀ.ਓ ਮਨਦੀਪ ਸਿੰਘ ਬਰਾੜ, ਸਹਾਇਕ ਗੰਨਾ ਵਿਕਾਸ ਅਫ਼ਸਰ ਡਾ. ਰਾਜਕੁਮਾਰ, ਕੁਲਦੀਪ ਸਿੰਘ ਬਜੀਦਪੁਰ ਤੋਂ ਇਲਾਵਾ ਸ਼ਕਤੀਮਾਨ ਕੰਪਨੀ ਦੇ ਨੁਮਾਇੰਦੇ ਮੌਜੂਦ ਸਨ।


ਕੰਪਨੀ ਦੇ ਨੁਮਾਇੰਦਿਆਂ ਨੇ ਇਸ ਮੌਕੇ ਦੱਸਿਆ ਕਿ ਇਹ ਮਸ਼ੀਨ ਪੰਜਾਬ ਵਿਚ ਲੇਬਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਇਕ ਦਿਨ ਵਿਚ ਪੰਜ ਏਕੜ ਕਮਾਦ ਨੂੰ ਕੱਟਦੀ ਹੈ ਅਤੇ ਲੋਡ ਵੀ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿਥੇ ਲੇਬਰ ਦੀ ਸਮੱਸਿਆ ਹੱਲ ਹੁੰਦੀ ਹੈ, ਉਥੇ ਕਿਸਾਨਾਂ ਦਾ ਗੰਨਾ ਜ਼ਮੀਨ ਦੇ ਬਿਲਕੁਲ ਨੇੜਿਓਂ ਕੱਟੇ ਜਾਣ ਨਾਲ ਇਸ ਦਾ ਵਜ਼ਨ ਵੀ ਵੱਧਦਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਇਸ ਤਰ੍ਹਾਂ ਦੀਆਂ 21 ਮਸ਼ੀਨਾਂ ਚੱਲ ਰਹੀਆਂ ਹਨ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਇਹ ਪਹਿਲੀ ਮਸ਼ੀਨ ਹੈ, ਜੋ ਪਿੰਡ ਕਰਿਆਮ ਦੇ ਇਸ ਕਿਸਾਨ ਵੱਲੋਂ ਖ਼ਰੀਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਹਾਰਵੈਸਟਰ ਦੀ ਸੁਚੱਜੀ ਵਰਤੋਂ ਲਈ ਟਰੈਂਚ ਵਿਧੀ ਨਾਲ ਚਾਰ ਫੁੱਟ ‘ਤੇ ਗੰਨਾ ਲਾਉਣਾ ਜ਼ਰੂਰੀ ਹੈ।

ਲਲਿਤ ਮੋਹਨ ਪਾਠਕ ਨੇ ਇਸ ਮੌਕੇ ਕਿਹਾ ਕਿ ਇਹ ਸ਼ੂਗਰਕੇਨ ਹਾਰਵੈਸਟਰ ਕਿਸਾਨਾਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਦੀ ਖ਼ਰੀਦ ਜਾਂ ਸਬਸਿਡੀ ਸਬੰਧੀ ਸਰਕਾਰੀ ਪੱਧਰ ‘ਤੇ ਕਿਸੇ ਕਿਸਾਨ ਨੂੰ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।
ਐਸ.ਡੀ.ਐਮ ਡਾ. ਅਕਸ਼ਿਤਾ ਗੁਪਤਾ ਨੇ ਇਸ ਮੌਕੇ ਕਿਹਾ ਕਿ ਇਸ ਸ਼ੂਗਰਕੇਨ ਹਾਰਵੈਸਟਰ ਨਾਲ ਜਿਥੇ ਲੇਬਰ ਦੀ ਸਮੱਸਿਆ ਦੂਰ ਹੋਵੇਗੀ, ਉਥੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ।
ਜਨਰਲ ਮੈਨੇਜਰ ਰੁਪਿੰਦਰ ਸਿੰਘ ਨੇ ਕਿਹਾ ਕਿ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਨਾਲ ਜਿਥੇ ਕਿਸਾਨਾਂ ਅਤੇ ਖੰਡ ਮਿੱਲਾਂ ਵਿਚਾਲੇ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ, ਉਥੇ ਮਿੱਲਾਂ ਵਿਚ ਰਿਕਵਰੀ ਵੀ ਵਧੇਗੀ। ਕੁਲਦੀਪ ਸਿੰਘ ਬਜੀਦਪੁਰ ਨੇ ਇਸ ਦੌਰਾਨ ਕਿਹਾ ਕਿ ਇਹ ਹਾਰਵੈਸਟਰ ਖਰੀਦਣ ਲਈ ਜ਼ਿਲ੍ਹੇ ਦੇ ਕਿਸਾਨ ਜਸਵੀਰ ਸਿੰਘ ਨੇ ਹੰਭਲਾ ਮਾਰਿਆ ਹੈ, ਜੋ ਕਿ ਇਕ ਸਲਾਘਯੋਗ ਕਦਮ ਹੈ।
ਸਹਾਇਕ ਗੰਨਾ ਵਿਕਾਸ ਅਫ਼ਸਰ ਡਾ. ਰਾਜਕੁਮਾਰ ਨੇ ਕਿਹਾ ਕਿ ਇਸ ਮਸ਼ੀਨ ਨਾਲ ਜਿਥੇ ਗੰਨੇ ਹੇਠਾਂ ਰਕਬਾ ਵਧੇਗਾ, ਉਥੇ ਪੰਜਾਬ ਸਰਕਾਰ ਦੀ ਫ਼ਸਲੀ ਵਿਭਿੰਨਤਾ ਦੀ ਨੀਤੀ ਨੂੰ ਲਾਗੂ ਕਰਨ ਵਿਚ ਵੀ ਮਦਦ ਮਿਲੇਗੀ ਅਤੇ ਪਰਾਲੀ ਨੂੰ ਸਾੜਨ ਦੀ ਸਮੱਸਿਆ ਦੇ ਹੱਲ ਨੂੰ ਵੀ ਹੁਲਾਰਾ ਮਿਲੇਗਾ।
ਇਸ ਦੌਰਾਨ ਪਿੰਡ ਕਰਿਆਮ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ 100 ਤੋਂ ਵੱਧ ਕਿਸਾਨਾਂ ਨੇ ਸਮਾਗਮ ਵਿਚ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਗੰਨੇ ਦੇ ਖੇਤ ਵਿਚ ਇਸ ਸ਼ੂਗਰਕੇਨ ਹਾਰਵੈਸਟਰ ਨੂੰ ਚਲਾ ਕੇ ਦਿਖਾਇਆ ਗਿਆ।