76ਵਾਂ ਗਣਤੰਤਰ ਦਿਵਸ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ

ਹੁਸ਼ਿਆਰਪੁਰ, 26 ਜਨਵਰੀ ( ਹਰਪਾਲ ਲਾਡਾ ): 76ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮਾਜਿਕ, ਅਕਾਦਮਿਕ, ਸਭਿਆਚਾਰਕ, ਖੇਤੀਬਾੜੀ, ਉਦਯੋਗਿਕ ਅਤੇ ਹੋਰਨਾਂ ਖੇਤਰਾਂ ਵਿਚ ਵਿਲੱਖਣ ਸੇਵਾਵਾਂ ਬਦਲੇ 200 ਦੇ ਕਰੀਬ ਵੱਖ-ਵੱਖ ਸ਼ਖ਼ਸੀਅਤਾਂ ਦਾ ਅੱਜ ਇਥੇ ਪੁਲਿਸ ਲਾਈਨ ਗਰਾਊਂਡ ਵਿਖੇ ਸਨਮਾਨ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਪੂਰੀ ਤਨਦੇਹੀ, ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਸੇਵਾਵਾਂ ਦਿੱਤੀਆਂ ਜਾਣ ਤਾਂ ਜੋ ਹਰ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਯਕੀਨੀ ਬਣਾਈ ਜਾ ਸਕੇ।
ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੰਗਜ਼ ਪ੍ਰੋਜੇਕਟ ਤਹਿਤ 10 ਨੌਜਵਾਨਾਂ ਨੂੰ ਉੱਘੇ ਕਾਰੋਬਾਰੀ ਪਰਮਜੀਤ ਸਿੰਘ ਸਚਦੇਵਾ ਵਲੋਂ 3100-3100 ਰੁਪਏ ਦੀ ਹੌਂਸਲਾ ਅਫ਼ਜਾਈ ਰਾਸ਼ੀ ਭੇਟ ਕੀਤੀ। ਇਸੇ ਤਰ੍ਹਾਂ ਉਨ੍ਹਾਂ ਨੇ ਪਰੇਡ ਕਮਾਂਡਰ ਆਈ.ਪੀ.ਐਸ. ਅਧਿਕਾਰੀ ਗਜ਼ਲਪ੍ਰੀਤ ਕੌਰ ਦਾ ਵੀ ਸਨਮਾਨ ਕੀਤਾ। ਕੈਬਨਿਟ ਮੰਤਰੀ ਵਲੋਂ ਆਸ਼ਾ ਕਿਰਨ ਸਪੈਸ਼ਲ ਸਕੂਲ, ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਬਣੀ ਸੁਸਾਇਟੀ, ਐਮਬੀਸ਼ਨ ਚੈਰਿਟੀ ਵੈਲਫੇਅਰ ਸੁਸਾਇਟੀ, ਐਨ.ਆਰ.ਆਈ ਸਭਾ ਦੇ ਨੁਮਾਇੰਦਿਆਂ ਤੋਂ ਇਲਾਵਾ ਸਿਵਲ ਸਰਜਨ ਦਫ਼ਤਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਅਤੇ ਸੀਨੀਅਰ ਸੈਕੰਡਰੀ) ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਬਿਹਤਰੀਨ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।


ਸਿੱਖਿਆ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ 8ਵੀਂ ਜਮਾਤ ਵਿਚ ਮੈਰਿਟ ਵਿਚ ਆਉਣ ਵਾਲੀਆਂ ਵਿਦਿਆਰਥਣਾਂ ਸਹਿਜ ਕੌਰ, ਸਿਮਰਨ ਤੇ ਦੇਵਿਕਾ ਜੱਸੀ ਤੋਂ ਇਲਾਵਾ 10ਵੀਂ ਜਮਾਤ ਦੀ ਮੈਰਿਟ ਵਾਲੀਆਂ ਵਿਦਿਆਰਥਣਾਂ ਰਾਸ਼ੀ ਚੌਧਰੀ, ਪ੍ਰਤਿਕਸ਼ਾ ਕੁਮਾਰੀ ਅਤੇ ਰੁਪਿੰਦਰ ਕੌਰ ਅਤੇ 12ਵੀਂ ਜਮਾਤ ਦੀ ਮੈਰਿਟ ਵਿਚ ਆਉਣ ਵਾਲੇ ਰੋਹਿਤ ਬੇਵਰ ਨੂੰ ਵੀ ਸਨਮਾਨਿਤ ਕੀਤਾ। ਇਸੇ ਤਰ੍ਹਾਂ ਮੁੱਖ ਖੇਤੀਬਾੜੀ ਦਫ਼ਤਰ, ਜ਼ਿਲ੍ਹਾ ਅਟਾਰਨੀ ਦਫ਼ਤਰ, ਜ਼ਿਲ੍ਹਾ ਖੇਡ ਦਫ਼ਤਰ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਖੇਤਰੀ ਟਰਾਂਸਪੋਰਟ ਅਥਾਰਟੀ, ਜ਼ਿਲ੍ਹਾ ਮਾਲ ਦਫ਼ਤਰ, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਐਸ.ਡੀ.ਐਮ ਦਫ਼ਤਰ, ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ, ਕਾਰਜਕਾਰੀ ਇੰਜੀਨੀਅਰ ਦਫ਼ਤਰ, ਜ਼ਿਲ੍ਹਾ ਆਯੁਰਵੈਦਿਕ ਤੇ ਯੁਨਾਨੀ ਦਫ਼ਤਰ, ਡਿਪਟੀ ਡਾਇਰੈਕਟਰ ਬਾਗਬਾਨੀ, ਜ਼ਿਲ੍ਹਾ ਉਦਯੋਗ ਕੇਂਦਰ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵਲੋਂ ਸ਼ਿਵਾਨੀ, ਅੰਜਲੀ ਸ਼ੀਮਾਰ, ਸੁਰਭੀ ਅਤੇ ਹਰੇਲ ਵਸ਼ਿਸ਼ਟ ਨੂੰ ਵੀ ਸਨਮਾਨਿਤ ਕੀਤਾ ਗਿਆ।

ਬਾਗਬਾਨੀ ਦੇ ਖੇਤਰ ਵਿਚ ਸ਼ਲਾਘਾਯੋਗ ਸੇਵਾਵਾਂ ਬਦਲੇ ਕੈਬਨਿਟ ਮੰਤਰੀ ਵਲੋਂ ਕੰਢੀ ਏਰੀਆ ਐਫ.ਪੀ.ਓ. ਦੇ ਸੀ.ਈ.ਓ. ਡਾ. ਅਰਵਿੰਦ ਸਿੰਘ ਧੂਤ, ਸਿਟਰਸ ਅਸਟੇਟ ਦੇ ਕਰਮਚਾਰੀ ਹਰਕੰਵਲ ਸਿੰਘ ਤੋਂ ਇਲਾਵਾ ਸਟੇਟ ਐਵਾਰਡੀ ਅਤੇ ਲੋਕਲ ਲੈਵਲ ਕਮੇਟੀ ਦੇ ਮੈਂਬਰਾਂ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ, ਜ਼ਿਲ੍ਹਾ ਕਮਾਂਡਰ ਪੰਜਾਬ ਹੋਮਗਾਰਡਜ਼, ਡੀ.ਐਸ.ਪੀ. ਇੰਟੈਲੀਜੈਂਸ ਦਫ਼ਤਰ, ਪੀ.ਆਰ.ਟੀ.ਸੀ ਜਹਾਨਖੇਲਾਂ, ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਅਤੇ ਐਸ.ਐਸ.ਪੀ. ਦਫ਼ਤਰ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ।