Amritsar

ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਪੁਲਿਸ ਅਤੇ ਪ੍ਰਸ਼ਾਸਨ ਲਗਾਤਾਰ ਸਰਗਰਮ : ਸੰਧਵਾਂ

ਅੰਮ੍ਰਿਤਸਰ, 19 ਜੁਲਾਈ ( ਹਰਪਾਲ ਲਾਡਾ ): ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਖਿਲਾਫ ਕਾਨੂੰਨ ਬਣਾਉਣ ਲਈ ਚੱਲ ਰਹੀ ਕਾਰਵਾਈ ਦੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਅੱਜ ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ।

ਉਹਨਾਂ ਇਸ ਮੌਕੇ ਦੱਸਿਆ ਕਿ ਉਕਤ ਕਾਨੂੰਨ ਬਣਾਉਣ ਲਈ ਸਾਰੇ ਬੁੱਧੀਜੀਵੀਆਂ, ਵਕੀਲਾਂ, ਕਾਨੂੰਨਦਾਨਾਂ, ਪ੍ਰੋਫੈਸਰਾਂ ਕੋਲੋਂ ਵਿਚਾਰ ਮੰਗੇ ਗਏ ਹਨ ਅਤੇ ਇਸ ਲਈ ਜੋ ਕਮੇਟੀ ਬਣਾਈ ਗਈ ਹੈ ਉਸ ਦੇ ਮੁੱਖੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਜਰ ਨੂੰ ਬਣਾਇਆ ਗਿਆ ਹੈ । ਉਨਾਂ ਇਸ ਲਈ ਸਾਰੇ ਭਾਈਚਾਰਿਆਂ ਕੋਲੋਂ ਸਹਿਯੋਗ ਅਤੇ ਰਾਏ ਮੰਗੀ।

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਆਈ ਧਮਕੀ ਦੇ ਬਾਰੇ ਬੋਲਦੇ ਸ ਸੰਧਵਾਂ ਨੇ ਕਿਹਾ ਕਿ ਇਹ ਉਹ ਮੁਕੱਦਸ ਸਥਾਨ ਹੈ, ਜਿੱਥੇ ਆ ਕੇ ਹਰ ਧਰਮਾਂ ਦੇ ਵਿਅਕਤੀ ਆਪਣੀ ਸੁੱਖ, ਸ਼ਾਂਤੀ ਤੇ ਰੱਖਿਆ ਮੰਗਦੇ ਹਨ ਅਤੇ ਗੁਰੂ ਮਹਾਰਾਜ ਕਿਰਪਾ ਵੀ ਕਰਦੇ ਹਨ। ਉਹਨਾਂ ਕਿਹਾ ਕਿ ਜੋ ਵੀ ਸ਼ਰਾਰਤੀ ਅਨਸਰ ਵੱਲੋਂ ਈਮੇਲ ਆਈਆਂ ਹਨ, ਉੱਤੇ ਕਾਰਵਾਈ ਲਈ ਪੁਲਿਸ ਅਤੇ ਪ੍ਰਸ਼ਾਸਨ ਨਿਰੰਤਰ ਕੰਮ ਕਰ ਰਿਹਾ ਹੈ।

ਪੁਲਿਸ ਪ੍ਰਸ਼ਾਸਨ ਲਗਾਤਾਰ ਸੁਰੱਖਿਆ ਪ੍ਰਬੰਧਾਂ ਦੇ ਨਾਲ ਨਾਲ ਦੋਸ਼ੀ ਵਿਅਕਤੀਆਂ ਦੀ ਭਾਲ ਵਿੱਚ ਸਰਗਰਮ ਹੈ। ਇੱਕ ਦੋਸ਼ੀ ਨੂੰ ਫੜਿਆ ਜਾ ਚੁੱਕਾ ਹੈ ਅਤੇ ਛੇਤੀ ਹੀ ਦੂਸਰੇ ਦੋਸ਼ੀ ਵੀ ਫੜ ਲੈ ਜਾਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਲਗਾਤਾਰ ਸੁਰੱਖਿਆ ਏਜੰਸੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਰੱਖ ਰਹੇ ਹਨ ਅਤੇ ਅਸੀਂ ਪੰਜਾਬ ਸਰਕਾਰ ਵੱਲੋਂ ਇਹ ਭਰੋਸਾ ਦਵਾਉਂਦੇ ਹਾਂ ਤੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ।

ਉਹਨਾਂ ਕਿਹਾ ਕਿ ਪੰਜਾਬ ਪੁਲਿਸ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਮਰਿਆਦਾ ਅਨੁਸਾਰ ਸੁਰੱਖਿਆ ਲਈ ਦਿਨ ਰਾਤ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਇਹ ਭਰੋਸਾ ਦਿੰਦੇ ਹਾਂ ਕਿ ਇੱਥੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ, ਕਿਸੇ ਵੀ ਤਰ੍ਹਾਂ ਭੜਕਾਹਾਟ ਵਿੱਚ ਆਉਣ ਦੀ ਲੋੜ ਨਹੀਂ, ਤੁਸੀਂ ਗੁਰੂ ਘਰ ਉੱਤੇ ਵਿਸ਼ਵਾਸ ਰੱਖੋ, ਸਾਡੀਆਂ ਏਜੰਸੀਆਂ ਲਗਾਤਾਰ ਦੋਸ਼ੀ ਨੂੰ ਫੜਨ ਲਈ ਕੰਮ ਕਰ ਰਹੀਆਂ ਹਨ ਤੇ ਛੇਤੀ ਹੀ ਦੋਸ਼ੀ ਕਾਬੂ ਕਰ ਲੈ ਜਾਣਗੇ।

ਇਸ ਮੌਕੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ, ਵਿਧਾਇਕ ਸ੍ਰੀ ਜਸਬੀਰ ਸਿੰਘ ਸੰਧੂ, ਮੇਅਰ ਸ੍ਰੀ ਜਤਿੰਦਰ ਸਿੰਘ ਮੋਤੀ ਭਾਟੀਆ ਅਤੇ ਹੋਰ ਆਗੂ ਵੀ ਉਨਾਂ ਦੇ ਨਾਲ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page