ਦਫਤਰ ਸਿਵਲ ਸਰਜਨ ਵਿਖੇ ਡਿਜੀਟਲ ਪਲੇਟਫਾਰਮ ਰਾਹੀਂ ਸਿਹਤ ਸੰਦੇਸ਼ਾਂ ਨੂੰ ਆਮ ਜਨ ਤੱਕ ਪੰਹੁਚਾਉਣ ਲਈ ਟ੍ਰੇਨਿੰਗ ਦਾ ਆਯੋਜਨc


ਹੁਸ਼ਿਆਰਪੁਰ 22 ਜੁਲਾਈ 2025 ( ਹਰਪਾਲ ਲਾਡਾ ): ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਮਾਡਰਨ ਰੂਰਲ ਹੈਲਥ ਰਿਸਰਚ ਯੂਨਿਟ ਭੂੰਗਾ ਦੇ ਸਹਿਯੋਗ ਨਾਲ “ਸਿਹਤ ਸੁਨੇਹੇ ਲਈ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ (CERC ਸਿਖਲਾਈ)” ਸਬੰਧੀ ਇੱਕ ਦਿਨਾਂ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰਿਸਰਚ ਯੂਨਿਟ ਭੂੰਗਾ ਤੋਂ ਬਤੌਰ ਰਿਸੋਰਸ ਪਰਸਨ ਅਗਮ ਜੈਨ ਅਤੇ ਡਾ. ਤਾਨਿਆ ਮਿਸ਼ਰਾ ਨੇ ਵੱਖ-ਵੱਖ ਬਲਾਕਾਂ ਤੋਂ ਆਏ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨੂੰ ਟ੍ਰੇਨਿੰਗ ਦਿੱਤੀ ਗਈ।
ਟ੍ਰੇਨਿੰਗ ਵਰਕਸ਼ਾਪ ਦੌਰਾਨ ਜਿਲਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ, ਜਿਲਾ ਐਪੀਡਮੋਲਜਿਸਟ ਡਾ. ਜਗਦੀਪ ਸਿੰਘ, ਡਾ. ਸੈਲੇਸ਼ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਇਸ ਸਿਖਲਾਈ ਦਾ ਮੁੱਖ ਉਦੇਸ਼ ਸੀ ਸਿਹਤ ਅਧਿਕਾਰੀਆਂ ਨੂੰ ਸਮਾਜਿਕ ਮੀਡੀਆ ਅਤੇ ਮੈਸੇਜਿੰਗ ਪਲੇਟਫਾਰਮ ਰਾਹੀਂ ਸਿਹਤ ਸੰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਦੀ ਯੋਗਤਾ ਪ੍ਰਦਾਨ ਕਰਨਾ।

ਮਾਡਰਨ ਰੂਰਲ ਹੈਲਥ ਰਿਸਰਚ ਯੂਨਿਟ ਵੱਲੋਂ ਸ਼੍ਰੀ ਅਗਮ ਜੈਨ ਅਤੇ ਡਾ. ਤਾਨਿਆ ਮਿਸ਼ਰਾ ਵੱਲੋਂ ਫੇਸਬੁੱਕ ਏਜ, ਫੇਸਬੁੱਕ ਗਰੁੱਪ, ਇੰਸਟਾਗ੍ਰਾਮ, ਯੂਟਿਊਬ, ਵਟਸਐਪ ਗਰੁੱਪ ਅਤੇ ਵਟਸਐਪ ਕਮਿਊਨਿਟੀ ਵਰਗੇ ਪਲੇਟਫਾਰਮਾਂ ਰਾਹੀਂ ਲੋਕਾਂ ਤੱਕ ਸਿਹਤ ਸੰਦੇਸ਼ ਖਾਸਕਰ ਵੈਕਟਰ-ਜਨਿਤ ਬੀਮਾਰੀਆਂ ਤੋਂ ਬਚਾਓ ਸੰਬੰਧੀ ਸੰਦੇਸ਼ ਪਹੁੰਚਾਉਣ ਦੀਆਂ ਤਕਨੀਕਾਂ ਸਿਖਾਈਆਂ ਗਈਆਂ।
ਸੈਸ਼ਨ ਦੌਰਾਨ ਇਹ ਵੀ ਦਰਸਾਇਆ ਗਿਆ ਕਿ ਕਿਵੇਂ ਸਮਾਰਟਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਦੋ-ਤਰਫਾ ਸੰਚਾਰ, ਤੇਜ਼ ਰਫਤਾਰ ਸੂਚਨਾਵਾਂ ਦੀ ਵੰਡ, ਮਲਟੀਮੀਡੀਆ ਲਰਨਿੰਗ ਅਤੇ ਜਮੀਨੀ ਪੱਧਰ ਤੇ ਔਨਲਾਈਨ ਮੈਸੇਜਿੰਗ ਦਾ ਮਿਲਾਪ ਕਰਕੇ ਸਿਹਤ ਸੰਦੇਸ਼ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕਦੇ ਹਨ।

ਇਸ ਮੌਕੇ ਡਾ. ਜਗਦੀਪ ਵੱਲੋਂ ਨੈਸ਼ਨਲ ਵੈਕਟਰ ਬੌਰਨ ਡਿਸੀਜ ਕੰਟਰੋਲ ਪ੍ਰੋਗਰਾਮ ਬਾਰੇ ਪੀਪੀਟੀ ਰਾਹੀਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਮੱਛਰ ਜਨਿਤ ਰੋਗਾਂ ਦੀ ਰੋਕਥਾਮ, ਲੱਛਣ ਅਤੇ ਜਾਗਰੂਕਤਾ ਮੁਹਿੰਮਾਂ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਉਹਨਾਂ ਕਿਹਾ ਕਿ ਇਹ ਸਿਖਲਾਈ ਸੈਸ਼ਨ ਪਿੰਡ ਪੱਧਰ ਤੱਕ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।




