ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਮੁਕੇਰੀਆਂ-ਤਲਵਾੜਾ ਖੇਤਰ ਵਿੱਚ ਤੜਕਸਾਰ ਕਾਰਵਾਈ


ਹੁਸ਼ਿਆਰਪੁਰ, 7 ਅਕਤੂਬਰ 2025 ( ਹਰਪਾਲ ਲਾਡਾ ): ਤਿਉਹਾਰਾਂ ਦੇ ਮੌਸਮ ਵਿੱਚ ਲੋਕਾਂ ਦੀ ਸਿਹਤ ਨੂੰ ਯਕੀਨੀ ਬਣਾਉਣ ਅਤੇ ਗੁਣਵੱਤਾ ਰਹਿਤ ਖਾਧ ਪਦਾਰਥਾਂ ਦੀ ਵਿਕਰੀ ‘ਤੇ ਨਿਗਰਾਨੀ ਕਰਨ ਲਈ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹੇ ਭਰ ਵਿੱਚ ਤੜਕਸਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਕੜੀ ਤਹਿਤ ਅੱਜ ਗੁਰਦਾਸਪੁਰ ਰੋਡ ਮੁਕੇਰੀਆਂ ਵਿਖੇ ਟੀਮ ਨੇ ਤੜਕਸਾਰ ਨਾਕਾ ਲਗਾ ਕੇ ਫਰੂਟ ਕੇਕ ਲਿਜਾ ਰਹੇ ਵਾਹਨ ਤੋਂ ਕੇਕ ਦੇ ਸੈੰਪਲ ਭਰੇ।
ਇਹ ਕਾਰਵਾਈ ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ੍ਰੀ ਦਿਲਰਾਜ ਸਿੰਘ ਆਈਏਐਸ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸਿਕਾ ਜੈਨ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਦੇ ਹੁਕਮਾਂ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਸ੍ਰੀ ਜਤਿੰਦਰ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਟੀਮ ਦੀ ਅਗਵਾਈ ਫੂਡ ਸੇਫਟੀ ਅਫਸਰ ਸ੍ਰੀ ਮੁਨੀਸ਼ ਸੋਢੀ ਨੇ ਕੀਤੀ।

ਨਾਕੇ ਤੋਂ ਇਲਾਵਾ, ਟੀਮ ਨੇ ਮੁਕੇਰੀਆਂ ਅਤੇ ਤਲਵਾੜਾ ਸ਼ਹਿਰ ਵਿੱਚ ਵੀ ਮਿਠਾਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ। ਇਸ ਦੌਰਾਨ 3 ਸੈੰਪਲ ਬਰਫ਼ੀ ਦੇ, 1 ਸੈੰਪਲ ਰੱਸਗੁੱਲੇ ਦਾ ਅਤੇ 1 ਸੈੰਪਲ ਪਤੀਸੇ ਦਾ ਭਰਿਆ ਗਿਆ। ਜਾਂਚ ਦੌਰਾਨ ਕਈ ਥਾਵਾਂ ‘ਤੇ ਸਫ਼ਾਈ ਦੀ ਗੰਭੀਰ ਘਾਟ ਪਾਈ ਗਈ, ਜਿਸ ਕਾਰਨ ਟੀਮ ਵੱਲੋਂ ਕਰੀਬ 15 ਕਿਲੋ ਮਿਠਾਈ ਨਸ਼ਟ ਕਰਵਾਈ ਗਈ, ਤਾਂ ਜੋ ਲੋਕਾਂ ਦੀ ਸਿਹਤ ਨਾਲ ਕੋਈ ਖਤਰਾ ਨਾ ਬਣੇ। ਇਸਦੇ ਨਾਲ ਹੀ ਮਿਠਾਈ ਵਿਕਰੇਤਾਵਾਂ ਨੂੰ ਪਰਮਿਟਡ ਫੂਡ ਕਲਰ ਹੀ ਇਸਤੇਮਾਲ ਕਰਨ ਦੀ ਹਿਦਾਇਤ ਵੀ ਕੀਤੀ ਗਈ ਹੈ।
ਫੂਡ ਸੇਫਟੀ ਟੀਮ ਨੇ ਕਰਿਆਨਾ ਸਟੋਰਾਂ ਦੀ ਵੀ ਚੈਕਿੰਗ ਕੀਤੀ, ਜਿੱਥੋਂ 2 ਸੈੰਪਲ ਮਸਾਲਿਆਂ ਦੇ ਅਤੇ 1 ਸੈੰਪਲ ਮੈਦੇ ਦਾ ਲਿਆ ਗਿਆ। ਫੂਡ ਸੇਫਟੀ ਅਫਸਰ ਮੁਨੀਸ਼ ਸੋਢੀ ਨੇ ਦੱਸਿਆ ਕਿ ਲਏ ਗਏ ਸਾਰੇ ਸੈੰਪਲਾਂ ਨੂੰ ਅੱਗੇ ਜਾਂਚ ਲਈ ਫੂਡ ਲੈਬ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ‘ਤੇ ਨਤੀਜਿਆਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਖਾਧ ਪਦਾਰਥਾਂ ਦੇ ਵਿਕਰੇਤਾਵਾਂ ਨੂੰ ਐੱਫਐਸਐਸਏਆਈ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਨੂੰ ਲੋਕਾਂ ਨੂੰ ਸਿਰਫ਼ ਸਾਫ਼-ਸੁਥਰਾ ਅਤੇ ਮਿਆਰੀ ਭੋਜਨ ਮੁਹੱਈਆ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਹ ਵੀ ਚੇਤਾਵਨੀ ਦਿੱਤੀ ਗਈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਫੂਡ ਸੇਫਟੀ ਟੀਮ ਨੇ ਜ਼ੋਰ ਦਿੱਤਾ ਕਿ ਤਿਉਹਾਰਾਂ ਦੇ ਮੌਸਮ ਵਿੱਚ ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਖਾਧ ਪਦਾਰਥਾਂ ਦੀ ਗੁਣਵੱਤਾ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਮੁਹਿੰਮ ਲਗਾਤਾਰ ਜਾਰੀ ਰਹੇਗੀ।



