ਹਿੰਦੁਜਾ ਗਰੁੱਪ ਦੇ ਸੀਨੀਅਰ ਸਲਾਹਕਾਰ ਡਾ. ਐਸ. ਕੇ. ਚੱਢ੍ਹਾ ਵੱਲੋਂ ਸਵਾਮੀ ਸਰਵਾਨੰਦ ਗਿਰੀ ਪੀਯੂ ਰੀਜਨਲ ਸੈਂਟਰ ਦਾ ਦੌਰਾ


ਹੁਸ਼ਿਆਰਪੁਰ, 5 ਜੁਲਾਈ: ( ਹਰਪਾਲ ਲਾਡਾ ): ਪੰਜਾਬ ਯੂਨੀਵਰਸਿਟੀ ਦੇ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ, ਹੁਸ਼ਿਆਰਪੁਰ ਵਿੱਚ ਅੱਜ ਹਿੰਦੁਜਾ ਗਰੁੱਪ (ਮੁੰਬਈ) ਦੇ ਸੀਨੀਅਰ ਸਲਾਹਕਾਰ ਡਾ. ਐਸ. ਕੇ. ਚੱਢ੍ਹਾ ਨੇ ਦੌਰਾ ਕੀਤਾ। ਹੁਸ਼ਿਆਰਪੁਰ ਦੇ ਮੂਲ ਨਿਵਾਸੀ ਡਾ. ਚੱਢ੍ਹਾ ਦਾ ਇਹ ਦੌਰਾ ਪ੍ਰੇਰਣਾਦਾਇਕ ਅਤੇ ਜਾਣਕਾਰੀਯੋਗ ਰਿਹਾ।
ਡਾ. ਚੱਢ੍ਹਾ ਨੇ ਯੂਨੀਵਰਸਿਟੀ ਦੇ ਦੋ ਮਹੱਤਵਪੂਰਨ ਵਿਭਾਗਾਂ, ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟਡੀਜ਼ ਦੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਿੱਖਿਆ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਵ ਲਿਆਉਣ ਦੀ ਲੋੜ ਉਤੇ ਜ਼ੋਰ ਦਿੰਦੇ ਹੋਏ ਕਾਨੂੰਨੀ ਸਾਖਰਤਾ, ਨਾਗਰਿਕ ਫ਼ਰਜ਼ਾਂ ਅਤੇ ਸਮਾਜਿਕ ਭਾਗੀਦਾਰੀ ਵਰਗੇ ਵਿਸ਼ਿਆਂ ‘ਤੇ ਗੰਭੀਰ ਵਿਚਾਰ-ਚਰਚਾ ਕੀਤੀ।

ਇਸ ਮੌਕੇ ‘ਤੇ ਯੂ.ਆਈ.ਐਲ. ਐਸ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਵੀਰਿੰਦਰ ਨੇਗੀ, ਪ੍ਰੋ. ਮਨੂ ਡੋਗਰਾ, ਡਾ. ਵਿਨੇਅ ਅਰੋੜਾ, ਡਾ. ਐਸ. ਐਸ. ਬੰਬਰ (ਯੂ.ਆਈ.ਈ. ਟੀ), ਪ੍ਰੋ. ਮੋਨਿਕਾ ਨੇਗੀ, ਡਾ. ਵਿਨੇਅ ਸ਼ਰਮਾ, ਡਾ. ਸੁਖਬੀਰ ਕੌਰ, ਡਾ. ਰਿਤੁ ਸਲਾਰੀਆ (ਯੂ.ਆਈ.ਐਲ. ਐਸ) ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਡਾ. ਚੱਢ੍ਹਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਦਾ ਹੁਸ਼ਿਆਰਪੁਰ ਨਾਲ ਡੂੰਘਾ ਜੁੜਾਅ ਹੈ ਅਤੇ ਉਹ ਇੱਥੇ ਦੀ ਸਿੱਖਿਆਤਮਕ ਅਤੇ ਸਮਾਜਿਕ ਤਰੱਕੀ ਲਈ ਹਮੇਸ਼ਾ ਯੋਗਦਾਨ ਦੇਣ ਲਈ ਤਤਪਰ ਹਨ।

ਇਸ ਮੌਕੇ ‘ਤੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੀ ਵੱਡੀ ਗਿਣਤੀ ਮੌਜੂਦ ਰਹੀ। ਪ੍ਰੋਫੈਸਰ ਨੇਗੀ ਨੇ ਕਿਹਾ ਕਿ ਇਸ ਉਦਮ ਨੇ ਸਿੱਖਿਆ ਅਤੇ ਉਦਯੋਗ ਖੇਤਰ ਦੇ ਵਿਚਕਾਰ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ ਅਤੇ ਭਵਿੱਖ ਵਿੱਚ ਅਜਿਹੇ ਸੰਵਾਦਾਂ ਦੀ ਲੋੜ ਨੂੰ ਉਜਾਗਰ ਕੀਤਾ।




