ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਬਣੇ ਕਮਿਸ਼ਨ ਵੱਲੋਂ ਅੰਮ੍ਰਿਤਸਰ ਵਿੱਚ ਭਿਖਾਰੀਆਂ ਵਿਰੁੱਧ ਚੁੱਕੇ ਕਦਮਾਂ ਦੀ ਸਰਾਹਨਾ


ਅੰਮ੍ਰਿਤਸਰ , 28 ਜੁਲਾਈ 2025 ( ਹਰਪਾਲ ਲਾਡਾ ): ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਕੇਂਦਰ ਵੱਲੋਂ ਬਣਾਏ ਗਏ ਕਮਿਸ਼ਨ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਈਟਸ ਦੇ ਮੈਂਬਰ ਸੈਕਟਰੀ ਸ੍ਰੀ ਸੰਜੀਵ ਸ਼ਰਮਾ, ਜੋ ਕਿ ਅੱਜ ਉਕਤ ਵਿਸ਼ੇ ਉੱਤੇ ਅੰਮ੍ਰਿਤਸਰ ਆਏ ਸਨ, ਨੇ ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਅੰਮ੍ਰਿਤਸਰ ਵਿੱਚ ਬੱਚਿਆਂ ਤੋਂ ਭੀਖ ਮੰਗਵਾਉਣ ਦੀ ਪ੍ਰੈਕਟਿਸ ਨੂੰ ਬੰਦ ਕਰਨ ਲਈ ਕੀਤੇ ਗਏ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਨੂੰ ਨੇੜਿਓਂ ਵਾਚ ਰਹੇ ਹਨ ਅਤੇ ਇਸ ਦੀ ਕਾਮਯਾਬੀ ਦੇਸ਼ ਦੇ ਦੂਸਰੇ ਰਾਜਾਂ ਨਾਲ ਵੀ ਨਾਲ ਵੀ ਸ਼ੇਅਰ ਕਰਨਗੇ।
ਉਹਨਾਂ ਕਿਹਾ ਕਿ ਇਹ ਸਮੱਸਿਆ ਦੇਸ਼ ਦੇ ਉਨਾਂ ਸ਼ਹਿਰਾਂ ਵਿੱਚ ਜ਼ਿਆਦਾ ਹੈ, ਜਿੱਥੇ ਸੈਲਾਨੀ ਵੱਧ ਗਿਣਤੀ ਵਿੱਚ ਆਉਂਦੇ ਹਨ। ਉਹਨਾਂ ਇਸ ਵਿਸ਼ੇ ਉੱਤੇ ਜ਼ਿਲਾ ਪ੍ਰਸ਼ਾਸਨ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਦਾ ਵੀ ਭਰੋਸਾ ਦਿੱਤਾ। ਕਮਿਸ਼ਨ ਦੇ ਮੈਂਬਰ ਸ੍ਰੀ ਅਰੋੜਾ ਨੇ ਕਿਹਾ ਕਿ ਅਸੀਂ ਪੋਕਸੋ ਐਕਟ ਨਾਲ ਸੰਬੰਧਿਤ ਕਰਮਚਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਇਸ ਵਿਸ਼ੇ ਉੱਤੇ ਜਾਗਰੂਕ ਅਤੇ ਬੱਚਿਆਂ ਦੀ ਮਾਨਸਿਕਤਾ ਸਮਝਣ ਲਈ ਕਪੈਸਟੀ ਬਿਲਡਿੰਗ ਪ੍ਰੋਗਰਾਮ ਵੀ ਕਰਨ ਜਾ ਰਹੇ ਹਾਂ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਇਹਨਾਂ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ।

ਉਹਨਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਬਾਲ ਮਜ਼ਦੂਰੀ ਰੋਕਣ ਸਬੰਧੀ ਵੀ ਵਿਸ਼ੇਸ਼ ਹਦਾਇਤਾਂ ਦਿੱਤੀਆਂ। ਉਹਨਾਂ ਬੱਚਿਆਂ ਵਿੱਚ ਆ ਰਹੀਆਂ ਮੋਟਾਪੇ ਅਤੇ ਸ਼ੂਗਰ ਦੀਆਂ ਬਿਮਾਰੀਆਂ ਉੱਤੇ ਚਿੰਤਾ ਜ਼ਾਹਿਰ ਕਰਦੇ ਕਿਹਾ ਕਿ ਕਮਿਸ਼ਨ ਇੰਨਾਂ ਬਿਮਾਰੀਆਂ ਨੂੰ ਲੈ ਕੇ ਵੀ ਚਿੰਤਿਤ ਹੈ ਅਤੇ ਅਸੀਂ ਇਸ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਹੈ। ਉਹਨਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੂੰ ਅਪੀਲ ਕੀਤੀ ਕਿ ਉਹ ਮੋਟਾਪੇ ਅਤੇ ਸ਼ੂਗਰ ਨੂੰ ਬੱਚਿਆਂ ਤੋਂ ਦੂਰ ਰੱਖਣ ਲਈ ਸਕੂਲਾਂ ਵਿੱਚ ਇਸ ਵਿਸ਼ੇ ਸਬੰਧੀ ਬੱਚਿਆਂ ਨੂੰ ਗਿਆਨ ਦਿੰਦੇ ਬੋਰਡ ਜਰੂਰ ਲਗਵਾਉਣ, ਤਾਂ ਜੋ ਬੱਚੇ ਅਤੇ ਮਾਪੇ ਇਹਨਾਂ ਨਾਜ਼ੁਕ ਵਿਸ਼ਿਆਂ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਣ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਉਹਨਾਂ ਨੂੰ ਜ਼ਿਲ੍ਹੇ ਵਿੱਚ ਆਉਣ ਉੱਤੇ ਜੀ ਆਇਆ ਕਿਹਾ ਅਤੇ ਜਿਲ੍ਹੇ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਚਾਇਲਡ ਵੈਲਫੇਅਰ ਕਮੇਟੀ ਦੇ ਮੈਂਬਰ ਸ਼੍ਰੀ ਐਮ ਕੇ ਸ਼ਰਮਾ ਨੇ ਦੱਸਿਆ ਕਿ ਅੰਮ੍ਰਿਤਸਰ ਪੰਜਾਬ ਦਾ ਪਹਿਲਾ ਜਿਲ੍ਹਾ ਹੈ, ਜਿਸ ਨੇ ਬੱਚਿਆਂ ਤੋਂ ਭੀਖ ਮੰਗਾਉਣ ਨੂੰ ਰੋਕਣ ਲਈ ਐਫ ਆਈ ਆਰ ਦਰਜ ਕਰਵਾਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰੋਹਿਤ ਗੁਪਤਾ,ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਸੁਮਨਦੀਪ ਕੌਰ, ਡਿਸਟ੍ਰਿਕਟ ਚਾਇਲਡ ਪ੍ਰੋਟੈਕਸ਼ਨ ਅਧਿਕਾਰੀ ਸ੍ਰੀ ਤਰਨਜੀਤ ਸਿੰਘ, ਚਾਇਲਡ ਵੈਲਫੇਅਰ ਕਮੇਟੀ ਦੇ ਮੈਂਬਰ ਸ਼੍ਰੀਮਤੀ ਰੁਪਿੰਦਰ ਪਾਲ ਕੌਰ, ਸ੍ਰੀਮਤੀ ਪਵਨਦੀਪ ਕੌਰ, ਡੀਐਸਪੀ ਹੈਡਕੁਆਰਟਰ ਸ ਬਲਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।




