Hoshairpur

ਸਿਹਤ ਵਿਭਾਗ ਵਲੋਂ ਮਦਰ ਮੈਰੀ ਨਰਸਿੰਗ ਕਾਲਜ ਵਿਖੇ ‘ਵਿਸ਼ਵ ਗਲੂਕੋਮਾ ਹਫ਼ਤਾ’ ਤਹਿਤ ਕਰਵਾਇਆ ਗਿਆ ਸੈਮੀਨਾਰ

ਹੁਸ਼ਿਆਰਪੁਰ 13 ਮਾਰਚ 2025 ( ਹਰਪਾਲ ਲਾਡਾ ): ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ”ਗਲੂਕੋਮਾ ਮੁਕਤ ਸੰਸਾਰ ਲਈ ਇੱਕ ਜੁੱਟ ਹੋਈਏ” ਵਿਸ਼ੇ ਤਹਿਤ ਵਿਸ਼ਵ ਗਲੂਕੋਮਾ (ਕਾਲਾ ਮੋਤੀਆ) ਹਫਤਾ 09 ਮਾਰਚ ਤੋਂ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਗਲੋਕੋਮਾ ਹਫਤੇ ਦੌਰਾਨ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।

ਇਨ੍ਹਾਂ ਗਤੀਵਿਧੀਆਂ ਤਹਿਤ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਮਦਰ ਮੈਰੀ ਨਰਸਿੰਗ ਕਾਲਜ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ, ਅੱਖਾਂ ਦੇ ਮਾਹਿਰ ਡਾ ਮਨਦੀਪ ਕੌਰ, ਮਾਸ ਮੀਡੀਆ ਵਿੰਗ ਤੋਂ ਡਿਪਟੀ ਮਾਸ ਮੀਡੀਆ ਅਫ਼ਸਰ ਡਾ. ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਨਰਸਿੰਗ ਸਕੂਲ ਦੇ ਪ੍ਰਿੰਸੀਪਲ ਡਾ ਰਮਨਦੀਪ ਕੌਰ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ। ਸੈਮੀਨਾਰ ਦੌਰਾਨ ਵਿਦਿਆਰਥੀਆਂ ਵੱਲੋਂ ਗਲੂਕੋਮਾ ਬਾਰੇ ਜਾਗਰੂਕਤਾ ਪੋਸਟਰ ਤਿਆਰ ਕੀਤੇ ਗਏ। ਇਹਨਾਂ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਵੱਲੋਂ ਸਲਾਘਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਸੈਮੀਨਾਰ ਦੌਰਾਨ ਕਾਲੇ ਮੋਤੀਏ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ ਕਮਲੇਸ਼ ਕੁਮਾਰੀ ਨੇ ਦੱਸਿਆ ਕਿ ਗਲੂਕੋਮਾ ਭਾਰਤ ਵਿੱਚ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿਚੋਂ ਇੱਕ ਅਹਿਮ ਕਾਰਨ ਹੈ। ਭਾਰਤ ਵਿੱਚ ਕੁੱਲ ਨੇਤਰਹੀਣਾਂ ਵਿਚੋਂ 12 ਫੀਸਦੀ ਲੋਕ ਕਾਲੇ ਮੋਤੀਏ ਕਾਰਣ ਅੰਨੇਪਨ ਦੇ ਸ਼ਿਕਾਰ ਹਨ। ਅਸਾਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ ਵਾਰ ਬਦਲਣਾ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਅਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਆਦਿ ਲੱਛਣ ਗਲੂਕੋਮਾ ਦੇ ਹਨ।

ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਲੱਛਣ ਦੇ ਪ੍ਰਗਟ ਹੋਣ ਤੇ ਉਨਾਂ ਨੂੰ ਆਪਣੀਆਂ ਅੱਖਾਂ ਦਾ ਦਬਾਅ ਜਾਂ ਪ੍ਰੈਸ਼ਰ ਜਰੂਰ ਚੈਕ ਕਰਵਾਉਣਾ ਚਾਹੀਦਾ ਹੈ, ਕਿਉਂਕਿ ਜੇਕਰ ਗਲੂਕੋਮਾ (ਕਾਲੇ ਮੋਤੀਏ) ਬਾਰੇ ਸਮੇਂ ਸਿਰ ਪਤਾ ਚੱਲ ਜਾਵੇ ਤਾਂ ਇਸ ਦਾ ਇਲਾਜ਼ ਹੋ ਸਕਦਾ ਹੈ ਅਤੇ ਅੱਗੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਸ ਕਰਕੇ ਆਪਣੀਆਂ ਅੱਖਾਂ ਦੀ ਨਿਯਮਤ ਜਾਂਚ ਨੇੜੇ ਦੇ ਹਸਪਤਾਲ ਵਿੱਚ ਜਰੂਰ ਕਰਵਾਓ।

ਅੱਖਾਂ ਦੇ ਮਾਹਿਰ ਡਾ. ਮਨਦੀਪ ਕੌਰ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਕਾਲਾ ਮੋਤੀਆ ਜਾਂ ਗਲੂਕੋਮਾ ਵਿੱਚ ਅੱਖਾਂ ਦੇ ਅੰਦਰ ਪਾਏ ਜਾਣ ਵਾਲੇ ਤਰਲ ਐਕਵਿਸ ਹਿਊਮਰ ਦੇ ਵਹਾਅ ਵਿੱਚ ਰੁਕਾਵਟ ਆਉਣ ਲਗਦੀ ਹੈ, ਜਿਸ ਨਾਲ ਅੱਖਾਂ ਦਾ ਦਬਾਅ ਵਧ ਜਾਂਦਾ ਹੈ। ਜਮਾਂਦਰੂ ਕਾਲਾ ਮੋਤੀਆ ਪੁਸ਼ਤੈਨੀ ਵੀ ਹੋ ਸਕਦਾ ਹੈ। ਇਹ ਬੱਚੇ ਦੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਤਿੰਨ ਸਾਲ ਦੀ ਉਮਰ ਤੱਕ ਦੇਖਣ ਨੂੰ ਮਿਲਦਾ ਹੈ। ਇਹ ਬਹੁਤਾ ਕਰ ਕੇ ਦੋਵਾਂ ਅੱਖਾਂ ਵਿੱਚ ਹੁੰਦਾ ਹੈ।

ਕਦੇ-ਕਦੇ ਇੱਕ ਅੱਖ ਵਿੱਚ ਵੀ ਹੁੰਦਾ ਹੈ। ਜੇਕਰ ਕਿਸੇ ਦਾ ਕੋਈ ਰਿਸ਼ਤੇਦਾਰ ਗਲੋਕੋਮਾ ਨਾਲ ਪੀੜਤ ਹੋਵੇ, ਕਿਸੇ ਨੂੰ ਡਾਇਬਟੀਜ਼, ਹਾਈਪਰਟੈਂਸ਼ਨ ਹੋਵੇ ਜਾਂ ਕੋਈ ਅਲਰਜੀ, ਦਮਾ, ਚਮੜੀ ਰੋਗਾਂ ਆਦਿ ਲਈ ਸਟੀਰਾਇਡ ਦੀ ਵਰਤੋਂ ਕਰਦਾ ਹੈ ਤਾਂ ਉਹ ਵਿਅਕਤੀ ਗਲੋਕੋਮਾ ਤੋਂ ਪ੍ਰਭਾਵਿਤ ਹੋ ਸਕਦਾ ਹੈ। ਉਹਨਾਂ ਕਿਹਾ ਕਿ ਬਿਨਾਂ ਡਾਕਟਰ ਦੀ ਸਲਾਹ ਤੋਂ ਅੱਖਾਂ ਵਿੱਚ ਕਿਸੇ ਤਰ੍ਹਾਂ ਦੀ ਦਵਾਈ ਨਾ ਪਾਈ ਜਾਵੇ। ਗਲੂਕੋਮਾ ਪ੍ਰਤੀ ਜਾਗਰੂਕਤਾ ਹੀ ਇਸ ਬਿਮਾਰੀ ਦਾ ਹੱਲ ਹੈ।

ਡਾ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਸ਼ੁਰੂ ਵਿਚ ਇਸ ਸਮੱਸਿਆ ਬਾਰੇ ਕਈ ਵਾਰ ਪਤਾ ਨਹੀਂ ਲਗਦਾ ਇਸ ਲਈ ਸਭ ਨੂੰ ਲੱਛਣਾ ਪ੍ਰਤੀ ਜਾਗਰੂਕ ਹੋਣਾ ਲਾਜ਼ਮੀ ਹੈ ਤਾਂ ਜੋ ਸਮਾਂ ਰਹਿੰਦਿਆ ਇਲਾਜ਼ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ 40 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਸਾਲ ਵਿੱਚ ਇਕ ਵਾਰ ਆਪਣੀਆਂ ਅੱਖਾਂ ਦਾ ਚੈਕਅੱਪ ਜਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਬੀਮਾਰੀ ਨੂੰ ਪਹਿਚਾਣ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ।

ਸੈਮੀਨਾਰ ਦੇ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ ਰਮਨਦੀਪ ਕੌਰ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦਿਆਂ ਗਲੂਕੋਮਾ ਬਾਰੇ ਦਿੱਤੀ ਵੱਡਮੁੱਲੀ ਜਾਣਕਾਰੀ ਵਿਦਿਆਰਥੀਆਂ ਰਾਹੀਂ ਅੱਗੇ ਸਾਂਝੀ ਕਰਨ ਦਾ ਭਰੋਸਾ ਦੁਆਇਆ।

Related Articles

Leave a Reply

Your email address will not be published. Required fields are marked *

Back to top button

You cannot copy content of this page