ਪਿੰਡ ਸਹੋੜਾ ਕੰਡੀ ਵਿਖੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਲਗਾਇਆ ਕੈਂਪ


ਹੁਸ਼ਿਆਰਪੁਰ, 30 ਅਕਤੂਬਰ ( ਹਰਪਾਲ ਲਾਡਾ ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਗੰਗੀਆਂ ਵੱਲੋਂ ਹਾਜੀਪੁਰ ਬਲਾਕ ਦੇ ਪਿੰਡ ਸਹੋੜਾ ਕੰਡੀ ਵਿਖੇ ਝੋਨੇ ਦੀ ਪਰਾਲੀ ਪ੍ਰਬੰਧਨ ਬਾਬਤ ਬਲਾਕ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਦੀ ਸ਼ੁਰੂਆਤ ਵਿੱਚ ਪ੍ਰਮੁੱਖ ਪਸਾਰ ਵਿਗਿਆਨੀ (ਫਸਲ ਵਿਗਿਆਨ), ਫਾਰਮ ਸਲਾਹਕਾਰ ਸੇਵਾ ਕੇਂਦਰ, ਗੰਗੀਆਂ, ਡਾ. ਚਰਨਜੀਤ ਕੌਰ ਨੇ ਆਏ ਹੋਏ ਕਿਸਾਨਾਂ ਦਾ ਸਵਾਗਤ ਅਤੇ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਅਤੇ ਪਰਾਲੀ ਨੂੰ ਸੰਭਾਲਣ ਦੇ ਲਾਭ ਵੀ ਦੱਸੇ। ਉਨ੍ਹਾਂ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਖਾਸਕਰ ਨਵੀਂ ਤਕਨੀਕ ਸਰਫੇਸ ਸੀਡਿੰਗ ਬਾਰੇ ਦੱਸਿਆ, ਜੋ ਕਿ ਸਭ ਤੋਂ ਸਸਤੀ ਤਕਨੀਕ ਹੈ। ਡਾ. ਚਰਨਜੀਤ ਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਬਤ ਜ਼ਰੂਰੀ ਨੁਕਤੇ ਵੀ ਸਾਂਝੇ ਕੀਤੇ ਗਏ।

ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਦੇ ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ. ਪਰਮਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਦੀ ਬਾਇਓ ਗੈਸ ਪਲਾਂਟ, ਊੂਰਜਾ, ਖਾਦ, ਖੁੰਬ ਉਤਪਾਦਨ, ਗੱਤਾ ਉਦਯੋਗ ਅਤੇ ਪਸ਼ੂ ਖੁਰਾਕ ਵਜੋਂ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਪਸ਼ੂਆਂ ਦੀ ਮੌਸਮੀ ਸਾਂਭ-ਸੰਭਾਲ ਬਾਰੇ ਵੀ ਜ਼ਰੂਰੀ ਨੁਕਤੇ ਦੱਸੇ।
ਫਾਰਮ ਸਲਾਹਕਾਰ ਸੇਵਾ ਕੇਂਦਰ, ਗੰਗੀਆਂ ਤੋਂ ਸੀਨੀਅਰ ਪਸਾਰ ਵਿਗਿਆਨੀ (ਕੀਟ ਵਿਗਿਆਨ) ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਸਰਵਪੱਖੀ ਕੀਟ ਪ੍ਰਬੰਧਨ ਅਤੇ ਪਰਾਲੀ ਪ੍ਰਬੰਧਨ ਵਾਲੇ ਕਣਕ ਦੇ ਖੇਤਾਂ ਵਿੱਚ ਗੁਲਾਬੀ ਸੁੰਡੀ ਤੇ ਸੈਣਿਕ ਸੁੰਡੀ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਜਦਕਿ ਜ਼ਿਲ੍ਹਾ ਪਸਾਰ ਵਿਗਿਆਨੀ (ਫ਼ਲ) ਡਾ. ਇੰਦਿਰਾ ਦੇਵੀ ਨੇ ਫਲ਼ਾਂ ਦੀ ਕਾਸ਼ਤ ਤੇ ਸਰਵਪੱਖੀ ਪੌਸ਼ਟਿਕ ਬਗੀਚੀ ਬਾਰੇ ਜਾਣਕਾਰੀ ਦਿੱਤੀ।

ਮੌਜੂਦ ਕਿਸਾਨਾਂ ਨੇ ਆਪਣੇ ਖਦਸ਼ਿਆਂ ਬਾਬਤ ਮਾਹਿਰਾਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਨੂੰ ਖੇਤੀ ਸਾਹਿਤ ਵੀ ਉਪਲਬੱਧ ਕਰਵਾਇਆ ਗਿਆ।




