ਜਸਟਿਸ ਮੀਨਾਕਸ਼ੀ ਆਈ. ਮਹਿਤਾ ਵੱਲੋਂ ਕੇਂਦਰੀ ਜੇਲ੍ਹ ਅਤੇ ਅਬਜ਼ਰਵੇਸ਼ਨ/ਸਪੈਸ਼ਲ ਹੋਮ ਦਾ ਨਿਰੀਖਣ


ਹੁਸ਼ਿਆਰਪੁਰ, 18 ਫ਼ਰਵਰੀ ( ਹਰਪਾਲ ਲਾਡਾ ): ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਸੈਸ਼ਨ ਡਿਵੀਜ਼ਨ ਦੇ ਪ੍ਰਸ਼ਾਸਨਿਕ ਜੱਜ ਜਸਟਿਸ ਮੀਨਾਕਸ਼ੀ ਆਈ. ਮਹਿਤਾ ਨੇ ਅੱਜ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਅਤੇ ਰਾਮ ਕਾਲੋਨੀ ਕੈਂਪ ਸਥਿਤ ਅਬਜ਼ਰਵੇਸ਼ਨ/ਸਪੈਸ਼ਲ ਹੋਮ ਦਾ ਨਿਰੀਖਣ ਕਰਕੇ ਉੱਥੇ ਦੀਆਂ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਿੰਦਰ ਅੱਗਰਵਾਲ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਸਮੇਤ ਨਿਆਂਇਕ, ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਕੇਂਦਰੀ ਜੇਲ੍ਹ ਪਹੁੰਚਣ ‘ਤੇ ਜਸਟਿਸ ਮਹਿਤਾ ਨੂੰ ਪੁਲਿਸ ਟੁਕੜੀ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਜੇਲ੍ਹ ਕੰਪਲੈਕਸ ਦਾ ਬੈਰਕ-ਟੂ-ਬੈਰਕ ਨਿਰੀਖਣ ਕੀਤਾ ਅਤੇ ਸੁਰੱਖਿਆ, ਸਫ਼ਾਈ, ਸਿਹਤ ਸਹੂਲਤਾਂ ਅਤੇ ਕੈਦੀਆਂ ਦੇ ਰਹਿਣ-ਸਹਿਣ ਦੇ ਪ੍ਰਬੰਧਾਂ ਦਾ ਬਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਨੇ ਕੈਦੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ, ਲੋੜਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਨਿਰੀਖਣ ਦੌਰਾਨ ਉਨ੍ਹਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਕੈਦੀਆਂ ਦੇ ਮਨੁੱਖੀ ਅਧਿਕਾਰਾਂ, ਸਿਹਤ ਸੰਭਾਲ, ਸਫ਼ਾਈ ਅਤੇ ਮੁੜਵਸੇਬੇ ਸਬੰਧੀ ਸਹੂਲਤਾਂ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੁਧਾਰਾਤਮਕ ਵਾਤਾਵਰਣ ਯਕੀਨੀ ਬਣਾਉਣਾ ਨਿਆਂ ਪ੍ਰਣਾਲੀ ਦਾ ਅਹਿਮ ਹਿੱਸਾ ਹੈ।

ਇਸ ਤੋਂ ਬਾਅਦ ਜਸਟਿਸ ਮਹਿਤਾ ਨੇ ਰਾਮ ਕਾਲੋਨੀ ਕੈਂਪ ਸਥਿਤ ਅਬਜ਼ਰਵੇਸ਼ਨ/ਸਪੈਸ਼ਲ ਹੋਮ ਦਾ ਦੌਰਾ ਕੀਤਾ, ਜਿੱਥੇ ਬੱਚਿਆਂ ਅਤੇ ਕਿਸ਼ੋਰਾਂ ਦੇ ਮੁੜਵਸੇਬੇ, ਸਿੱਖਿਆ ਅਤੇ ਕੌਂਸਲਿੰਗ ਸਬੰਧੀ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸੰਸਥਾ ਵਿੱਚ ਰਹਿ ਰਹੇ ਬੱਚਿਆਂ ਲਈ ਸੁਰੱਖਿਅਤ, ਸੰਵੇਦਨਸ਼ੀਲ ਅਤੇ ਸਕਾਰਾਤਮਕ ਮਾਹੌਲ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਸਮਾਜ ਦੀ ਮੁੱਖ ਧਾਰਾ ਵਿੱਚ ਦੁਬਾਰਾ ਸ਼ਾਮਲ ਹੋ ਸਕਣ।

ਦੌਰੇ ਦੌਰਾਨ ਅਧਿਕਾਰੀਆਂ ਨੇ ਸੰਸਥਾਵਾਂ ਦੀ ਕਾਰਗੁਜ਼ਾਰੀ ਅਤੇ ਸਹੂਲਤਾਂ ਸਬੰਧੀ ਜਾਣਕਾਰੀ ਪੇਸ਼ ਕੀਤੀ। ਪ੍ਰਬੰਧਕੀ ਜੱਜ ਨੇ ਪ੍ਰਬੰਧਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਲੋੜੀਂਦੇ ਸੁਧਾਰਾਂ ਲਈ ਸੁਝਾਅ ਵੀ ਦਿੱਤੇ।



