ਪੰਚਾਇਤ ਜ਼ਿਮਨੀ ਚੋਣਾਂ ਤੀਜੇ ਦਿਨ 12 ਨਾਮਜ਼ਦਗੀ ਪੱਤਰ ਹੋਏ ਦਾਖਲ


ਸ਼ਹੀਦ ਭਗਤ ਸਿੰਘ ਨਗਰ, 16 ਜੁਲਾਈ ( ਹਰਪਾਲ ਲਾਡਾ ): ਜ਼ਿਲੇ ਵਿਚ ਇੱਕ ਸਰਪੰਚ ਅਤੇ 39 ਪੰਚਾਂ ਦੀਆਂ ਖਾਲੀ ਆਸਾਮੀਆਂ ਲਈ ਅੱਜ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ 12 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਜਿਸ ਨਾਲ ਹੁਣ ਤੱਕ ਜਮਾਂ ਹੋਏ ਨਾਮਜਦਗੀ ਪੱਤਰਾਂ ਦੀ ਗਿਣਤੀ 13 ਹੋ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫਸਰ ਅਵਨੀਤ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਨੂੰ ਬਲਾਕ ਨਵਾਂਸ਼ਹਿਰ ਲਈ 04 ਨਾਮਜਦਗੀ ਪੱਤਰ, ਔੜ ਬਲਾਕ ਲਈ 04, ਬਲਾਕ ਬੰਗਾ ਲਈ 01, ਬਲਾਕ ਬਲਾਚੌਰ ਲਈ 02 ਅਤੇ ਬਲਾਕ ਸੜੋਆ ਲਈ 01 ਨਾਮਜ਼ਦਗੀ ਪੱਤਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤਾਂ ਦੀਆਂ ਖਾਲੀ ਆਸਾਮੀਆਂ ਭਰਨ ਲਈ ਜਾਰੀ ਸਮਾਂ ਸਾਰਨੀ ਅਨੁਸਾਰ ਨਾਮਜ਼ਦਗੀਆਂ 17 ਜੁਲਾਈ ਤੱਕ ਲਈਆਂ ਜਾਣਗੀਆਂ ।

ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਦੀ ਪੜਤਾਲ 18 ਜੁਲਾਈ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਹੈ। ਉਨ੍ਹਾਂ ਦੱਸਿਆ ਕਿ ਵੋਟਾਂ 27 ਜੁਲਾਈ ਨੂੰ ਪੈਣਗੀਆਂ ਅਤੇ ਵੋਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ ‘ਤੇ ਹੀ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ।



