ਵਿਧਾਇਕ ਸਵਨਾ ਨੇ ਲੋੜਵੰਦ ਪਰਿਵਾਰਾਂ ਨੂੰ ਘਰ ਬਣਾਉਣ ਲਈ ਗਰਾਂਟ ਤੇ ਪ੍ਰਵਾਨਗੀ ਪੱਤਰ ਵੰਡੇ


ਫਾਜ਼ਿਲਕਾ ( ਹਰਪਾਲ ਲਾਡਾ ): ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਮਾਰਕੀਟ ਕਮੇਟੀ ਵਿਖੇ ਹੋਏ ਇੱਕ ਸਮਾਗਮ ਦੌਰਾਨ ਹਲਕੇ ਦੇ ਲੋੜਵੰਦ ਪਰਿਵਾਰਾਂ ਨੂੰ ਘਰ ਬਣਾਉਣ ਲਈ ਪ੍ਰਵਾਨਗੀ ਪੱਤਰ ਵੰਡੇ । ਇਨਾਂ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਇਕ ਲੱਖ 75 ਹਜਾਰ ਰੁਪਏ ਦੀ ਸਹਾਇਤਾ ਤਿੰਨ ਕਿਸ਼ਤਾਂ ਵਿੱਚ ਮਕਾਨ ਬਣਾਉਣ ਲਈ ਮਿਲੇਗੀ ।
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾਂ ਨੇ ਇਸ ਮੌਕੇ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਦ੍ਰਿੜ ਸੰਕਲਪਿਤ ਹੈ ਅਤੇ ਸਮਾਜ ਦੇ ਹਰੇਕ ਵਰਗ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਪਰਿਵਾਰਾਂ ਦੀ ਚੋਣ ਪੂਰੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਗਈ ਹੈ । ਉਨਾਂ ਨੇ ਆਖਿਆ ਕਿ ਅੱਜ 35 ਪਰਿਵਾਰਾਂ ਨੂੰ ਇਹ ਪ੍ਰਵਾਨਗੀ ਪੱਤਰ ਵੰਡੇ ਗਏ ਹਨ।

ਇਸ ਵਿੱਚ ਪਿੰਡ ਰੂਪ ਨਗਰ , ਬਾਰੇਕਾਂ, ਬਕੈਣ ਵਾਲਾ , ਢਾਣੀ ਹਰਚਰਨ ਸਿੰਘ ਰੰਧਾਵਾ ਅਤੇ ਬੋਦੀ ਵਾਲਾ ਪਿੰਡ ਦੇ ਲਾਭਪਾਤਰੀ ਸ਼ਾਮਿਲ ਹਨ। ਵਿਧਾਇਕ ਨੇ ਕਿਹਾ ਕਿ ਸਰਕਾਰ ਸਮਾਜ ਦੇ ਹਰ ਵਰਗ ਦਾ ਖਿਆਲ ਕਰ ਰਹੀ ਹੈ ਅਤੇ ਹਰੇਕ ਵਿਅਕਤੀ ਦੀਆਂ ਜ਼ਰੂਰਤਾਂ ਅਨੁਸਾਰ ਯੋਜਨਾਵਾਂ ਬਣਾ ਕੇ ਲਾਗੂ ਕਰ ਰਹੀ ਹੈ।
ਇਸ ਮੌਕੇ ਜਿਨਾਂ ਲੋਕਾਂ ਨੂੰ ਇਹ ਪ੍ਰਵਾਨਗੀ ਪੱਤਰ ਮਿਲੇ ਉਹਨਾਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਸਰਕਾਰ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦਾ ਪੱਕੇ ਮਕਾਨ ਦਾ ਸੁਪਨਾ ਹੁਣ ਸਾਕਾਰ ਹੋਵੇਗਾ।




